< ਗਿਣਤੀ 21 >

1 ਤਦ ਅਰਾਦ ਦਾ ਕਨਾਨੀ ਰਾਜਾ, ਜਿਹੜਾ ਦੱਖਣ ਦੇਸ ਵਿੱਚ ਰਹਿੰਦਾ ਸੀ, ਉਸ ਨੇ ਸੁਣਿਆ ਕਿ ਇਸਰਾਏਲੀ ਅਥਾਰੀਮ ਦੇ ਰਾਹ ਤੋਂ ਆ ਰਹੇ ਹਨ ਤਦ ਉਹ ਇਸਰਾਏਲ ਨਾਲ ਲੜਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ। 2 ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਪ੍ਰਣ ਕਰਕੇ ਆਖਿਆ, ਜੇ ਤੂੰ ਇਨ੍ਹਾਂ ਲੋਕਾਂ ਨੂੰ ਸੱਚ-ਮੁੱਚ ਸਾਡੇ ਹੱਥ ਵਿੱਚ ਦੇ ਦੇਵੇਂ ਤਾਂ ਅਸੀਂ ਉਨ੍ਹਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿਆਂਗੇ। 3 ਤਦ ਯਹੋਵਾਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਵੱਸ ਵਿੱਚ ਕਰ ਦਿੱਤਾ, ਤਦ ਉਨ੍ਹਾਂ ਨੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿੱਤਾ ਅਤੇ ਉਸ ਥਾਂ ਦਾ ਨਾਮ ਹਾਰਮਾਹ ਪੈ ਗਿਆ। 4 ਤਦ ਉਨ੍ਹਾਂ ਨੇ ਹੋਰ ਨਾਮ ਦੇ ਪਰਬਤ ਤੋਂ, ਲਾਲ ਸਮੁੰਦਰ ਵੱਲ ਅਦੋਮ ਦੇਸ ਦੇ ਬਾਹਰੋਂ, ਕੂਚ ਕੀਤਾ ਪਰ ਲੰਬੇ ਸਫ਼ਰ ਦੇ ਕਾਰਨ ਪਰਜਾ ਰਾਹ ਵਿੱਚ ਪਰੇਸ਼ਾਨ ਹੋ ਗਈ। 5 ਇਸ ਕਾਰਨ ਪਰਜਾ ਯਹੋਵਾਹ ਅਤੇ ਮੂਸਾ ਦੇ ਵਿਰੁੱਧ ਬੋਲੀ ਕਿ ਤੁਸੀਂ ਸਾਨੂੰ ਮਿਸਰ ਵਿੱਚੋਂ ਜੰਗਲ ਵਿੱਚ ਕਿਉਂ ਲੈ ਆਏ, ਤਾਂ ਜੋ ਅਸੀਂ ਉਜਾੜ ਵਿੱਚ ਮਰ ਜਾਈਏ? ਇੱਥੇ ਨਾ ਤਾਂ ਰੋਟੀ ਹੈ, ਨਾ ਹੀ ਪਾਣੀ ਹੈ। ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ! 6 ਤਦ ਯਹੋਵਾਹ ਨੇ ਪਰਜਾ ਵਿੱਚ ਤੇਜ ਜ਼ਹਿਰੀਲੇ ਸੱਪ ਭੇਜੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਡੱਸਿਆ, ਤਦ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ। 7 ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਅਤੇ ਯਹੋਵਾਹ ਦੇ ਵਿਰੁੱਧ ਬੋਲੇ। ਹੁਣ, ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਡੇ ਕੋਲੋਂ ਇਹਨਾਂ ਸੱਪਾਂ ਨੂੰ ਮੋੜ ਲਵੇ। ਤਦ ਮੂਸਾ ਨੇ ਪਰਜਾ ਦੇ ਲਈ ਬੇਨਤੀ ਕੀਤੀ। 8 ਯਹੋਵਾਹ ਨੇ ਮੂਸਾ ਨੂੰ ਆਖਿਆ, ਇੱਕ ਜ਼ਹਿਰੀਲਾ ਸੱਪ ਬਣਾ ਕੇ ਉਸ ਨੂੰ ਇੱਕ ਡੰਡੇ ਉੱਤੇ ਰੱਖਦੇ, ਤਦ ਅਜਿਹਾ ਹੋਵੇਗਾ ਕਿ ਜੋ ਕੋਈ ਡੱਸਿਆ ਜਾਵੇ, ਉਸ ਸੱਪ ਨੂੰ ਵੇਖ ਲਵੇ ਤਾਂ ਉਹ ਆਪਣੀ ਜਾਨ ਨੂੰ ਬਚਾ ਲਵੇਗਾ। 9 ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ, ਉਸ ਨੂੰ ਡੰਡੇ ਉੱਤੇ ਰੱਖਿਆ ਤਾਂ ਅਜਿਹਾ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ, ਤਾਂ ਉਹ ਪਿੱਤਲ ਦੇ ਸੱਪ ਵੱਲ ਨਜ਼ਰ ਕਰਦਾ ਸੀ ਅਤੇ ਆਪਣੀ ਜਾਨ ਨੂੰ ਬਚਾ ਲੈਂਦਾ ਸੀ। 10 ੧੦ ਫੇਰ ਇਸਰਾਏਲ ਨੇ ਕੂਚ ਕਰਕੇ, ਓਬੋਥ ਵਿੱਚ ਡੇਰੇ ਲਾਏ। 11 ੧੧ ਫੇਰ ਓਬੋਥ ਤੋਂ ਕੂਚ ਕਰਕੇ, ਈਯੇਅਬਾਰੀਮ ਦੀ ਉਸ ਉਜਾੜ ਵਿੱਚ, ਜਿਹੜੀ ਮੋਆਬ ਦੇ ਸਾਹਮਣੇ ਪੂਰਬ ਦਿਸ਼ਾ ਵੱਲ ਹੈ, ਡੇਰੇ ਲਾਏ। 12 ੧੨ ਉੱਥੋਂ ਕੂਚ ਕਰਕੇ ਜ਼ਰਦ ਦੀ ਵਾਦੀ ਵਿੱਚ ਡੇਰੇ ਲਾਏ। 13 ੧੩ ਫੇਰ ਉੱਥੋਂ ਕੂਚ ਕਰ ਕੇ ਉਨ੍ਹਾਂ ਨੇ ਆਪਣੇ ਡੇਰੇ ਅਰਨੋਨ ਨਦੀ ਦੇ ਦੂਜੇ ਪਾਸੇ ਲਾਏ, ਜਿਹੜੀ ਉਜਾੜ ਵਿੱਚ ਦੀ ਅਮੋਰੀਆਂ ਦੀ ਸਰਹੱਦ ਤੋਂ ਨਿੱਕਲਦੀ ਹੈ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਉੱਤੇ ਮੋਆਬ ਅਤੇ ਅਮੋਰੀਆਂ ਦੇ ਵਿਚਕਾਰ ਹੈ। 14 ੧੪ ਇਸ ਲਈ ਯਹੋਵਾਹ ਦੀ ਜੰਗ ਨਾਮ ਦੀ ਪੁਸਤਕ ਵਿੱਚ ਲਿਖਿਆ ਹੈ: ਵਾਹੇਬ ਜਿਹੜਾ ਸੂਫ਼ਾਹ ਵਿੱਚ ਹੈ, ਅਤੇ ਅਰਨੋਨ ਦੀਆਂ ਵਾਦੀਆਂ। 15 ੧੫ ਅਤੇ ਵਾਦੀਆਂ ਦੀ ਢਾਲ਼, ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ। 16 ੧੬ ਉੱਥੋਂ ਉਹ ਬਏਰ ਨੂੰ ਗਏ ਜਿੱਥੇ ਉਹ ਖੂਹ ਹੈ ਜਿਸ ਦੇ ਵਿਖੇ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਪਰਜਾ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ। 17 ੧੭ ਤਦ ਇਸਰਾਏਲ ਨੇ ਇਹ ਗੀਤ ਗਾਇਆ: ਹੇ ਖੂਹ, ਉਮੜ੍ਹ ਆ! ਉਸ ਲਈ ਗਾਓ। 18 ੧੮ ਉਹ ਖੂਹ ਜਿਸ ਨੂੰ ਹਾਕਮਾਂ ਨੇ ਪੁੱਟਿਆ, ਅਤੇ ਲੋਕਾਂ ਦੇ ਪਤਵੰਤਾਂ ਨੇ ਆੱਸੇ ਨਾਲ ਅਤੇ ਆਪਣੀਆਂ ਲਾਠੀਆਂ ਨਾਲ ਕੱਢਿਆ! 19 ੧੯ ਉਹ ਫੇਰ ਉਜਾੜ ਤੋਂ ਮੱਤਾਨਾਹ ਨੂੰ ਗਏ ਅਤੇ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ ਨੂੰ। 