< ਜ਼ਬੂਰ 6 >

1 ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ। ਖਰਜ਼ ਦੇ ਰਾਗ ਵਿੱਚ ਦਾਊਦ ਦਾ ਭਜਨ। ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇ, ਨਾ ਆਪਣੇ ਤੇਜ ਕੋਪ ਨਾਲ ਮੈਨੂੰ ਤਾੜ। 2 ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈ ਕੁਮਲਾ ਰਿਹਾ ਹਾਂ, ਹੇ ਯਹੋਵਾਹ, ਮੈਨੂੰ ਚੰਗਾ ਕਰ ਕਿਉਂ ਜੋ ਮੇਰੀਆਂ ਹੱਡੀਆਂ ਬੇਚੈਨ ਹਨ। 3 ਮੇਰੀ ਜਾਨ ਵੀ ਅੱਤ ਘਬਰਾਈ ਹੋਈ ਹੈ, ਅਤੇ ਤੂੰ ਯਹੋਵਾਹ, ਕਦੋਂ ਤੱਕ? 4 ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ, 5 ਕਿਉਂ ਜੋ ਮੌਤ ਤੋਂ ਬਾਅਦ ਤੇਰਾ ਸਿਮਰਨ ਨਹੀਂ, ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ? (Sheol h7585) 6 ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ, ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ। 7 ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ਼ ਗਈਆਂ, ਉਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ। 8 ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ, 9 ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ। 10 ੧੦ ਮੇਰੇ ਸਾਰੇ ਵੈਰੀ ਲੱਜਿਆਵਾਨ ਅਤੇ ਅੱਤ ਵਿਆਕੁਲ ਹੋਣਗੇ, ਉਹ ਮੁੜ ਜਾਣਗੇ ਅਤੇ ਅਚਾਨਕ ਲੱਜਿਆਵਾਨ ਹੋ ਜਾਣਗੇ।

< ਜ਼ਬੂਰ 6 >