< ਕਹਾਉਤਾਂ 21 >

1 ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ। 2 ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਜਾਪਦੀ ਹੈ, ਪਰ ਯਹੋਵਾਹ ਮਨ ਨੂੰ ਜਾਚਦਾ ਹੈ। 3 ਬਲੀਦਾਨ ਨਾਲੋਂ ਧਰਮ ਅਤੇ ਨਿਆਂ ਕਰਨਾ ਯਹੋਵਾਹ ਨੂੰ ਚੰਗਾ ਲੱਗਦਾ ਹੈ। 4 ਘਮੰਡੀ ਅੱਖਾਂ ਹੰਕਾਰੀ ਮਨ ਅਤੇ ਦੁਸ਼ਟਾਂ ਦਾ ਦੀਵਾ, ਪਾਪ ਹਨ। 5 ਮਿਹਨਤੀ ਦੀਆਂ ਯੋਜਨਾਵਾਂ ਕੇਵਲ ਲਾਭ ਦੀਆਂ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ। 6 ਝੂਠ ਦੁਆਰਾ ਪ੍ਰਾਪਤ ਕੀਤਾ ਧਨ ਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹ ਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ। 7 ਦੁਸ਼ਟਾਂ ਦੀ ਹਿੰਸਾ ਉਹਨਾਂ ਨੂੰ ਹੂੰਝ ਲੈ ਜਾਵੇਗੀ, ਕਿਉਂ ਜੋ ਉਹ ਨਿਆਂ ਕਰਨ ਤੋਂ ਮੁੱਕਰਦੇ ਹਨ। 8 ਦੋਸ਼ੀ ਮਨੁੱਖ ਦਾ ਰਾਹ ਟੇਢਾ ਹੈ, ਪਰ ਸਚਿਆਰ ਦਾ ਕੰਮ ਸਿੱਧਾ ਹੁੰਦਾ ਹੈ। 9 ਝਗੜਾਲੂ ਪਤਨੀ ਨਾਲ ਖੁੱਲ੍ਹੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੈ। 10 ੧੦ ਦੁਸ਼ਟ ਦਾ ਮਨ ਬੁਰਿਆਈ ਨੂੰ ਚਾਹੁੰਦਾ ਹੈ, ਉਹ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ। 11 ੧੧ ਜਦੋਂ ਠੱਠਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ ਅਤੇ ਜਦ ਬੁੱਧਵਾਨ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਤਾਂ ਉਹ ਨੂੰ ਗਿਆਨ ਪ੍ਰਾਪਤ ਹੁੰਦਾ ਹੈ 12 ੧੨ ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ। 13 ੧੩ ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ। 14 ੧੪ ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ। 15 ੧੫ ਨਿਆਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ ਹੈ। 16 ੧੬ ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ, ਉਹ ਦਾ ਟਿਕਾਣਾ ਭੂਤਨਿਆਂ ਵਿੱਚ ਹੋਵੇਗਾ। 17 ੧੭ ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ, ਜਿਹੜਾ ਮੈਅ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ। 18 ੧੮ ਦੁਸ਼ਟ ਧਰਮੀ ਦੀ ਰਿਹਾਈ ਦੇ ਲਈ ਹੁੰਦਾ ਹੈ, ਅਤੇ ਧੋਖੇਬਾਜ਼ ਸਿੱਧੇ ਲੋਕਾਂ ਦੇ ਥਾਂ ਸਜ਼ਾ ਪਾਉਂਦੇ ਹਨ। 19 ੧੯ ਝਗੜਾਲੂ ਅਤੇ ਚਿੜਨ ਪਤਨੀ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ। 20 ੨੦ ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ। 21 ੨੧ ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ। 22 ੨੨ ਬੁੱਧਵਾਨ ਮਨੁੱਖ ਬਲਵਾਨਾਂ ਦੇ ਨਗਰ ਉੱਤੇ ਚੜਾਈ ਕਰਦਾ ਹੈ, ਅਤੇ ਉਹ ਦੇ ਭਰੋਸੇ ਦੇ ਬਲ ਨੂੰ ਨਸ਼ਟ ਕਰ ਦਿੰਦਾ ਹੈ। 23 ੨੩ ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ। 24 ੨੪ ਜੋ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ, ਉਸ ਦਾ ਨਾਮ ਹੰਕਾਰੀ, ਅਭਮਾਨੀ ਅਤੇ ਠੱਠਾ ਕਰਨ ਵਾਲਾ ਰੱਖਿਆ ਜਾਂਦਾ ਹੈ। 25 ੨੫ ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ। 26 ੨੬ ਕੋਈ ਹੈ ਜੋ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁੱਕਦਾ ਨਹੀਂ। 27 ੨੭ ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ, ਕਿੰਨ੍ਹਾਂ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ। 28 ੨੮ ਝੂਠੇ ਗਵਾਹ ਦਾ ਨਾਸ ਹੁੰਦਾ ਹੈ, ਜਿਸ ਨੇ ਜੋ ਸੁਣਿਆ ਓਹੀ ਕਹਿਣ ਨਾਲ ਸਥਿਰ ਰਹੇਗਾ। 29 ੨੯ ਦੁਸ਼ਟ ਮਨੁੱਖ ਆਪਣਾ ਮੁੱਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਚਾਲ-ਚੱਲਣ ਬਾਰੇ ਸੋਚ ਵਿਚਾਰ ਕਰਦਾ ਹੈ। 30 ੩੦ ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ। 31 ੩੧ ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।

< ਕਹਾਉਤਾਂ 21 >