20 ੨੦ ਅਤੇ ਬਾਮੋਥ ਤੋਂ ਉਸ ਘਾਟੀ ਨੂੰ ਜਿਹੜੀ ਮੋਆਬ ਦੇ ਮੈਦਾਨ ਵਿੱਚ ਹੈ, ਫੇਰ ਪਿਸਗਾਹ ਦੀ ਟੀਸੀ ਨੂੰ ਜਿਹੜੀ ਉਜਾੜ ਵੱਲ ਨੂੰ ਝੁਕੀ ਹੋਈ ਹੈ। 21 ੨੧ ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ, 22 ੨੨ ਤੁਸੀਂ ਸਾਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘ ਜਾਣ ਦਿਓ। ਅਸੀਂ ਖੇਤ, ਅੰਗੂਰਾਂ ਦੇ ਬਾਗ਼ਾਂ ਵਿੱਚ ਨਹੀਂ ਵੜਾਂਗੇ, ਨਾ ਅਸੀਂ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਰਾਹੀਂ ਚੱਲਾਂਗੇ ਜਦ ਤੱਕ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ। 23 ੨੩ ਪਰ ਸੀਹੋਨ ਨੇ ਇਸਰਾਏਲ ਨੂੰ ਆਪਣੀਆਂ ਹੱਦਾਂ ਦੇ ਵਿੱਚ ਦੀ ਨਾ ਲੰਘਣ ਦਿੱਤਾ, ਪਰ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕੀਤੇ ਅਤੇ ਇਸਰਾਏਲ ਦਾ ਸਾਹਮਣਾ ਕਰਨ ਲਈ ਉਜਾੜ ਵਿੱਚ ਯਹਸ ਨੂੰ ਗਿਆ ਅਤੇ ਇਸਰਾਏਲ ਨਾਲ ਲੜਿਆ। 24 ੨੪ ਤਦ ਇਸਰਾਏਲ ਨੇ ਉਹ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਅਰਨੋਨ ਤੋਂ ਯਬੋਕ ਨਦੀ ਤੱਕ ਅਰਥਾਤ ਅੰਮੋਨੀਆਂ ਤੱਕ ਉਹ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਕਿਉਂ ਜੋ ਅੰਮੋਨੀਆਂ ਦੀ ਹੱਦ ਪੱਕੀ ਸੀ। 25 ੨੫ ਅਤੇ ਇਸਰਾਏਲ ਨੇ ਇਹ ਸਾਰੇ ਸ਼ਹਿਰ ਲੈ ਲਏ ਅਤੇ ਇਸਰਾਏਲ ਹਸ਼ਬੋਨ ਵਿੱਚ ਅਮੋਰੀਆਂ ਦੇ ਸਾਰੇ ਸ਼ਹਿਰਾਂ ਅਤੇ ਉਸ ਦੇ ਸਾਰੇ ਪਿੰਡਾਂ ਵਿੱਚ ਵੱਸ ਗਿਆ। 26 ੨੬ ਕਿਉਂ ਜੋ ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ, ਜਿਸ ਨੇ ਮੋਆਬ ਦੇ ਅਗਲੇ ਰਾਜੇ ਨਾਲ ਲੜ ਕੇ ਉਸ ਦੇ ਸਾਰੇ ਦੇਸ ਨੂੰ ਉਸ ਦੇ ਹੱਥੋਂ ਅਰਨੋਨ ਤੱਕ ਜਿੱਤ ਲਿਆ ਸੀ। 27 ੨੭ ਇਸ ਲਈ ਕਵੀ ਆਖਦੇ ਹਨ: ਹਸ਼ਬੋਨ ਵਿੱਚ ਆਓ, ਸੀਹੋਨ ਦਾ ਸ਼ਹਿਰ ਬਣਾਇਆ ਅਤੇ ਪੱਕਾ ਕੀਤਾ ਜਾਵੇ। 28 ੨੮ ਕਿਉਂ ਜੋ ਅੱਗ ਹਸ਼ਬੋਨ ਤੋਂ ਨਿੱਕਲੀ, ਅਤੇ ਸੀਹੋਨ ਦੇ ਨਗਰ ਤੋਂ ਇੱਕ ਲਾਟ, ਮੋਆਬ ਦੇ ਆਰ ਨਗਰ ਨੂੰ ਭਸਮ ਕੀਤਾ, ਨਾਲੇ ਅਰਨੋਨ ਦੇ ਉਚਿਆਈਆਂ ਵਿੱਚ ਵੱਸਣ ਵਾਲੇ ਮਾਲਕਾਂ ਨੂੰ ਵੀ ਤਬਾਹ ਕੀਤਾ। 29 ੨੯ ਹੇ ਮੋਆਬ, ਤੇਰੇ ਉੱਤੇ ਹਾਏ! ਹੇ ਕਮੋਸ਼ ਦੇ ਪੁਜਾਰੀਓ, ਤੁਸੀਂ ਬਰਬਾਦ ਹੋਏ! ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਛੱਡਿਆ, ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜਾ ਸੀਹੋਨ ਦੀ ਦਾਸੀਆਂ ਬਣਾ ਦਿੱਤਾ! 30 ੩੦ ਅਸੀਂ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕੀਤੀ, ਹਸ਼ਬੋਨ, ਦੀਬੋਨ ਸ਼ਹਿਰ ਤੱਕ ਬਰਬਾਦ ਹੋਇਆ, ਅਤੇ ਅਸੀਂ ਨੋਫ਼ਾਹ ਅਤੇ ਮੇਦਬਾ ਸ਼ਹਿਰ ਤੱਕ ਤਬਾਹ ਕੀਤਾ ਹੈ। 31 ੩੧ ਇਸ ਤਰ੍ਹਾਂ ਇਸਰਾਏਲ ਅਮੋਰੀਆਂ ਦੇ ਖੇਤਰ ਵਿੱਚ ਵੱਸਿਆ। 32 ੩੨ ਫੇਰ ਮੂਸਾ ਨੇ ਯਾਜ਼ੇਰ ਦਾ ਭੇਤ ਜਾਣਨ ਲਈ ਮਨੁੱਖ ਘੱਲੇ ਅਤੇ ਉਨ੍ਹਾਂ ਨੇ ਉਸ ਦੇ ਪਿੰਡਾਂ ਨੂੰ ਵੱਸ ਵਿੱਚ ਕਰ ਲਿਆ ਅਤੇ ਉੱਥੋਂ ਦੇ ਅਮੋਰੀਆਂ ਨੂੰ ਕੱਢ ਦਿੱਤਾ। 33 ੩੩ ਫੇਰ ਮੁੜ ਕੇ ਉਹ ਬਾਸ਼ਾਨ ਦੇ ਰਾਹ ਤੋਂ ਉਤਾਹਾਂ ਨੂੰ ਗਏ ਅਤੇ ਓਗ ਬਾਸ਼ਾਨ ਦਾ ਰਾਜਾ ਅਤੇ ਉਸ ਦੀ ਸਾਰੀ ਪਰਜਾ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਆਈ ਅਤੇ ਅਦਰਈ ਵਿੱਚ ਉਨ੍ਹਾਂ ਦੇ ਨਾਲ ਯੁੱਧ ਕੀਤਾ। 34 ੩੪ ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੀ ਸਾਰੀ ਸੈਨਾਂ ਨੂੰ ਅਤੇ ਉਸ ਦੇ ਦੇਸ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤੂੰ ਉਸ ਦੇ ਨਾਲ ਉਸੇ ਤਰ੍ਹਾਂ ਕਰੇਂਗਾ ਜਿਵੇਂ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਜੋ ਹਸ਼ਬੋਨ ਵਿੱਚ ਵੱਸਦਾ ਸੀ। 35 ੩੫ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਸ ਦੀ ਸਾਰੀ ਸੈਨਾਂ ਨੂੰ ਅਜਿਹਾ ਮਾਰਿਆ ਕਿ ਉਨ੍ਹਾਂ ਦਾ ਕੱਖ ਵੀ ਨਾ ਰਿਹਾ ਅਤੇ ਉਨ੍ਹਾਂ ਨੇ ਉਸ ਦੀ ਧਰਤੀ ਉੱਤੇ ਵੀ ਕਬਜ਼ਾ ਕਰ ਲਿਆ।

< ਗਿਣਤੀ 21 >