< ਹਿਜ਼ਕੀਏਲ 39 >

1 ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਹੇ ਗੋਗ, ਰੋਸ਼ ਅਤੇ ਮੇਸ਼ੇਕ ਅਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ! 2 ਮੈਂ ਤੈਨੂੰ ਉਲਟਾ ਦੇਵਾਂਗਾ ਅਤੇ ਤੈਨੂੰ ਇੱਧਰ ਉੱਧਰ ਲਈ ਫਿਰਾਂਗਾ। ਉਤਰ ਵੱਲੋਂ ਦੂਰੋਂ ਚੜ੍ਹਾ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਹਾੜਾਂ ਉੱਤੇ ਲਿਆਵਾਂਗਾ। 3 ਤੇਰੀ ਧਣੁੱਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ ਅਤੇ ਤੇਰੇ ਤੀਰ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ। 4 ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ ਅਤੇ ਮੈਂ ਤੈਨੂੰ ਹਰ ਪ੍ਰਕਾਰ ਦੇ ਸ਼ਿਕਾਰੀ ਪੰਛੀਆਂ ਅਤੇ ਰੜ ਦੇ ਦਰਿੰਦਿਆਂ ਲਈ ਖਾਣ ਨੂੰ ਦਿਆਂਗਾ। 5 ਤੂੰ ਖੁਲ੍ਹੇ ਖੇਤ ਵਿੱਚ ਡਿੱਗੇਗਾ, ਕਿਉਂ ਜੋ ਮੈਂ ਹੀ ਬੋਲਿਆ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ। 6 ਮੈਂ ਮਾਗੋਗ ਤੇ ਸਾਗਰੀ ਟਾਪੂਆਂ ਦੇ ਵਾਸੀਆਂ ਤੇ ਜਿਹੜੇ ਨਿਸ਼ਚਿੰਤ ਵੱਸਦੇ ਹਨ, ਅੱਗ ਭੇਜਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ! 7 ਮੈਂ ਆਪਣੇ ਪਵਿੱਤਰ ਨਾਮ ਨੂੰ ਆਪਣੀ ਪਰਜਾ ਇਸਰਾਏਲ ਤੇ ਪਰਗਟ ਕਰਾਂਗਾ ਅਤੇ ਫੇਰ ਆਪਣੇ ਪਵਿੱਤਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ। ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਹਾਂ। 8 ਵੇਖ, ਉਹ ਆਉਂਦਾ ਹੈ ਅਤੇ ਹੋ ਕੇ ਰਹੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ। 9 ਤਦ ਇਸਰਾਏਲ ਦੇ ਸ਼ਹਿਰਾਂ ਦੇ ਵਾਸੀ ਨਿੱਕਲਣਗੇ ਅਤੇ ਅੱਗ ਲਾ ਕੇ ਸ਼ਸਤਰਾਂ ਨੂੰ ਜਲਾਉਣਗੇ ਅਰਥਾਤ ਢਾਲਾਂ ਅਤੇ ਬਰਛੀਆਂ ਨੂੰ, ਧਣੁੱਖਾਂ ਅਤੇ ਤੀਰਾਂ ਨੂੰ ਅਤੇ ਕਟਾਰਾਂ ਨੂੰ ਅਤੇ ਨੇਜ਼ਿਆਂ ਨੂੰ ਅਤੇ ਉਹ ਸੱਤ ਸਾਲ ਤੱਕ ਉਹਨਾਂ ਨੂੰ ਜਲਾਉਂਦੇ ਰਹਿਣਗੇ। 10 ੧੦ ਇੱਥੋਂ ਤੱਕ ਕਿ ਉਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ, ਨਾ ਜੰਗਲਾਂ ਵਿੱਚੋਂ ਵੱਢਣਗੇ, ਕਿਉਂ ਜੋ ਉਹ ਸ਼ਸਤਰ ਹੀ ਫੂਕਣਗੇ ਅਤੇ ਉਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਲੈਣ ਵਾਲਿਆਂ ਕੋਲੋਂ ਲੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ। 