ਜ਼ਕਰਯਾਹ 12

1 ਇਸਰਾਏਲ ਦੇ ਬਾਰੇ ਯਹੋਵਾਹ ਦਾ ਬਚਨ। ਯਹੋਵਾਹ ਦਾ ਵਾਕ ਹੈ, ਜਿਹੜਾ ਆਕਾਸ਼ ਨੂੰ ਤਾਣਦਾ, ਧਰਤੀ ਦੀ ਨੀਂਹ ਰੱਖਦਾ ਅਤੇ ਮਨੁੱਖ ਦਾ ਆਤਮਾ ਉਸ ਦੇ ਅੰਦਰ ਰਚਦਾ ਹੈ। 2 ਵੇਖ, ਮੈਂ ਯਰੂਸ਼ਲਮ ਨੂੰ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਲੁੜਕਣ ਦਾ ਕਟੋਰਾ ਠਹਿਰਾਉਂਦਾ ਹਾਂ ਅਤੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ। 3 ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ। ਸਾਰੇ ਉਸ ਦੇ ਚੁੱਕਣ ਵਾਲੇ ਜ਼ਖਮੀ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ। 4 ਯਹੋਵਾਹ ਦਾ ਵਾਕ ਹੈ, ਉਸ ਦਿਨ ਮੈਂ ਹਰੇਕ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਪਾਗਲਪਣ ਨਾਲ ਮਾਰਾਂਗਾ, ਯਹੂਦਾਹ ਦੇ ਘਰਾਣੇ ਉੱਤੇ ਮੈਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਾਂਗਾ ਅਤੇ ਕੌਮਾਂ ਦੇ ਸਾਰਿਆਂ ਘੋੜਿਆਂ ਨੂੰ ਅੰਨ੍ਹਾ ਕਰ ਕੇ ਮਾਰਾਂਗਾ। 5 ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ। 6 ਉਸ ਦਿਨ ਮੈਂ ਯਹੂਦੀਆਂ ਦੇ ਸਰਦਾਰਾਂ ਨੂੰ ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਗੂੰ ਅਤੇ ਪੂਲਿਆਂ ਵਿੱਚ ਅੱਗ ਦੀ ਮਸ਼ਾਲ ਵਾਂਗੂੰ ਠਹਿਰਾਵਾਂਗਾ। ਉਹ ਸੱਜੇ ਖੱਬੇ ਅਤੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਖਾ ਜਾਣਗੇ ਅਤੇ ਯਰੂਸ਼ਲਮ ਦੇ ਵਾਸੀ ਫੇਰ ਯਰੂਸ਼ਲਮ ਵਿੱਚ ਆਪਣੇ ਥਾਂ ਹੀ ਵੱਸਣਗੇ। 7 ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਕਿਉਂਕਿ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ, ਯਹੂਦਾਹ ਤੋਂ ਉੱਚਾ ਨਾ ਹੋਵੇ। 8 ਉਸ ਦਿਨ ਯਹੋਵਾਹ ਯਰੂਸ਼ਲਮ ਦੇ ਵਾਸੀਆਂ ਦੇ ਆਲੇ-ਦੁਆਲੇ ਇੱਕ ਢਾਲ਼ ਹੋਵੇਗਾ, ਉਸ ਦਿਨ ਉਹਨਾਂ ਵਿੱਚੋਂ ਕਮਜ਼ੋਰ ਤੋਂ ਕਮਜ਼ੋਰ ਦਾਊਦ ਵਰਗਾ ਹੋਵੇਗਾ, ਦਾਊਦ ਦਾ ਘਰਾਣਾ ਪਰਮੇਸ਼ੁਰ ਅਤੇ ਯਹੋਵਾਹ ਦੇ ਦੂਤ ਵਰਗਾ ਹੋਵੇਗਾ, ਜਿਹੜਾ ਉਹਨਾਂ ਦੇ ਅੱਗੇ ਸੀ। 9 ਉਸ ਦਿਨ ਮੈਂ ਯਰੂਸ਼ਲਮ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ ਕਰਾਂਗਾ। 10 ੧੦ ਮੈਂ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਦਯਾ ਦਾ ਆਤਮਾ ਵਹਾਵਾਂਗਾ, ਉਹ ਮੇਰੀ ਵੱਲ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਵਿਰਲਾਪ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਦੇ ਲਈ ਵਿਰਲਾਪ ਕਰਦਾ ਹੈ ਅਤੇ ਉਹ ਉਸ ਦੇ ਲਈ ਪਿੱਟਣਗੇ ਜਿਵੇਂ ਕੋਈ ਆਪਣੇ ਪਹਿਲੌਠੇ ਪੁੱਤਰ ਲਈ ਪਿੱਟਦਾ ਹੈ। 11 ੧੧ ਉਸ ਦਿਨ ਯਰੂਸ਼ਲਮ ਵਿੱਚ ਹਦਦ-ਰਮੋਨ ਦੇ ਇਲਾਕੇ ਦੇ ਸੋਗ ਵਰਗਾ ਵੱਡਾ ਸੋਗ ਹੋਵੇਗਾ, ਜਿਹੜਾ ਮਗਿੱਦੋ ਦੀ ਘਾਟੀ ਵਿੱਚ ਹੋਇਆ ਸੀ। 12 ੧੨ ਦੇਸ ਸੋਗ ਕਰੇਗਾ, ਪਰਿਵਾਰਾਂ ਦੇ ਪਰਿਵਾਰ ਅਲੱਗ-ਅਲੱਗ, ਦਾਊਦ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ, ਨਾਥਾਨ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ, 13 ੧੩ ਲੇਵੀ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ ਅਤੇ ਸ਼ਿਮਈ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ 14 ੧੪ ਸਾਰੇ ਬਾਕੀ ਪਰਿਵਾਰ, ਪਰਿਵਾਰਾਂ ਦੇ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ।