< ਕਹਾਉਤਾਂ 27 >

1 ਭਲਕ ਦੇ ਬਾਰੇ ਸ਼ੇਖੀ ਨਾ ਮਾਰ, ਕਿਉਂ ਜੋ ਤੂੰ ਨਹੀਂ ਜਾਣਦਾ ਭਈ ਇੱਕੋ ਦਿਨ ਵਿੱਚ ਕੀ ਹੋ ਜਾਵੇ। 2 ਤੇਰੀ ਵਡਿਆਈ ਕੋਈ ਹੋਰ ਭਾਵੇਂ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ, ਹਾਂ ਓਪਰਾ ਕਰੇ, ਨਾ ਤੇਰੇ ਬੁੱਲ। 3 ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜ੍ਹਨਾ ਉਹਨਾਂ ਦੋਹਾਂ ਨਾਲੋਂ ਭਾਰਾ ਹੈ। 4 ਗੁੱਸਾ ਨਿਰਦਈ ਅਤੇ ਕ੍ਰੋਧ ਇੱਕ ਹੜ੍ਹ ਹੈ, ਪਰ ਈਰਖਾ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ? 5 ਗੁੱਝੀ ਪ੍ਰੀਤ ਨਾਲੋਂ ਖੁੱਲੀ ਤਾੜਨਾ ਚੰਗੀ ਹੈ। 6 ਮਿੱਤਰ ਦੇ ਵੱਲੋਂ ਹੋਣ ਵਾਲੇ ਜ਼ਖ਼ਮ ਵਫ਼ਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ। 7 ਰੱਜੇ ਹੋਏ ਮਨ ਨੂੰ ਸ਼ਹਿਦ ਦਾ ਛੱਤਾ ਵੀ ਫਿੱਕਾ ਲੱਗਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ। 8 ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ, ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਹਲਣੇ ਤੋਂ ਖੁੰਝ ਜਾਵੇ। 9 ਅਤਰ ਅਤੇ ਸੁਗੰਧ ਜੀ ਨੂੰ ਅਨੰਦ ਕਰਦੀ ਹੈ, ਓਵੇਂ ਹੀ ਮਿੱਤਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ। 10 ੧੦ ਆਪਣੇ ਅਤੇ ਆਪਣੇ ਪਿਉ ਦੇ ਮਿੱਤਰ ਨੂੰ ਨਾ ਛੱਡ, ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾ, ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ। 11 ੧੧ ਹੇ ਮੇਰੇ ਪੁੱਤਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣਾ ਮਾਰਦਾ ਹੈ। 12 ੧੨ ਸਿਆਣਾ ਬਿਪਤਾ ਨੂੰ ਵੇਖ ਕੇ ਲੁੱਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ। 13 ੧੩ ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ। 