ਲੂਕਾ 8

1 ਕੁਝ ਸਮੇਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ ਬਾਰਾਂ ਚੇਲਿਆਂ ਨਾਲ ਨਗਰਾਂ ਅਤੇ ਪਿੰਡਾਂ ਵਿੱਚ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਉਂਦਾ ਸੀ। 2 ਅਤੇ ਕਈ ਔਰਤਾਂ ਵੀ ਜਿਹੜੀਆਂ ਦੁਸ਼ਟ ਆਤਮਾਵਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜਿਸ ਨੂੰ ਮਗਦਲੀਨੀ ਆਖਦੇ ਸਨ। ਜਿਸ ਦੇ ਵਿੱਚੋਂ ਸੱਤ ਭੂਤਾਂ ਨਿੱਕਲੀਆਂ ਸਨ। 3 ਅਤੇ ਯੋਆਨਾ ਜੋ ਹੇਰੋਦੇਸ ਦੇ ਦਰਬਾਰੀ ਖੂਜ਼ਾਹ ਦੀ ਪਤਨੀ ਅਤੇ ਸੁਸੰਨਾ ਅਤੇ ਹੋਰ ਬਹੁਤ ਸਾਰੀਆਂ ਔਰਤਾਂ ਸਨ ਜੋ ਆਪਣੀ ਸੰਪਤੀ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ। 4 ਜਦ ਵੱਡੀ ਭੀੜ ਇਕੱਠੀ ਸੀ ਅਤੇ ਨਗਰਾਂ ਦੇ ਲੋਕ ਉਸ ਦੇ ਕੋਲ ਆਉਂਦੇ ਸਨ, ਤਾਂ ਉਸ ਨੇ ਦ੍ਰਿਸ਼ਟਾਂਤ ਨਾਲ ਆਖਿਆ 5 ਕਿ ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ਅਤੇ ਬੀਜਦੇ ਹੋਏ ਕੁਝ ਬੀਜ ਸੜਕ ਦੇ ਕੰਢੇ ਜਾ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਨੂੰ ਚੁਗ ਲਿਆ। 6 ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜੋ ਉੱਗਦਿਆਂ ਹੀ ਸੁੱਕ ਗਏ ਕਿਉਂ ਜੋ ਉਹਨਾਂ ਨੂੰ ਪਾਣੀ ਨਾ ਮਿਲਿਆ। 7 ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਕੰਡਿਆਲੀਆਂ ਝਾੜੀਆਂ ਨੇ ਨਾਲ ਹੀ ਵੱਧ ਕੇ ਉਹਨਾਂ ਨੂੰ ਦਬਾ ਲਿਆ। 8 ਅਤੇ ਕੁਝ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਉੱਗ ਕੇ ਸੌ ਗੁਣਾ ਫਲ ਦਿੱਤਾ। ਉਹ ਇਹ ਗੱਲਾਂ ਕਹਿ ਕੇ ਉੱਚੀ ਆਵਾਜ਼ ਵਿੱਚ ਬੋਲਿਆ ਕਿ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ! 9 ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ? 10 ੧੦ ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ। 11 ੧੧ ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ ਕਿ ਬੀਜ ਪਰਮੇਸ਼ੁਰ ਦਾ ਬਚਨ ਹੈ। 12 ੧੨ ਅਤੇ ਸੜਕ ਦੇ ਕੰਢੇ ਵਾਲੇ ਉਹ ਹਨ ਜਿਨ੍ਹਾਂ ਬਚਨ ਨੂੰ ਸੁਣਿਆ, ਤਦ ਸ਼ੈਤਾਨ ਆ ਕੇ ਉਸ ਬਚਨ ਨੂੰ ਉਨ੍ਹਾਂ ਦੇ ਦਿਲਾਂ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਕਿ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰ ਕੇ ਮੁਕਤੀ ਪਾਉਣ। 13 ੧੩ ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ। 14 ੧੪ ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਸਨ, ਸੋ ਉਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਆਪਣੇ ਜੀਵਨ ਦੀਆਂ ਚਿੰਤਾਵਾਂ, ਧਨ ਦਾ ਲੋਭ ਅਤੇ ਭੋਗ ਬਿਲਾਸ ਵਿੱਚ ਪੈ ਕੇ ਸੁਣੇ ਹੋਏ ਬਚਨ ਅਨੁਸਾਰ ਫਲਦਾਇਕ ਨਹੀਂ ਹੁੰਦੇ ਹਨ। 15 ੧੫ ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗਿਆ ਸੋ ਉਹ ਹਨ ਜਿਹੜੇ ਬਚਨ ਨੂੰ ਸੁਣ ਕੇ ਚੰਗੇ ਅਤੇ ਖਰੇ ਦਿਲ ਵਿੱਚ ਸਾਂਭ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ। 16 ੧੬ ਕੋਈ ਮਨੁੱਖ ਦੀਵਾ ਬਾਲ ਕੇ ਉਸ ਨੂੰ ਕਟੋਰੇ ਜਾਂ ਮੰਜੇ ਦੇ ਹੇਠ ਨਹੀਂ ਰੱਖਦਾ ਹੈ ਪਰ ਦੀਵਟ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਚਾਨਣ ਵੇਖਣ। 