ਹੋਸ਼ੇਆ 13

1 ਜਦ ਇਫ਼ਰਾਈਮ ਬੋਲਦਾ ਸੀ, ਤਾਂ ਕਾਂਬਾ ਆ ਪੈਂਦਾ ਸੀ, ਉਹ ਇਸਰਾਏਲ ਵਿੱਚ ਉੱਚਾ ਕੀਤਾ ਗਿਆ, ਪਰ ਉਸ ਨੇ ਬਆਲ ਦੀ ਉਪਾਸਨਾ ਦੇ ਕਾਰਨ ਦੋਸ਼ ਕਮਾਇਆ ਅਤੇ ਮਰ ਗਿਆ। 2 ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ, ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ, ਆਪਣੀ ਸਮਝ ਦੇ ਅਨੁਸਾਰ ਬੁੱਤ, ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ, ਉਹ ਉਨ੍ਹਾਂ ਦੇ ਬਾਰੇ ਆਖਦੇ ਹਨ, ਆਦਮੀ ਦੇ ਕੱਟਣ ਵਾਲੇ ਇਹਨਾਂ ਵੱਛਿਆਂ ਨੂੰ ਚੁੰਮਣ! 3 ਇਸ ਲਈ ਉਹ ਸਵੇਰ ਦੇ ਬੱਦਲ ਵਾਂਗੂੰ ਹੋਣਗੇ, ਅਤੇ ਤ੍ਰੇਲ ਵਾਂਗੂੰ ਜਿਹੜੀ ਛੇਤੀ ਉੱਡ ਜਾਂਦੀ ਹੈ, ਤੂੜੀ ਵਾਂਗੂੰ ਜਿਹ ਨੂੰ ਵਾਵਰੋਲਾ ਪਿੜ ਵਿੱਚੋਂ ਉਡਾ ਲੈ ਜਾਂਦਾ ਹੈ, ਧੂੰਏਂ ਵਾਂਗੂੰ ਜਿਹੜਾ ਮੋਘ ਵਿੱਚੋਂ ਨਿੱਕਲਦਾ ਹੈ। 4 ਮੈਂ ਮਿਸਰ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ, ਤੂੰ ਮੇਰੇ ਤੋਂ ਛੁੱਟ ਕੋਈ ਪਰਮੇਸ਼ੁਰ ਨਾ ਜਾਣ, ਅਤੇ ਮੇਰੇ ਤੋਂ ਬਿਨ੍ਹਾਂ ਕੋਈ ਬਚਾਉਣ ਵਾਲਾ ਨਹੀਂ। 5 ਮੈਂ ਤੈਨੂੰ ਉਜਾੜ ਵਿੱਚ, ਔੜ ਦੀ ਧਰਤੀ ਵਿੱਚ ਜਾਣਿਆ ਸੀ। 6 ਉਹ ਆਪਣੀਆਂ ਚਾਰਗਾਹਾਂ ਦੇ ਅਨੁਸਾਰ ਰੱਜ ਗਏ, ਉਹ ਰੱਜ ਗਏ ਅਤੇ ਉਹਨਾਂ ਦਾ ਦਿਲ ਉੱਚਾ ਹੋ ਗਿਆ, ਇਸ ਲਈ ਉਹ ਮੈਨੂੰ ਭੁੱਲ ਗਏ। 7 ਸੋ ਮੈਂ ਉਹਨਾਂ ਲਈ ਬੱਬਰ ਸ਼ੇਰ ਵਰਗਾ ਹੋਵਾਂਗਾ, ਮੈਂ ਚੀਤੇ ਵਾਂਗੂੰ ਰਾਹ ਉੱਤੇ ਘਾਤ ਵਿੱਚ ਬੈਠਾਂਗਾ। 8 ਮੈਂ ਰਿੱਛਣੀ ਵਾਂਗੂੰ ਜਿਹ ਦੇ ਬੱਚੇ ਗੁਆਚ ਗਏ ਹੋਣ ਉਹਨਾਂ ਦੇ ਦਿਲ ਦਾ ਪੜਦਾ ਪਾੜ ਸੁੱਟਾਂਗਾ, ਮੈਂ ਸ਼ੇਰਨੀ ਵਾਂਗੂੰ ਉੱਥੇ ਉਹਨਾਂ ਨੂੰ ਖਾ ਜਾਂਵਾਂਗਾ, ਰੜ ਦੇ ਦਰਿੰਦੇ ਉਹਨਾਂ ਨੂੰ ਨੋਚ ਲੈਣਗੇ। 9 ਹੇ ਇਸਰਾਏਲ, ਮੈਂ ਤੈਨੂੰ ਬਰਬਾਦੀ ਕਰਾਂਗਾ, ਤਦ ਕੌਣ ਤੈਨੂੰ ਬਚਾਵੇਗਾ। 