< ਰੂਥ 2 >

1 ਨਾਓਮੀ ਦੇ ਪਤੀ ਦਾ ਇੱਕ ਰਿਸ਼ਤੇਦਾਰ ਸੀ, ਜੋ ਅਲੀਮਲਕ ਦੇ ਘਰਾਣੇ ਵਿੱਚ ਬਹੁਤ ਧਨਵਾਨ ਸੀ ਅਤੇ ਉਹ ਦਾ ਨਾਮ ਬੋਅਜ਼ ਸੀ। 2 ਤਦ ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ, “ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਖੇਤਾਂ ਵਿੱਚ ਜਾਂਵਾਂ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਸ ਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ।” ਨਾਓਮੀ ਨੇ ਉਸ ਨੂੰ ਕਿਹਾ, “ਜਾ ਮੇਰੀਏ ਧੀਏ!” 3 ਤਦ ਉਹ ਗਈ ਅਤੇ ਖੇਤ ਵਿੱਚ ਜਾ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ ਅਤੇ ਸਬੱਬ ਨਾਲ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ। 4 ਅਤੇ ਵੇਖੋ, ਜਦ ਬੋਅਜ਼ ਬੈਤਲਹਮ ਤੋਂ ਆਇਆ ਤਾਂ ਵਾਢਿਆਂ ਨੂੰ ਕਿਹਾ, “ਯਹੋਵਾਹ ਤੁਹਾਡੇ ਨਾਲ ਹੋਵੇ” ਅਤੇ ਉਨ੍ਹਾਂ ਨੇ ਉੱਤਰ ਦਿੱਤਾ, “ਯਹੋਵਾਹ ਤੁਹਾਨੂੰ ਅਸੀਸ ਦੇਵੇ।” 5 ਫਿਰ ਬੋਅਜ਼ ਨੇ ਉਸ ਸੇਵਕ ਤੋਂ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਪੁੱਛਿਆ, “ਇਹ ਕਿਸ ਦੀ ਕੁੜੀ ਹੈ?” 6 ਸੇਵਕ ਨੇ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਉੱਤਰ ਦੇ ਕੇ ਆਖਿਆ, “ਇਹ ਮੋਆਬਣ ਕੁੜੀ ਹੈ, ਜੋ ਨਾਓਮੀ ਦੇ ਨਾਲ ਮੋਆਬ ਦੇਸ ਤੋਂ ਆਈ ਹੈ।” 7 ਉਸ ਨੇ ਸਾਨੂੰ ਕਿਹਾ, “ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ?” ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠਰੀ ਵਿੱਚ ਠਹਿਰੀ। 8 ਤਦ ਬੋਅਜ਼ ਨੇ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਤੂੰ ਮੇਰੀ ਗੱਲ ਸੁਣ? ਤੂੰ ਹੋਰ ਕਿਸੇ ਦੇ ਖੇਤ ਵਿੱਚ ਸਿੱਟੇ ਚੁਗਣ ਲਈ ਨਾ ਜਾਵੀਂ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰ੍ਹਾਂ ਮੇਰੀਆਂ ਦਾਸੀਆਂ ਦੇ ਨਾਲ-ਨਾਲ ਰਹਿ। 9 ਇਸੇ ਖੇਤ ਵੱਲ, ਜਿਸ ਨੂੰ ਉਹ ਵੱਢਦੇ ਹਨ ਧਿਆਨ ਰੱਖ ਅਤੇ ਮੇਰੀਆਂ ਦਾਸੀਆਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ, ਕਿ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਤੈਨੂੰ ਪਿਆਸ ਲੱਗੇ ਤਾਂ ਉਨ੍ਹਾਂ ਘੜਿਆਂ ਵਿੱਚੋਂ ਜਾ ਕੇ ਪੀ ਲਵੀਂ ਜੋ ਮੇਰੇ ਜੁਆਨਾਂ ਨੇ ਭਰੇ ਹਨ।” 10 ੧੦ ਤਦ ਰੂਥ ਨੇ ਮੂੰਹ ਦੇ ਭਾਰ ਧਰਤੀ ਉੱਤੇ ਝੁੱਕ ਕੇ ਮੱਥਾ ਟੇਕਿਆ ਅਤੇ ਕਿਹਾ, “ਕੀ ਕਾਰਨ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਤੂੰ ਮੇਰੇ ਵੱਲ ਧਿਆਨ ਕੀਤਾ? ਮੈਂ ਤਾਂ ਪਰਦੇਸਣ ਹਾਂ।” 11 ੧੧ ਤਦ ਬੋਅਜ਼ ਨੇ ਉੱਤਰ ਦੇ ਕੇ ਉਸ ਨੂੰ ਕਿਹਾ, “ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ ਅਤੇ ਕਿਸ ਤਰ੍ਹਾਂ ਤੂੰ ਆਪਣੇ ਮਾਤਾ-ਪਿਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ, ਜਿਨ੍ਹਾਂ ਨੂੰ ਤੂੰ ਪਹਿਲਾਂ ਨਹੀਂ ਜਾਣਦੀ ਸੀ। 12 ੧੨ ਯਹੋਵਾਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।” 13 ੧੩ ਤਦ ਰੂਥ ਨੇ ਕਿਹਾ, “ਹੇ ਮੇਰੇ ਸੁਆਮੀ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸੀਂ ਮੈਨੂੰ ਤਸੱਲੀ ਦਿੱਤੀ ਹੈ ਅਤੇ ਤੁਸੀਂ ਆਪਣੀ ਦਾਸੀ ਨਾਲ ਦਿਆਲਤਾ ਨਾਲ ਗੱਲਾਂ ਕੀਤੀਆਂ, ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਵੀ ਨਹੀਂ ਹਾਂ।” 14 ੧੪ ਫਿਰ ਰੋਟੀ ਖਾਣ ਦੇ ਸਮੇਂ ਬੋਅਜ਼ ਨੇ ਉਸ ਨੂੰ ਕਿਹਾ, “ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ।” ਤਦ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਰੱਖੇ, ਤਾਂ ਉਹ ਨੇ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ। 15 ੧੫ ਜਦ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਪੂਲਿਆਂ ਦੇ ਵਿੱਚ ਚੁਗਣ ਦੇਣ ਅਤੇ ਸ਼ਰਮਿੰਦਾ ਨਾ ਕਰਨ 16 ੧੬ ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਹ ਦੇ ਲਈ ਕੁਝ ਡੇਗਦੇ ਜਾਓ ਅਤੇ ਉਸ ਦੇ ਚੁਗਣ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ। 17 ੧੭ ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ; ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ। 18 ੧੮ ਤਦ ਉਹ ਉਸ ਨੂੰ ਚੁੱਕ ਕੇ ਨਗਰ ਵਿੱਚ ਗਈ, ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਹ ਸਭ ਉਸ ਦੀ ਸੱਸ ਨੇ ਵੇਖਿਆ, ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ। 19 ੧੯ ਫੇਰ ਉਹ ਦੀ ਸੱਸ ਨੇ ਉਸ ਤੋਂ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ ਅਤੇ ਕਿੱਥੇ ਕੰਮ-ਧੰਦਾ ਕੀਤਾ? ਧੰਨ ਹੈ ਉਹ ਜਿਸ ਨੇ ਤੇਰੀ ਖ਼ਬਰ ਲਈ ਹੈ।” ਤਦ ਉਸ ਨੇ ਆਪਣੀ ਸੱਸ ਨੂੰ ਉਹ ਦੇ ਬਾਰੇ; ਜਿਸ ਦੇ ਕੋਲ ਕੰਮ-ਧੰਦਾ ਕੀਤਾ ਸੀ, ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਮ ਬੋਅਜ਼ ਹੈ, ਜਿਸ ਦੇ ਕੋਲ ਮੈਂ ਅੱਜ ਕੰਮ-ਧੰਦਾ ਕਰਦੀ ਰਹੀ। 20 ੨੦ ਤਦ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ, “ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ, ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਤੋਂ ਖ਼ਾਲੀ ਨਹੀਂ ਰੱਖਿਆ।” ਫੇਰ ਨਾਓਮੀ ਨੇ ਉਸ ਨੂੰ ਦੱਸਿਆ, ਇਹ ਮਨੁੱਖ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਸਗੋਂ ਉਨ੍ਹਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੀ ਜ਼ਮੀਨ ਛੁਡਾਉਣ ਦਾ ਅਧਿਕਾਰ ਹੈ। 21 ੨੧ ਤਦ ਮੋਆਬਣ ਰੂਥ ਬੋਲੀ, “ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜਦ ਤੱਕ ਮੇਰੀਆਂ ਵਾਢੀਆਂ ਨਾ ਹੋ ਜਾਣ ਤਦ ਤੱਕ ਤੂੰ ਮੇਰਿਆਂ ਜੁਆਨਾਂ ਦੇ ਨਾਲ-ਨਾਲ ਰਿਹਾ ਕਰ।” 22 ੨੨ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਇਹ ਚੰਗੀ ਗੱਲ ਹੈ ਕਿ ਤੂੰ ਉਸ ਦੀਆਂ ਦਾਸੀਆਂ ਦੇ ਨਾਲ ਜਾਇਆ ਕਰੇਂ ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦੇਹ ਹੋ ਸਕਦਾ ਹੈ।” 23 ੨੩ ਇਸ ਲਈ ਜਦ ਤੱਕ ਜੌਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਅਜ਼ ਦੀਆਂ ਦਾਸੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਸ ਦੇ ਕੋਲ ਵੱਸੀ ਰਹੀ।

< ਰੂਥ 2 >