17 ੧੭ ਕੁਝ ਛੁੱਪਿਆ ਨਹੀਂ ਜੋ ਪਰਗਟ? ਨਾ ਹੋਵੇਗਾ ਅਤੇ ਕੁਝ ਗੁਪਤ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ। 18 ੧੮ ਇਸ ਕਰਕੇ ਸੁਚੇਤ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ ਕਿਉਂਕਿ ਜਿਸ ਦੇ ਕੋਲ ਕੁਝ ਹੋਵੇ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜਿਸ ਨੂੰ ਉਹ ਆਪਣਾ ਸਮਝਦਾ ਹੈ। 19 ੧੯ ਯਿਸੂ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਪਹੁੰਚ ਸਕੇ। 20 ੨੦ ਉਸ ਨੂੰ ਖ਼ਬਰ ਦਿੱਤੀ ਗਈ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਤੈਨੂੰ ਮਿਲਣਾ ਚਾਹੁੰਦੇ ਹਨ। 21 ੨੧ ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ। 22 ੨੨ ਫਿਰ ਇੱਕ ਦਿਨ ਯਿਸੂ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ੍ਹ ਦਿੱਤੀ। 23 ੨੩ ਪਰ ਜਦ ਉਹ ਬੇੜੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਿਆ ਅਤੇ ਝੀਲ ਵਿੱਚ ਤੂਫ਼ਾਨ ਆਇਆ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ। ਇਸ ਲਈ ਉਹ ਖ਼ਤਰੇ ਵਿੱਚ ਸਨ। 24 ੨੪ ਤਦ ਚੇਲਿਆਂ ਨੇ ਆ ਕੇ ਯਿਸੂ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ! ਅਸੀਂ ਤਾਂ ਮਰ ਚੱਲੇ ਹਾਂ! ਤਦ ਉਸ ਨੇ ਉੱਠ ਕੇ ਤੂਫ਼ਾਨ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਸ਼ਾਂਤ ਹੋ ਗਈਆਂ। 25 ੨੫ ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡਾ ਵਿਸ਼ਵਾਸ ਕਿੱਥੇ ਹੈ? ਅਤੇ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਗੱਲ ਮੰਨਦੇ ਹਨ?। 26 ੨੬ ਉਹ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ। 27 ੨੭ ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ। 28 ੨੮ ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ! 29 ੨੯ ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਬਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ। 30 ੩੦ ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ। 31 ੩੧ ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ! (Abyssos g12) 32 ੩੨ ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ। 33 ੩੩ ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ। 34 ੩੪ ਤਦ ਉਹਨਾਂ ਦੇ ਚੁਗਾਉਣ ਵਾਲੇ ਇਹ ਸਭ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਇਸ ਦੀ ਖ਼ਬਰ ਪਹੁੰਚਾਈ। 35 ੩੫ ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਸਭ ਜੋ ਵਾਪਰਿਆ ਸੀ, ਵੇਖਣ ਨੂੰ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਆਦਮੀ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ। 36 ੩੬ ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਿਸ ਦੇ ਵਿੱਚ ਦੁਸ਼ਟ ਆਤਮਾਵਾਂ ਸਨ ਕਿਸ ਪ੍ਰਕਾਰ ਚੰਗਾ ਹੋ ਗਿਆ। 