10 ੧੦ ਹੁਣ ਤੇਰਾ ਰਾਜਾ ਕਿੱਥੇ ਹੈ, ਕਿ ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿੱਚ ਬਚਾਵੇ? ਅਤੇ ਤੇਰੇ ਨਿਆਂਕਾਰ, ਜਿਨ੍ਹਾਂ ਦੇ ਬਾਰੇ ਤੂੰ ਆਖਿਆ, ਮੈਨੂੰ ਰਾਜਾ ਅਤੇ ਹਾਕਮ ਦੇ? 11 ੧੧ ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਰਾਜਾ ਦਿੱਤਾ, ਅਤੇ ਆਪਣੇ ਕਹਿਰ ਵਿੱਚ ਉਹ ਨੂੰ ਲੈ ਲਿਆ। 12 ੧੨ ਇਫ਼ਰਾਈਮ ਦੀ ਬਦੀ ਬੰਨ੍ਹੀ ਹੋਈ ਹੈ, ਉਹ ਦਾ ਪਾਪ ਰੱਖਿਆ ਹੋਇਆ ਹੈ। 13 ੧੩ ਜਣਨ ਦੀਆਂ ਪੀੜਾਂ ਉਹ ਦੇ ਉੱਤੇ ਆ ਪਈਆਂ ਹਨ, ਉਹ ਬੁੱਧਹੀਣ ਪੁੱਤਰ ਹੈ, ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹ ਅੱਗੇ ਨਹੀਂ ਆਉਂਦਾ। 14 ੧੪ ਕੀ ਮੈਂ ਪਤਾਲ ਦੇ ਕਾਬੂ ਤੋਂ ਉਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ? ਕੀ ਮੈਂ ਮੌਤ ਤੋਂ ਉਹਨਾਂ ਦਾ ਛੁਟਕਾਰਾ ਦਿਆਂਗਾ? ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ? ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ? ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ! (Sheol h7585) 15 ੧੫ ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ, ਤਾਂ ਵੀ ਪੂਰਬੀ ਹਵਾ, ਹਾਂ, ਯਹੋਵਾਹ ਦੀ ਪੌਣ ਉਜਾੜ ਤੋਂ ਆਵੇਗੀ, ਤਾਂ ਉਹ ਦਾ ਸੋਤਾ ਸੁੱਕ ਜਾਵੇਗਾ, ਅਤੇ ਉਹ ਦਾ ਚਸ਼ਮਾ ਖੁਸ਼ਕ ਹੋ ਜਾਵੇਗਾ, ਉਹ ਉਸ ਦੇ ਖ਼ਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ। 16 ੧੬ ਸਾਮਰਿਯਾ ਆਪਣਾ ਦੋਸ਼ ਚੁੱਕੇਗਾ, ਕਿਉਂ ਜੋ ਉਹ ਆਪਣੇ ਪਰਮੇਸ਼ੁਰ ਤੋਂ ਬਾਗੀ ਹੋ ਗਿਆ ਹੈ, ਉਹ ਤਲਵਾਰ ਨਾਲ ਡਿੱਗਣਗੇ, ਉਹਨਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ, ਅਤੇ ਉਹਨਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ!