< ਗਿਣਤੀ 4 >

1 ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ, 2 ਲੇਵੀਆਂ ਦੇ ਵਿੱਚੋਂ ਕਹਾਥੀਆਂ ਦੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਤੀ ਕਰੋ। 3 ਤੀਹ ਸਾਲ ਤੋਂ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ, ਉਹ ਮਿਲਾਪ ਵਾਲੇ ਤੰਬੂ ਦੀ ਟਹਿਲ ਸੇਵਾ ਕਰਨ। 4 ਕਹਾਥੀਆਂ ਦੀ ਸੇਵਾ ਮਿਲਾਪ ਵਾਲੇ ਤੰਬੂ ਵਿੱਚ ਅੱਤ ਪਵਿੱਤਰ ਚੀਜ਼ਾਂ ਵਿਖੇ ਇਹ ਹੈ। 5 ਹਾਰੂਨ ਅਤੇ ਉਸ ਦੇ ਪੁੱਤਰ ਕੂਚ ਦੇ ਵੇਲੇ ਅੰਦਰ ਜਾਣ ਅਤੇ ਪਵਿੱਤਰ ਸਥਾਨ ਅਤੇ ਅੱਤ ਪਵਿੱਤਰ ਸਥਾਨ ਦਾ ਪਰਦਾ ਲਾਹੁਣ ਅਤੇ ਉਸ ਵਿੱਚ ਸਾਖੀ ਦੇ ਸੰਦੂਕ ਨੂੰ ਲਪੇਟਣ। 6 ਨਾਲੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਪਰਦਾ ਉਸ ਉੱਤੇ ਰੱਖਣ ਅਤੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾਉਣ ਅਤੇ ਉਸ ਦੇ ਡੰਡੇ ਪਾਉਣ। 7 ਫੇਰ ਹਜ਼ੂਰੀ ਦੀ ਰੋਟੀ ਦੀ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆਂ, ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਸਦਾ ਕਾਲ ਦੀ ਰੋਟੀ ਉਸ ਉੱਤੇ ਪਈ ਰਹੇ। 8 ਉਨ੍ਹਾਂ ਦੇ ਉੱਤੇ ਕਿਰਮਚੀ ਕੱਪੜੇ ਵਿਛਾਉਣ ਅਤੇ ਉਸ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਨਾਲ ਕੱਜਣ ਅਤੇ ਉਸ ਦੀਆਂ ਚੋਬਾਂ ਪਾਉਣ। 9 ਫੇਰ ਉਹ ਨੀਲਾ ਕੱਪੜਾ ਲੈ ਕੇ ਚਾਨਣ ਦੇਣ ਵਾਲਾ ਸ਼ਮਾਦਾਨ ਢੱਕਣ ਨਾਲੇ ਉਸ ਦੇ ਦੀਵੇ, ਉਸ ਦੇ ਗੁਲਤਰਾਸ਼, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ। 10 ੧੦ ਤਦ ਉਸ ਦੇ ਸਾਰੇ ਸਮਾਨ ਸਮੇਤ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾਂ ਉੱਤੇ ਧਰਨ। 11 ੧੧ ਸੋਨੇ ਦੀ ਜਗਵੇਦੀ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਦੇ ਢੱਕਣ ਨਾਲ ਢੱਕ ਦੇਣ ਅਤੇ ਉਸ ਦੇ ਡੰਡੇ ਪਾਉਣ। 12 ੧੨ ਫੇਰ ਉਹ ਉਪਾਸਨਾ ਦੀ ਸੇਵਾ ਦੇ ਸਾਰੇ ਭਾਂਡੇ, ਜਿਨ੍ਹਾਂ ਨਾਲ ਉਹ ਪਵਿੱਤਰ ਸਥਾਨ ਵਿੱਚ ਉਪਾਸਨਾ ਕਰਦੇ ਹਨ ਲੈ ਕੇ ਨੀਲੇ ਕੱਪੜੇ ਵਿੱਚ ਪਾਉਣ ਅਤੇ ਉਨ੍ਹਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਨ੍ਹਾਂ ਨੂੰ ਡੰਡੇ ਉੱਤੇ ਰੱਖਣ। 13 ੧੩ ਤਦ ਉਹ ਜਗਵੇਦੀ ਦੀ ਸੁਆਹ ਕੱਢ ਕੇ ਉਸ ਉੱਤੇ ਬੈਂਗਣੀ ਕੱਪੜਾ ਵਿਛਾਉਣ। 14 ੧੪ ਅਤੇ ਉਸ ਉੱਤੇ ਸਾਰੇ ਭਾਂਡੇ ਰੱਖਣ ਜਿਨ੍ਹਾਂ ਨਾਲ ਉਹ ਉਸ ਉੱਤੇ ਉਪਾਸਨਾ ਕਰਦੇ ਹਨ ਅਰਥਾਤ ਅੰਗੀਠੀਆਂ, ਕਾਂਟੇ, ਕੜਛੇ, ਬਾਟੀਆਂ ਅਤੇ ਜਗਵੇਦੀ ਦਾ ਸਾਰਾ ਸਮਾਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆਂ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ। 15 ੧੫ ਜਦ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਸਥਾਨ ਅਤੇ ਉਸ ਦੇ ਸਾਰੇ ਸਮਾਨ ਨੂੰ ਢੱਕਣ ਦਾ ਕੰਮ ਕਰ ਚੁੱਕਣ ਅਤੇ ਜਦ ਡੇਰੇ ਦਾ ਕੂਚ ਹੋਣ ਵਾਲਾ ਹੋਵੇ, ਉਦੋਂ ਹੀ ਕਹਾਥੀ ਆਣ ਕੇ ਉਹ ਨੂੰ ਚੁੱਕਣ ਪਰ ਉਹ ਕਿਸੇ ਪਵਿੱਤਰ ਵਸਤੂ ਨੂੰ ਨਾ ਛੂਹਣ ਅਜਿਹਾ ਨਾ ਹੋਵੇ ਕਿ ਉਹ ਮਰ ਜਾਣ! ਮੰਡਲੀ ਦੇ ਤੰਬੂ ਵਿੱਚੋਂ ਕਹਾਥੀਆਂ ਲਈ ਇਹ ਭਾਰ ਉਠਾਉਣ ਲਈ ਇਹ ਹੀ ਵਸਤਾਂ ਹਨ। 16 ੧੬ ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਚਾਨਣ ਕਰਨ ਲਈ ਤੇਲ, ਸੁਗੰਧੀ ਧੂਪ, ਸਦਾ ਕਾਲ ਦੀ ਮੈਦੇ ਦੀ ਭੇਟ ਅਤੇ ਮਸਹ ਕਰਨ ਦਾ ਤੇਲ ਅਰਥਾਤ ਸਾਰੇ ਡੇਰੇ ਦੀ ਅਤੇ ਜੋ ਕੁਝ ਉਸ ਵਿੱਚ ਹੈ, ਅਤੇ ਪਵਿੱਤਰ ਸਥਾਨ ਅਤੇ ਉਸ ਦੇ ਸਮਾਨ ਦੀ ਦੇਖਭਾਲ ਕਰੇ। 17 ੧੭ ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ, 18 ੧੮ ਤੁਸੀਂ ਕਹਾਥੀਆਂ ਦੇ ਟੱਬਰਾਂ ਦੇ ਗੋਤਾਂ ਨੂੰ ਲੇਵੀਆਂ ਦੇ ਵਿੱਚੋਂ ਨਾਸ ਨਾ ਹੋਣ ਦੇਣਾ। 19 ੧੯ ਪਰ ਤੁਸੀਂ ਉਨ੍ਹਾਂ ਲਈ ਇਹ ਕਰੋ ਜਦ ਉਹ ਅੱਤ ਪਵਿੱਤਰ ਚੀਜ਼ਾਂ ਕੋਲ ਜਾਣ ਤਦ ਉਹ ਨਾ ਮਰਨ ਪਰ ਜੀਉਂਦੇ ਰਹਿਣ। ਤਦ ਹਾਰੂਨ ਅਤੇ ਉਸ ਦੇ ਪੁੱਤਰ ਅੰਦਰ ਜਾ ਕੇ ਉਨ੍ਹਾਂ ਦੇ ਹਰ ਇੱਕ ਮਨੁੱਖ ਲਈ ਉਸ ਦੀ ਟਹਿਲ ਸੇਵਾ ਅਤੇ ਉਹਨਾਂ ਦਾ ਭਾਰ ਠਹਿਰਾਉਣ। 20 ੨੦ ਉਹ ਇੱਕ ਪਲ ਲਈ ਵੀ ਅੰਦਰ ਜਾ ਕੇ ਪਵਿੱਤਰ ਸਥਾਨ ਨੂੰ ਨਾ ਵੇਖਣ ਕਿਤੇ ਅਜਿਹਾ ਨਾ ਹੋਵੇ ਕਿ ਉਹ ਮਰ ਜਾਣ। 21 ੨੧ ਯਹੋਵਾਹ ਨੇ ਮੂਸਾ ਨੂੰ ਆਖਿਆ, 22 ੨੨ ਗੇਰਸ਼ੋਨੀਆਂ ਦੀ ਵੀ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਤੇ ਟੱਬਰਾਂ ਅਨੁਸਾਰ ਗਿਣਤੀ ਕਰ। 23 ੨੩ ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਤੂੰ ਉਨ੍ਹਾਂ ਨੂੰ ਗਿਣ, ਉਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਯੋਗ ਹੋਣ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ। 24 ੨੪ ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਅਰਥਾਤ ਭਾਰ ਚੁੱਕਣ ਦੀ ਟਹਿਲ ਸੇਵਾ ਇਹ ਹੈ, 25 ੨੫ ਉਹ ਡੇਰੇ ਦੇ ਪਰਦਿਆਂ ਨੂੰ ਚੁੱਕਣ ਨਾਲੇ ਮੰਡਲੀ ਦਾ ਤੰਬੂ, ਉਸ ਦੇ ਢੱਕਣ ਸਣੇ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਜਿਹੜਾ ਉਸ ਉੱਤੇ ਹੈ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦਾ ਪਰਦਾ। 26 ੨੬ ਅਤੇ ਵਿਹੜੇ ਦੀਆਂ ਕਨਾਤਾਂ ਤੇ ਵਿਹੜੇ ਦੇ ਫਾਟਕ ਦੇ ਦਰਵਾਜ਼ੇ ਦਾ ਪਰਦਾ ਜਿਹੜੀ ਡੇਰੇ ਅਤੇ ਜਗਵੇਦੀ ਦੇ ਕੋਲ ਆਲੇ-ਦੁਆਲੇ ਹੈ ਅਤੇ ਉਨ੍ਹਾਂ ਦੀਆਂ ਡੋਰੀਆਂ ਅਤੇ ਉਨ੍ਹਾਂ ਦੀ ਸੇਵਾ ਦਾ ਸਾਰਾ ਸਮਾਨ ਅਤੇ ਸਭ ਕੁਝ ਜੋ ਉਨ੍ਹਾਂ ਲਈ ਕਰਨਾ ਹੋਵੇ ਸੋ ਉਹ ਇਹ ਟਹਿਲ ਸੇਵਾ ਕਰਨ। 27 ੨੭ ਇਸ ਤਰ੍ਹਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੁਕਮ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਹੋਵੇ ਅਰਥਾਤ ਉਨ੍ਹਾਂ ਦਾ ਸਾਰਾ ਭਾਰ ਅਤੇ ਟਹਿਲ ਸੇਵਾ। ਇਸ ਤਰ੍ਹਾਂ ਤੁਸੀਂ ਉਨ੍ਹਾਂ ਉੱਤੇ ਉਨ੍ਹਾਂ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਠਹਿਰਾਓ। 28 ੨੮ ਮੰਡਲੀ ਦੇ ਤੰਬੂ ਵਿੱਚ ਇਹ ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਹੋਵੇਗੀ ਅਤੇ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਇਖ਼ਤਿਆਰ ਵਿੱਚ ਉਨ੍ਹਾਂ ਦੀ ਦੇਖਭਾਲ ਹੋਵੇਗੀ। 29 ੨੯ ਮਰਾਰੀਆਂ ਨੂੰ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਤੀ ਕਰਨਾ। 30 ੩੦ ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਤੂੰ ਉਹਨਾਂ ਨੂੰ ਗਿਣ, ਉਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਯੋਗ ਹੋਣ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ। 31 ੩੧ ਭਾਰਾਂ ਲਈ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਇਹ ਹੈ, ਡੇਰੇ ਦੀਆਂ ਫੱਟੀਆਂ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ। 32 ੩੨ ਨਾਲੇ ਵਿਹੜੇ ਦੇ ਆਲੇ-ਦੁਆਲੇ ਦੀਆਂ ਥੰਮ੍ਹੀਆਂ, ਉਨ੍ਹਾਂ ਦੀਆਂ ਚੀਥੀਆਂ, ਉਨ੍ਹਾਂ ਦੀਆਂ ਕੀਲੀਆਂ, ਉਨ੍ਹਾਂ ਦੀਆਂ ਡੋਰੀਆਂ, ਉਨ੍ਹਾਂ ਦਾ ਸਾਰਾ ਸਮਾਨ ਅਤੇ ਉਨ੍ਹਾਂ ਦੀ ਸਾਰੀ ਟਹਿਲ ਸੇਵਾ। ਤੁਸੀਂ ਨਾਮਾਂ ਅਨੁਸਾਰ ਸਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ। 33 ੩੩ ਇਹ ਮਰਾਰੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਟਹਿਲ ਸੇਵਾ ਅਨੁਸਾਰ ਹੋਵੇ ਅਤੇ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਹੱਥ ਵਿੱਚ ਹੋਵੇ। 