37 ੩੭ ਤਦ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਦੇ ਅੱਗੇ ਬੇਨਤੀ ਕੀਤੀ ਜੋ ਸਾਡੇ ਕੋਲੋਂ ਚਲੇ ਜਾਓ ਕਿਉਂ ਜੋ ਉਹ ਬਹੁਤ ਹੀ ਡਰ ਗਏ ਸਨ। ਸੋ ਉਹ ਬੇੜੀ ਉੱਤੇ ਚੜ੍ਹ ਕੇ ਵਾਪਸ ਚੱਲਿਆ ਗਿਆ। 38 ੩੮ ਅਤੇ ਉਸ ਆਦਮੀ ਨੇ ਜਿਸ ਦੇ ਵਿੱਚੋਂ ਭੂਤਾਂ ਨਿੱਕਲੀਆਂ ਸਨ, ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ ਪਰ ਯਿਸੂ ਨੇ ਇਹ ਕਹਿ ਕੇ ਉਸ ਨੂੰ ਵਿਦਿਆ ਕੀਤਾ 39 ੩੯ ਜੋ ਆਪਣੇ ਘਰ ਨੂੰ ਮੁੜ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪਰਮੇਸ਼ੁਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ। ਤਾਂ ਉਹ ਸਾਰੇ ਨਗਰ ਵਿੱਚ ਲੋਕਾਂ ਨੂੰ ਦੱਸਣ ਲੱਗਾ ਜੋ ਯਿਸੂ ਨੇ ਉਸ ਦੇ ਲਈ ਕਿੰਨੇ ਵੱਡੇ ਕੰਮ ਕੀਤੇ। 40 ੪੦ ਜਦ ਯਿਸੂ ਵਾਪਸ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ। 41 ੪੧ ਉਸੇ ਸਮੇਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਜਿਹੜਾ ਪ੍ਰਾਰਥਨਾ ਘਰ ਦਾ ਸਰਦਾਰ ਸੀ ਅਤੇ ਉਸ ਨੇ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ। 42 ੪੨ ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ। 43 ੪੩ ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ। 44 ੪੪ ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ। 45 ੪੫ ਤਦ ਯਿਸੂ ਨੇ ਕਿਹਾ, ਮੈਨੂੰ ਕਿਸ ਨੇ ਛੂਹਿਆ ਹੈ? ਜਦ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਸ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੁਹਾਡੇ ਉੱਤੇ ਡਿੱਗਦੀ ਹੈ। 46 ੪੬ ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂ ਜੋ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ। 47 ੪੭ ਜਦ ਉਸ ਔਰਤ ਨੇ ਵੇਖਿਆ ਜੋ ਮੈਂ ਲੁੱਕ ਨਹੀਂ ਸਕਦੀ ਤਾਂ ਕੰਬਦੀ-ਕੰਬਦੀ ਯਿਸੂ ਕੋਲ ਆਈ ਅਤੇ ਉਸ ਦੇ ਚਰਨਾਂ ਵਿੱਚ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਆਪਣਾ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੂਹਿਆ ਅਤੇ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ। 48 ੪੮ ਯਿਸੂ ਨੇ ਉਸ ਨੂੰ ਆਖਿਆ, ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ। 49 ੪੯ ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ। 50 ੫੦ ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ। 51 ੫੧ ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ। 52 ੫੨ ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ। 53 ੫੩ ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ। 54 ੫੪ ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ! 55 ੫੫ ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ। 56 ੫੬ ਉਸ ਦੇ ਮਾਪੇ ਹੈਰਾਨ ਰਹਿ ਗਏ, ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ।