< ਜ਼ਬੂਰ 92 >

1 ਭਜਨ। ਵਿਸ਼ਰਾਮ ਦੇ ਲਈ ਗੀਤ। ਯਹੋਵਾਹ ਦਾ ਧੰਨਵਾਦ ਕਰਨਾ, ਅਤੇ, ਹੇ ਅੱਤ ਮਹਾਨ, ਤੇਰੇ ਨਾਮ ਦਾ ਗੁਣ ਗਾਉਣਾ ਭਲਾ ਹੈ, 2 ਨਾਲੇ ਸਵੇਰ ਨੂੰ ਤੇਰੀ ਦਯਾ ਦਾ, ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ, 3 ਦਸਾਂ ਤਰ੍ਹਾਂ ਵਾਲੇ ਵਾਜੇ ਉੱਤੇ ਅਤੇ ਸਿਤਾਰ ਉੱਤੇ, ਅਤੇ ਬਰਬਤ ਦੇ ਬਿਹਾਗ ਦੇ ਸੁਰ ਉੱਤੇ। 4 ਹੇ ਯਹੋਵਾਹ, ਤੂੰ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, ਤੇਰੇ ਹੱਥ ਦਿਆਂ ਕੰਮਾਂ ਕਾਰਨ ਮੈਂ ਜੈਕਾਰਾ ਗਜਾਵਾਂਗਾ। 5 ਹੇ ਯਹੋਵਾਹ, ਤੇਰੇ ਕੰਮ ਕਿੰਨੇ ਵੱਡੇ ਹਨ! ਤੇਰੇ ਖਿਆਲ ਬਹੁਤ ਹੀ ਡੂੰਘੇ ਹਨ! 6 ਗਿਆਨਹੀਣ ਮਨੁੱਖ ਨਹੀਂ ਜਾਣਦਾ, ਨਾ ਮੂਰਖ ਇਸ ਗੱਲ ਨੂੰ ਸਮਝਦਾ, 7 ਕਿ ਦੁਸ਼ਟ ਜਦੋਂ ਘਾਹ ਵਾਂਗੂੰ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, ਇਹ ਇਸ ਕਰਕੇ ਹੈ ਕਿ ਓਹ ਸਦਾ ਲਈ ਨਾਸ ਹੋ ਜਾਣ। 8 ਪਰ ਤੂੰ, ਹੇ ਯਹੋਵਾਹ, ਜੁੱਗੋ-ਜੁੱਗ ਮਹਾਨ ਹੈਂ। 9 ਵੇਖ, ਤੇਰੇ ਵੈਰੀ, ਹੇ ਯਹੋਵਾਹ, ਹਾਂ, ਵੇਖ, ਤੇਰੇ ਵੈਰੀ ਨਸ਼ਟ ਹੋ ਜਾਣਗੇ, ਅਤੇ ਸਾਰੇ ਕੁਕਰਮੀ ਖਿੰਡ ਪੁੰਡ ਜਾਣਗੇ! 10 ੧੦ ਪਰ ਤੂੰ ਜੰਗਲੀ ਸਾਨ੍ਹ ਦੇ ਸਿੰਗ ਵਾਂਗੂੰ ਮੇਰੇ ਸਿੰਗ ਨੂੰ ਉੱਚਿਆਂ ਕੀਤਾ ਹੈ, ਮੈਂ ਸੱਜਰੇ ਤੇਲ ਨਾਲ ਮਲਿਆ ਗਿਆ। 11 ੧੧ ਮੇਰੀ ਅੱਖ ਨੇ ਮੇਰੇ ਘਾਤੀਆਂ ਉੱਤੇ ਨਜ਼ਰ ਕੀਤੀ, ਮੇਰੇ ਕੰਨ ਨੇ ਮੇਰੇ ਭੈੜੇ ਵਿਰੋਧੀਆਂ ਦਾ ਹਾਲ ਸੁਣਿਆ! 12 ੧੨ ਧਰਮੀ ਖਜ਼ੂਰ ਦੇ ਬਿਰਛ ਵਾਂਗੂੰ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਗੂੰ ਵਧਦਾ ਜਾਵੇਗਾ। 13 ੧੩ ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, ਓਹ ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਹਿਲਹਾਉਣਗੇ। 14 ੧੪ ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ, 15 ੧੫ ਕਿ ਓਹ ਪਰਗਟ ਕਰਨ ਕਿ ਯਹੋਵਾਹ ਸੱਚ ਹੈ, ਉਹ ਮੇਰੀ ਚੱਟਾਨ ਹੈ ਅਤੇ ਉਹ ਦੇ ਵਿੱਚ ਕੋਈ ਅਧਰਮੀ ਨਹੀਂ ਹੈ।

< ਜ਼ਬੂਰ 92 >