< ਲੂਕਾ 21 >

1 ਯਿਸੂ ਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਦਾਨ ਪਾਤਰ ਵਿੱਚ ਪਾਉਂਦਿਆਂ ਵੇਖਿਆ। 2 ਅਤੇ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਵੀ ਵੇਖਿਆ ਜਿਸ ਨੇ ਕੇਵਲ ਦੋ ਦਮੜੀਆਂ ਪਾਈਆਂ। 3 ਤਾਂ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭ ਨਾਲੋਂ ਜ਼ਿਆਦਾ ਪਾਇਆ ਹੈ। 4 ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁਝ ਦਾਨ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਪਾ ਦਿੱਤੀ। 5 ਜਦ ਬਹੁਤ ਲੋਕ ਹੈਕਲ ਦੇ ਬਾਰੇ ਗੱਲਾਂ ਕਰਦੇ ਸਨ ਜੋ ਉਹ ਸੋਹਣੇ ਪੱਥਰਾਂ ਅਤੇ ਭੇਟਾਂ ਨਾਲ ਕਿਹੋ ਜਿਹੀ ਸੁਆਰੀ ਹੋਈ ਹੈ ਤਾਂ ਉਸ ਨੇ ਆਖਿਆ। 6 ਜੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇਗਾ। 7 ਅੱਗੋਂ ਉਨ੍ਹਾਂ ਨੇ ਯਿਸੂ ਤੋਂ ਪੁੱਛਿਆ, ਫਿਰ ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਚਿੰਨ੍ਹ ਹੈ, ਜਦ ਇਹ ਗੱਲਾਂ ਹੋਣ ਲੱਗਣਗੀਆਂ? 8 ਤਾਂ ਉਸ ਨੇ ਆਖਿਆ, “ਚੌਕਸ ਰਹੋ ਜੋ ਤੁਸੀਂ ਕਿਤੇ ਭੁਲੇਖੇ ਵਿੱਚ ਨਾ ਪਓ। ਕਿਉਂ ਜੋ ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ‘ਮੈਂ ਉਹੋ ਹਾਂ’ ਅਤੇ ‘ਉਹ ਸਮਾਂ ਨੇੜੇ ਹੈ।’ ਉਨ੍ਹਾਂ ਦੇ ਮਗਰ ਨਾ ਲੱਗਣਾ। 9 ਪਰ ਜਦ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖ਼ਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਉਸ ਸਮੇਂ ਨਹੀਂ।” 10 ੧੦ ਤਦ ਉਸ ਨੇ ਉਹਨਾਂ ਨੂੰ ਕਿਹਾ, ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। 11 ੧੧ ਅਤੇ ਥਾਂ-ਥਾਂ ਕਾਲ ਅਤੇ ਵੱਡੇ ਭੂਚਾਲ ਅਤੇ ਮਹਾਂਮਾਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਤੇ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ। 12 ੧੨ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਪ੍ਰਾਰਥਨਾ ਘਰਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ। 13 ੧੩ ਇਹ ਤੁਹਾਡੇ ਲਈ ਗਵਾਹੀ ਦੇਣ ਦਾ ਮੌਕਾ ਹੋਵੇਗਾ। 14 ੧੪ ਇਸ ਲਈ ਆਪਣੇ ਮਨ ਵਿੱਚ ਠਾਣ ਲਵੋ ਜੋ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ। 15 ੧੫ ਕਿਉਂ ਜੋ ਮੈਂ ਤੁਹਾਨੂੰ ਇਹੋ ਜਿਹੇ ਬੋਲ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾ ਵਿਰੋਧ ਨਾ ਕਰ ਸਕਣਗੇ। 16 ੧੬ ਅਤੇ ਤੁਹਾਡੇ ਮਾਂ ਪਿਉ ਅਤੇ ਭਾਈ ਅਤੇ ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ। 17 ੧੭ ਅਤੇ ਮੇਰੇ ਨਾਮ ਕਾਰਨ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ। 18 ੧੮ ਪਰ ਤੁਹਾਡੇ ਸਿਰ ਦਾ ਇੱਕ ਵੀ ਵਾਲ਼ ਵਿੰਗਾ ਨਾ ਹੋਵੇਗਾ 19 ੧੯ ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾਓਗੇ। 20 ੨੦ ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਸ ਦੀ ਬਰਬਾਦੀ ਨੇੜੇ ਆ ਪਹੁੰਚੀ ਹੈ। 21 ੨੧ ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਵੱਲ ਭੱਜ ਜਾਣ ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਸ ਦੇ ਅੰਦਰ ਨਾ ਵੜਨ। 22 ੨੨ ਕਿਉਂ ਜੋ ਇਹ ਬਦਲਾ ਲੈਣ ਦੇ ਦਿਨ ਹਨ, ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ। 23 ੨੩ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡਾ ਕਲੇਸ਼ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ। 24 ੨੪ ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ। 25 ੨੫ ਸੂਰਜ, ਚੰਦ ਅਤੇ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਤੇ ਉਸ ਦੀਆਂ ਲਹਿਰਾਂ ਦੇ ਗਰਜਣ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ। 26 ੨੬ ਅਤੇ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੇ ਇੰਤਜ਼ਾਰ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਦਿਲ ਡੋਲ ਜਾਣਗੇ ਕਿਉਂ ਜੋ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 27 ੨੭ ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 28 ੨੮ ਜਦ ਇਹ ਗੱਲਾਂ ਪੂਰੀਆਂ ਹੋਣ ਲੱਗਣ ਤਾਂ ਆਪਣੇ ਸਿਰ ਉੱਪਰ ਉੱਠਾਓ, ਇਸ ਲਈ ਜੋ ਤੁਹਾਡਾ ਛੁਟਕਾਰਾ ਨੇੜੇ ਆਇਆ ਹੈ।” 29 ੨੯ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਹੰਜ਼ੀਰ ਦੇ ਰੁੱਖ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ। 30 ੩੦ ਜਦ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। 31 ੩੧ ਇਸੇ ਪ੍ਰਕਾਰ ਹੀ ਜਦ ਤੁਸੀਂ ਵੇਖੋ ਜੋ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣ ਲਓ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ। 32 ੩੨ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। 33 ੩੩ ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ। 34 ੩੪ ਖ਼ਬਰਦਾਰ ਰਹੋ ਜੋ ਹੱਦ ਤੋਂ ਵੱਧ ਖਾਣ-ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਸੁਸਤ ਨਾ ਹੋ ਜਾਣ ਅਤੇ ਉਹ ਦਿਨ ਫੰਦੇ ਵਾਂਗੂੰ ਤੁਹਾਡੇ ਉੱਤੇ ਅਚਾਨਕ ਆ ਪਵੇ! 35 ੩੫ ਕਿਉਂ ਜੋ ਉਹ ਸਾਰੀ ਧਰਤੀ ਦੇ ਸਭ ਵਸਨੀਕਾਂ ਉੱਤੇ ਆਵੇਗਾ। 36 ੩੬ ਪਰ ਪ੍ਰਾਰਥਨਾ ਕਰਦਿਆਂ ਹਰ ਸਮੇਂ ਜਾਗਦੇ ਰਹੋ, ਜੋ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ। 37 ੩੭ ਉਹ ਦਿਨ ਦੇ ਸਮੇਂ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਜੈਤੂਨ ਦੇ ਪਹਾੜ ਉੱਤੇ ਟਿਕਦਾ ਹੁੰਦਾ ਸੀ। 38 ੩੮ ਅਤੇ ਸਭ ਲੋਕ ਉਸ ਦਾ ਉਪਦੇਸ਼ ਸੁਣਨ ਲਈ ਹੈਕਲ ਵਿੱਚ ਤੜਕੇ ਉਸ ਦੇ ਕੋਲ ਆਉਂਦੇ ਸਨ।

< ਲੂਕਾ 21 >