34 ੩੪ ਫੇਰ ਮੂਸਾ ਅਤੇ ਹਾਰੂਨ ਅਤੇ ਮੰਡਲੀ ਦੇ ਪ੍ਰਧਾਨਾਂ ਨੇ ਕਹਾਥੀਆਂ ਨੇ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਿਆ। 35 ੩੫ ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ। 36 ੩੬ ਇਹ ਉਹ ਹਨ ਜਿਹੜੇ ਆਪਣੇ ਘਰਾਣਿਆਂ ਅਨੁਸਾਰ ਗਿਣੇ ਗਏ, ਦੋ ਹਜ਼ਾਰ ਸੱਤ ਸੌ ਪੰਜਾਹ ਸਨ। 37 ੩੭ ਕਹਾਥੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਦੇ ਸਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ। 38 ੩੮ ਗੇਰਸ਼ੋਨੀ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ। 39 ੩੯ ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ ਕਿ ਉਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ। 40 ੪੦ ਅਤੇ ਉਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਦੋ ਹਜ਼ਾਰ ਛੇ ਸੌ ਤੀਹ ਸਨ। 41 ੪੧ ਗੇਰਸ਼ੋਨੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਗਿਣਿਆ। 42 ੪੨ ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ। 43 ੪੩ ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਸਨ ਤਾਂ ਜੋ ਉਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ। 44 ੪੪ ਉਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣੇ ਗਏ ਤਿੰਨ ਹਜ਼ਾਰ ਦੋ ਸੌ ਸਨ। 45 ੪੫ ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ। 46 ੪੬ ਸਾਰੇ ਲੇਵੀ ਜਿਹੜੇ ਗਿਣੇ ਗਏ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਅਤੇ ਇਸਰਾਏਲ ਦੇ ਪ੍ਰਧਾਨਾਂ ਨੇ ਗਿਣਿਆ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ। 47 ੪੭ ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਟਹਿਲ ਸੇਵਾ ਕਰਨ ਅਤੇ ਭਾਰ ਚੁੱਕਣ ਲਈ ਮੰਡਲੀ ਦੇ ਤੰਬੂ ਵਿੱਚ ਆਉਣ। 48 ੪੮ ਇਹ ਗਿਣੇ ਗਏ ਅਤੇ ਅੱਠ ਹਜ਼ਾਰ ਪੰਜ ਸੌ ਅੱਸੀ ਸਨ। 49 ੪੯ ਇਸ ਤਰ੍ਹਾਂ ਯਹੋਵਾਹ ਦੇ ਹੁਕਮ ਨਾਲ ਅਤੇ ਮੂਸਾ ਦੇ ਰਾਹੀਂ ਉਹ ਗਿਣੇ ਗਏ, ਹਰ ਮਨੁੱਖ ਉਸ ਦੀ ਟਹਿਲ ਸੇਵਾ ਅਤੇ ਭਾਰ ਅਨੁਸਾਰ। ਇਸ ਤਰ੍ਹਾਂ ਉਹ ਗਿਣੇ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

< ਗਿਣਤੀ 4 >