< ਗਿਣਤੀ 12 >

1 ਮੂਸਾ ਨੇ ਇੱਕ ਕੂਸ਼ੀ ਇਸਤਰੀ ਨਾਲ ਵਿਆਹ ਕਰ ਲਿਆ ਸੀ। ਇਸ ਲਈ ਮਿਰਯਮ ਅਤੇ ਹਾਰੂਨ, ਉਸ ਕੂਸ਼ੀ ਇਸਤਰੀ ਨਾਲ ਵਿਆਹ ਕਰਵਾਉਣ ਦੇ ਕਾਰਨ ਮੂਸਾ ਦੀ ਬੁਰਾਈ ਕਰਨ ਲੱਗੇ, 2 ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ? ਯਹੋਵਾਹ ਨੇ ਉਹਨਾਂ ਦੀਆਂ ਇਹ ਗੱਲਾਂ ਨੂੰ ਸੁਣਿਆ, 3 ਹੁਣ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਧਰਤੀ ਉੱਤੇ ਵੱਸਦੇ ਸਨ, ਬਹੁਤ ਹੀ ਹਲੀਮ ਸੁਭਾਅ ਦਾ ਸੀ। 4 ਫੇਰ ਯਹੋਵਾਹ ਨੇ ਇਕਦਮ ਮੂਸਾ, ਹਾਰੂਨ ਅਤੇ ਮਿਰਯਮ ਨੂੰ ਆਖਿਆ, ਤੁਸੀਂ ਤਿੰਨੋਂ ਮੰਡਲੀ ਦੇ ਤੰਬੂ ਕੋਲ ਆ ਜਾਓ, ਤਦ ਉਹ ਤਿੰਨੇ ਬਾਹਰ ਗਏ। 5 ਤਦ ਯਹੋਵਾਹ ਬੱਦਲ ਦੇ ਥੰਮ੍ਹ ਵਿੱਚ ਉਤਰਿਆ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਹੋ ਗਿਆ ਅਤੇ ਹਾਰੂਨ ਅਤੇ ਮਿਰਯਮ ਨੂੰ ਸੱਦਿਆ ਤਾਂ ਉਹ ਦੋਵੇਂ ਬਾਹਰ ਆਏ। 6 ਉਸ ਨੇ ਆਖਿਆ, ਮੇਰੀਆਂ ਗੱਲਾਂ ਸੁਣੋ। ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਣ ਵਿੱਚ ਉਸ ਉੱਤੇ ਪ੍ਰਗਟ ਕਰਾਂਗਾ ਜਾਂ ਸੁਫ਼ਨੇ ਵਿੱਚ ਮੈਂ ਉਸ ਨਾਲ ਬੋਲਾਂਗਾ। 7 ਪਰ ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ। ਉਹ ਮੇਰੇ ਸਾਰੇ ਘਰ ਵਿੱਚ ਵਿਸ਼ਵਾਸਯੋਗ ਹੈ। 8 ਮੈਂ ਉਹ ਦੇ ਨਾਲ ਆਹਮੋ-ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ। ਫੇਰ ਤੁਸੀਂ ਮੇਰੇ ਦਾਸ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ? 9 ਤਦ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਅਤੇ ਉਹ ਚੱਲਿਆ ਗਿਆ। 10 ੧੦ ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਗੂੰ ਚਿੱਟੀ ਹੋ ਗਈ ਅਤੇ ਹਾਰੂਨ ਨੇ ਮਿਰਯਮ ਨੂੰ ਦੇਖਿਆ ਕਿ ਉਹ ਕੋੜ੍ਹਨ ਹੋ ਗਈ ਸੀ! 11 ੧੧ ਉਪਰੰਤ ਹਾਰੂਨ ਨੇ ਮੂਸਾ ਨੂੰ ਆਖਿਆ, ਹੇ ਮੇਰੇ ਸੁਆਮੀ ਜੀ, ਇਹ ਪਾਪ ਸਾਡੇ ਉੱਤੇ ਨਾ ਲਾਓ ਜੋ ਅਸੀਂ ਇਹ ਮੂਰਖਤਾਈ ਕੀਤੀ ਹੈ। 12 ੧੨ ਮਿਰਯਮ ਨੂੰ ਮਰੇ ਹੋਏ ਜਿਹਾ ਨਾ ਰਹਿਣ ਦੇ, ਜਿਸ ਦਾ ਸਰੀਰ ਜਮਾਂਦਰੂ ਹੀ ਅੱਧਾ ਗਲਿਆ ਹੋਇਆ ਹੋਵੇ। 13 ੧੩ ਤਦ ਮੂਸਾ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਕਿ ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਉਹ ਨੂੰ ਚੰਗਾ ਕਰ। 14 ੧੪ ਯਹੋਵਾਹ ਨੇ ਮੂਸਾ ਨੂੰ ਆਖਿਆ, ਜੇ ਉਹ ਦੇ ਪਿਤਾ ਨੇ ਨਿਰਾ ਉਹ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ ਤਾਂ ਕੀ ਉਹ ਨੂੰ ਸੱਤਾਂ ਦਿਨਾਂ ਤੱਕ ਸ਼ਰਮ ਨਾ ਆਉਂਦੀ? ਇਸ ਲਈ ਉਹ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੇ ਅਤੇ ਉਹ ਮੁੜ੍ਹ ਅੰਦਰ ਨਾ ਆਵੇ। 15 ੧੫ ਇਸ ਲਈ ਮਿਰਯਮ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੀ, ਅਤੇ ਜਦ ਤੱਕ ਮਿਰਯਮ ਵਾਪਸ ਨਾ ਆਈ ਲੋਕਾਂ ਨੇ ਕੂਚ ਨਾ ਕੀਤਾ। 16 ੧੬ ਇਸ ਦੇ ਬਾਅਦ ਇਸਰਾਏਲ ਨੇ ਹਸੇਰੋਥ ਤੋਂ ਕੂਚ ਕੀਤਾ ਅਤੇ ਪਾਰਾਨ ਦੀ ਉਜਾੜ ਵਿੱਚ ਡੇਰੇ ਲਾਏ।

< ਗਿਣਤੀ 12 >