14 ੧੪ ਜਿਹੜਾ ਸਵੇਰੇ ਹੀ ਉੱਠ ਕੇ ਆਪਣੇ ਗੁਆਂਢੀ ਨੂੰ ਉੱਚੀ ਦੇ ਕੇ ਅਸੀਸ ਦਿੰਦਾ ਹੈ, ਉਹ ਦੇ ਲਈ ਇਹ ਸਰਾਪ ਹੀ ਗਿਣਿਆ ਜਾਵੇਗਾ। 15 ੧੫ ਝੜੀ ਦੇ ਦਿਨ ਦਾ ਲਗਾਤਾਰ ਚੋਆ, ਅਤੇ ਝਗੜਾਲੂ ਪਤਨੀ ਦੋਵੇਂ ਇੱਕੋ ਸਮਾਨ ਹਨ! 16 ੧੬ ਜਿਹੜਾ ਉਹ ਨੂੰ ਰੋਕਦਾ ਹੈ ਉਹ ਪੌਣ ਨੂੰ ਰੋਕਦਾ ਹੈ, ਅਥਵਾ ਉਹ ਸੱਜੇ ਹੱਥ ਨਾਲ ਤੇਲ ਨੂੰ ਫੜਦਾ ਹੈ! 17 ੧੭ ਜਿਵੇਂ ਲੋਹਾ ਲੋਹੇ ਨੂੰ ਚਮਕਾਉਂਦਾ ਹੈ, ਓਵੇਂ ਮਨੁੱਖ ਦਾ ਮੁੱਖ ਆਪਣੇ ਮਿੱਤਰ ਦੀ ਸੰਗਤ ਦੇ ਨਾਲ ਚਮਕ ਜਾਂਦਾ ਹੈ। 18 ੧੮ ਜਿਹੜਾ ਹੰਜ਼ੀਰ ਦੇ ਰੁੱਖ ਦੀ ਰਾਖ਼ੀ ਕਰਦਾ ਹੈ ਉਹ ਉਸ ਦਾ ਫ਼ਲ ਖਾਵੇਗਾ, ਅਤੇ ਜੋ ਆਪਣੇ ਸੁਆਮੀ ਦੀ ਰੱਖਿਆ ਕਰਦਾ ਹੈ ਉਹ ਦਾ ਆਦਰ ਹੋਵੇਗਾ। 19 ੧੯ ਜਿਵੇਂ ਜਲ ਵਿੱਚ ਮੂੰਹ ਦਾ ਪਰਛਾਵਾਂ ਮੂੰਹ ਨੂੰ ਪਰਗਟ ਕਰਦਾ ਹੈ, ਤਿਵੇਂ ਮਨੁੱਖ ਦਾ ਮਨ ਮਨੁੱਖ ਨੂੰ ਪਰਗਟ ਕਰਦਾ ਹੈ। 20 ੨੦ ਜਿਵੇਂ ਪਤਾਲ ਅਤੇ ਦੋਜ਼ਖ ਕਦੀ ਤ੍ਰਿਪਤ ਨਹੀਂ ਹੁੰਦੇ, ਓਵੇਂ ਮਨੁੱਖ ਦੀਆਂ ਇੱਛਾਵਾਂ ਵੀ ਕਦੀ ਤ੍ਰਿਪਤ ਨਹੀਂ ਹੁੰਦੀਆਂ। (Sheol h7585) 21 ੨੧ ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਓਵੇਂ ਆਦਮੀ ਦੇ ਜਸ ਨਾਲ ਉਹ ਦੀ ਜਾਚ ਹੁੰਦੀ ਹੈ। 22 ੨੨ ਭਾਵੇਂ ਤੂੰ ਮੂਰਖ ਨੂੰ ਓਖਲੀ ਵਿੱਚ ਦਾਣਿਆਂ ਸਮੇਤ ਮੋਹਲੇ ਨਾਲ ਕੁੱਟੇਂ, ਤਾਂ ਵੀ ਉਸ ਦੀ ਮੂਰਖਤਾਈ ਉਸ ਤੋਂ ਨਹੀਂ ਹੱਟਣੀ। 23 ੨੩ ਆਪਣੇ ਇੱਜੜਾਂ ਦਾ ਹਾਲ ਚੰਗੀ ਤਰ੍ਹਾਂ ਜਾਣ ਲੈ, ਅਤੇ ਆਪਣੇ ਪਸ਼ੂਆਂ ਦੀ ਸੁੱਧ ਰੱਖ, 24 ੨੪ ਕਿਉਂ ਜੋ ਧਨ ਸਦਾ ਨਹੀਂ ਠਹਿਰਦਾ, ਭਲਾ, ਮੁਕਟ ਪੀੜ੍ਹੀਓਂ ਪੀੜ੍ਹੀ ਬਣਿਆ ਰਹਿੰਦਾ ਹੈ? 25 ੨੫ ਜਦ ਘਾਹ ਚੁੱਕਿਆ ਗਿਆ ਤਾਂ ਨਵਾਂ ਘਾਹ ਦਿਖਾਈ ਦਿੰਦਾ, ਅਤੇ ਪਹਾੜਾਂ ਦਾ ਸਾਗ ਪੱਤ ਇਕੱਠਾ ਹੋ ਜਾਂਦਾ ਹੈ। 26 ੨੬ ਲੇਲੇ ਤੇਰੇ ਬਸਤਰਾਂ ਦੇ ਲਈ ਹੋਣਗੇ, ਤੇ ਬੱਕਰੇ ਖੇਤ ਦੇ ਮੁੱਲ ਲਈ, 27 ੨੭ ਅਤੇ ਬੱਕਰੀਆਂ ਦਾ ਦੁੱਧ ਤੇਰੇ ਅਤੇ ਤੇਰੇ ਟੱਬਰ ਦੀ ਖਾਧ ਖੁਰਾਕ ਲਈ, ਅਤੇ ਤੇਰੀਆਂ ਦਾਸੀਆਂ ਦੇ ਗੁਜ਼ਾਰੇ ਲਈ ਬਥੇਰਾ ਹੋਵੇਗਾ।

< ਕਹਾਉਤਾਂ 27 >