11 ੧੧ ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਉੱਥੇ ਇਸਰਾਏਲ ਵਿੱਚ ਗੋਗ ਨੂੰ ਇੱਕ ਕਬਰਿਸਤਾਨ ਦਿਆਂਗਾ ਅਰਥਾਤ ਰਾਹ ਲੰਘਦਿਆਂ ਦੀ ਵਾਦੀ ਜਿਹੜੀ ਸਾਗਰ ਦੇ ਪੂਰਬ ਵਿੱਚ ਹੈ। ਉਸ ਤੋਂ ਰਾਹ ਲੰਘਣ ਵਾਲਿਆਂ ਦਾ ਰਾਹ ਬੰਦ ਹੋਵੇਗਾ ਅਤੇ ਉੱਥੇ ਗੋਗ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਦੱਬਣਗੇ ਅਤੇ “ਗੋਗ ਦੀ ਭੀੜ ਦੀ ਵਾਦੀ” ਉਹ ਦਾ ਨਾਮ ਰੱਖਣਗੇ। 12 ੧੨ ਸੱਤ ਮਹੀਨੇ ਤੱਕ ਇਸਰਾਏਲ ਦਾ ਘਰਾਣਾ ਉਹਨਾਂ ਨੂੰ ਦਬਾਉਂਦਾ ਰਹੇਗਾ, ਤਾਂ ਜੋ ਦੇਸ ਨੂੰ ਪਾਕ ਕਰੇ। 13 ੧੩ ਹਾਂ, ਦੇਸ ਦੇ ਸਾਰੇ ਲੋਕ ਉਹਨਾਂ ਨੂੰ ਦਬਾਉਣਗੇ, ਇਹ ਉਹਨਾਂ ਲਈ ਯਾਦਗਾਰੀ ਦਾ ਦਿਨ ਹੋਵੇਗਾ, ਜਿਸ ਦਿਨ ਮੇਰੀ ਉਸਤਤ ਹੋਵੇਗੀ, ਪ੍ਰਭੂ ਯਹੋਵਾਹ ਦਾ ਵਾਕ ਹੈ। 14 ੧੪ ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ। ਉਹ ਸੱਤਾਂ ਮਹੀਨਿਆਂ ਦੇ ਆਖਿਰ ਵਿੱਚ ਲੱਭਣਗੇ। 15 ੧੫ ਜਦੋਂ ਉਹ ਦੇਸ ਵਿੱਚੋਂ ਲੰਘਣ ਅਤੇ ਉਹਨਾਂ ਵਿੱਚੋਂ ਕੋਈ ਕਿਸੇ ਮਨੁੱਖ ਦੀ ਹੱਡੀ ਵੇਖੇ, ਤਾਂ ਉਹ ਦੇ ਕੋਲ ਇੱਕ ਨਿਸ਼ਾਨ ਬਣਾ ਦੇਵੇਗਾ, ਜਦੋਂ ਤੱਕ ਦਬਾਉਣ ਵਾਲੇ ਗੋਗ ਦੀ ਭੀੜ ਦੀ ਵਾਦੀ ਵਿੱਚ ਉਹ ਨੂੰ ਨਾ ਦਬਾਉਣ। 16 ੧੬ ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਪਾਕ ਕਰਨਗੇ। 17 ੧੭ ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹਰੇਕ ਪ੍ਰਕਾਰ ਦੇ ਪੰਛੀ, ਅਤੇ ਰੜ ਦੇ ਹਰੇਕ ਦਰਿੰਦੇ ਨੂੰ ਆਖ, ਇਕੱਠੇ ਹੋ ਕੇ ਆਓ, ਆਲੇ ਦੁਆਲਿਓਂ ਮੇਰੀ ਬਲੀ ਕੋਲ ਇਕੱਠੇ ਹੋ ਜਾਓ ਜਿੱਥੇ ਮੈਂ ਤੁਹਾਡੇ ਲਈ ਬਲੀ ਦਿੰਦਾ ਹਾਂ। ਹਾਂ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਵੱਡੀ ਬਲੀ ਕੋਲ, ਤਾਂ ਜੋ ਤੁਸੀਂ ਮਾਸ ਖਾਓ ਅਤੇ ਲਹੂ ਪੀਓ। 18 ੧੮ ਤੁਸੀਂ ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਰਾਜਕੁਮਾਰਾਂ ਦਾ ਲਹੂ ਪੀਓਗੇ, ਹਾਂ, ਦੁੰਬਿਆਂ, ਲੇਲਿਆਂ, ਬੱਕਰਿਆਂ ਅਤੇ ਬਲ਼ਦਾਂ ਦਾ, ਉਹ ਸਾਰੇ ਦੇ ਸਾਰੇ ਬਾਸ਼ਾਨ ਦੇ ਮੋਟੇ ਤੇ ਪਲੇ ਹੋਏ ਹਨ। 19 ੧੯ ਤੁਸੀਂ ਮੇਰੀ ਬਲੀ ਤੋਂ ਜੋ ਮੈਂ ਤੁਹਾਡੇ ਲਈ ਕੱਟੀ ਐਨੀ ਚਰਬੀ ਖਾਓਗੇ ਕਿ ਰੱਜ ਜਾਓਗੇ ਅਤੇ ਐਨਾ ਲਹੂ ਪੀਓਗੇ ਕਿ ਮਸਤ ਹੋ ਜਾਓਗੇ। 20 ੨੦ ਤੁਸੀਂ ਮੇਰੇ ਲੰਗਾਰ ਵਿੱਚੋਂ ਘੋੜਿਆਂ ਅਤੇ ਸਵਾਰਾਂ ਨਾਲ ਅਤੇ ਸੂਰਮਿਆਂ ਅਤੇ ਯੋਧਿਆਂ ਨਾਲ ਰੱਜੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ। 21 ੨੧ ਮੈਂ ਕੌਮਾਂ ਵਿਚਕਾਰ ਆਪਣੀ ਮਹਿਮਾ ਕਾਇਮ ਕਰਾਂਗਾ ਅਤੇ ਸਾਰੀਆਂ ਕੌਮਾਂ ਮੇਰੇ ਨਿਆਂ ਨੂੰ ਅਤੇ ਮੇਰੇ ਹੱਥ ਨੂੰ ਜਿਹੜਾ ਮੈਂ ਉਹਨਾਂ ਨੂੰ ਪਾਇਆ, ਵੇਖਣਗੀਆਂ। 22 ੨੨ ਇਸਰਾਏਲ ਦਾ ਘਰਾਣਾ ਜਾਣੇਗਾ ਕਿ ਉਸ ਦਿਨ ਤੋਂ ਲੈ ਕੇ ਅੱਗੇ ਨੂੰ ਮੈਂ ਹੀ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ! 23 ੨੩ ਕੌਮਾਂ ਜਾਣਨਗੀਆਂ ਕਿ ਇਸਰਾਏਲ ਦਾ ਘਰਾਣਾ ਆਪਣੇ ਪਾਪਾਂ ਦੇ ਕਾਰਨ ਗੁਲਾਮੀ ਵਿੱਚ ਪਿਆ, ਕਿਉਂ ਜੋ ਉਹ ਮੇਰੇ ਤੋਂ ਆਕੀ ਹੋਇਆ, ਇਸ ਲਈ ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵਿਰੋਧਤਾ ਦੇ ਹੱਥ ਵਿੱਚ ਦੇ ਦਿੱਤਾ। ਤਾਂ ਉਹ ਸਾਰੇ ਦੇ ਸਾਰੇ ਤਲਵਾਰ ਨਾਲ ਡਿੱਗ ਪਏ। 24 ੨੪ ਉਹਨਾਂ ਦੀ ਅਸ਼ੁੱਧਤਾਈ ਅਤੇ ਅਪਰਾਧਾਂ ਦੇ ਅਨੁਸਾਰ ਮੈਂ ਉਹਨਾਂ ਨਾਲ ਵਰਤਾਰਾ ਕੀਤਾ। ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾਇਆ। 25 ੨੫ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੁਣ ਮੈਂ ਯਾਕੂਬ ਨੂੰ ਗੁਲਾਮੀ ਤੋਂ ਫੇਰ ਲਿਆਵਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ। 26 ੨੬ ਉਹ ਆਪਣੀ ਨਮੋਸ਼ੀ ਅਤੇ ਸਾਰੇ ਛਲ ਜਿਹਨਾਂ ਕਰਕੇ ਉਹ ਮੇਰੇ ਅਪਰਾਧੀ ਹੋਏ, ਚੁੱਕਣਗੇ, ਜਦੋਂ ਉਹ ਆਪਣੀ ਭੂਮੀ ਉੱਤੇ ਨਿਸ਼ਚਿੰਤ ਵੱਸਣਗੇ, ਤਾਂ ਕੋਈ ਉਹਨਾਂ ਨੂੰ ਨਾ ਡਰਾਵੇਗਾ। 27 ੨੭ ਜਦੋਂ ਮੈਂ ਉਹਨਾਂ ਨੂੰ ਉੱਮਤਾਂ ਵਿੱਚੋਂ ਮੋੜ ਲਿਆਇਆ, ਉਹਨਾਂ ਨੂੰ ਵੈਰੀਆਂ ਦੇ ਦੇਸਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ। 28 ੨੮ ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ! ਇਸ ਲਈ ਕਿ ਮੈਂ ਉਹਨਾਂ ਨੂੰ ਕੌਮਾਂ ਦੇ ਵਿਚਕਾਰ ਗੁਲਾਮੀ ਵਿੱਚ ਭੇਜਿਆ ਅਤੇ ਮੈਂ ਹੀ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਇਕੱਠਾ ਕੀਤਾ। ਉਹਨਾਂ ਵਿੱਚੋਂ ਇੱਕ ਵੀ ਉੱਥੇ ਨਾ ਛੱਡਾਂਗਾ। 29 ੨੯ ਮੈਂ ਫੇਰ ਕਦੀ ਉਹਨਾਂ ਤੋਂ ਆਪਣਾ ਮੂੰਹ ਨਾ ਲੁਕਾਵਾਂਗਾ ਜਦ ਮੈਂ ਆਪਣਾ ਆਤਮਾ ਇਸਰਾਏਲ ਦੇ ਘਰਾਣੇ ਉੱਤੇ ਵਹਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।

< ਹਿਜ਼ਕੀਏਲ 39 >