< ਲੇਵੀਆਂ ਦੀ ਪੋਥੀ 17 >

1 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੀ ਸਾਰੀ ਮੰਡਲੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਖ, ਜਿਸ ਕੰਮ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ, ਉਹ ਇਹ ਹੈ: 3 ਜੇਕਰ ਇਸਰਾਏਲ ਦੇ ਘਰਾਣੇ ਤੋਂ ਕੋਈ ਵੀ ਮਨੁੱਖ ਜੋ ਬਲ਼ਦ, ਜਾਂ ਲੇਲਾ, ਜਾਂ ਬੱਕਰਾ ਡੇਰੇ ਵਿੱਚ ਜਾਂ ਡੇਰੇ ਤੋਂ ਬਾਹਰ ਵੱਢੇ, 4 ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ, ਯਹੋਵਾਹ ਦੇ ਨਿਵਾਸ ਸਥਾਨ ਦੇ ਸਾਹਮਣੇ ਬਲੀ ਚੜ੍ਹਾਉਣ ਲਈ ਨਾ ਲਿਆਵੇ, ਤਾਂ ਉਹ ਮਨੁੱਖ ਖੂਨ ਦਾ ਦੋਸ਼ੀ ਠਹਿਰੇ। ਉਸ ਨੇ ਲਹੂ ਬਹਾਇਆ ਹੈ ਇਸ ਲਈ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 5 ਇਸ ਬਿਧੀ ਦਾ ਕਾਰਨ ਇਹ ਹੈ ਕਿ ਇਸਰਾਏਲੀ ਆਪਣੀਆਂ ਬਲੀਆਂ ਜਿਨ੍ਹਾਂ ਨੂੰ ਉਹ ਖੁੱਲ੍ਹੇ ਮੈਦਾਨ ਵਿੱਚ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਜਾਜਕ ਦੇ ਕੋਲ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਕਰਕੇ ਲਿਆਉਣ। 6 ਅਤੇ ਜਾਜਕ ਉਸ ਲਹੂ ਨੂੰ ਯਹੋਵਾਹ ਦੀ ਜਗਵੇਦੀ ਦੇ ਉੱਤੇ ਅਤੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਛਿੜਕੇ ਅਤੇ ਚਰਬੀ ਨੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰ ਕੇ ਸਾੜੇ। 7 ਤਾਂ ਜੋ ਉਹ ਜਿਹੜੇ ਬੱਕਰਿਆਂ ਦੀ ਪੂਜਾ ਕਰਕੇ ਵਿਭਚਾਰ ਕਰਦੇ ਹਨ, ਫੇਰ ਕਦੀ ਆਪਣੀਆਂ ਬਲੀਆਂ ਉਨ੍ਹਾਂ ਦੇ ਅੱਗੇ ਨਾ ਚੜ੍ਹਾਉਣ। ਇਹ ਉਨ੍ਹਾਂ ਦੇ ਲਈ ਉਨ੍ਹਾਂ ਦੀ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਹੋਵੇਗੀ। 8 ਤੂੰ ਉਨ੍ਹਾਂ ਨੂੰ ਇਹ ਆਖ, ਭਾਵੇਂ ਇਸਰਾਏਲ ਦੇ ਘਰਾਣੇ ਦਾ ਕੋਈ ਮਨੁੱਖ ਹੋਵੇ, ਜਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਰਹਿੰਦੇ ਹਨ, ਜਿਹੜਾ ਹੋਮ ਬਲੀ ਦੀ ਭੇਟ ਜਾਂ ਸੁੱਖ-ਸਾਂਦ ਦੀ ਭੇਟ ਚੜ੍ਹਾਵੇ, 9 ਅਤੇ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਨਾ ਲਿਆਵੇ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 10 ੧੦ ਕੋਈ ਵੀ ਮਨੁੱਖ ਭਾਵੇਂ ਇਸਰਾਏਲ ਦੇ ਘਰਾਣੇ ਦਾ ਹੋਵੇ, ਜਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ, ਜਿਹੜਾ ਕਿਸੇ ਪ੍ਰਕਾਰ ਦਾ ਲਹੂ ਖਾਵੇ ਤਾਂ ਮੈਂ ਉਸ ਲਹੂ ਖਾਣ ਵਾਲੇ ਮਨੁੱਖ ਦੇ ਵਿਰੁੱਧ ਹੋ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ। 11 ੧੧ ਕਿਉਂ ਜੋ ਸਰੀਰ ਦੀ ਜਾਨ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਦਿੱਤਾ ਹੈ, ਕਿਉਂਕਿ ਪ੍ਰਾਣਾਂ ਦੇ ਲਈ ਲਹੂ ਨਾਲ ਹੀ ਪ੍ਰਾਸਚਿਤ ਹੁੰਦਾ ਹੈ। 12 ੧੨ ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, ਕਿ ਤੁਹਾਡੇ ਵਿੱਚੋਂ ਕੋਈ ਮਨੁੱਖ ਲਹੂ ਨਾ ਖਾਵੇ, ਨਾ ਹੀ ਕੋਈ ਪਰਦੇਸੀ ਜੋ ਤੁਹਾਡੇ ਵਿਚਕਾਰ ਵੱਸਦਾ ਹੈ, ਲਹੂ ਖਾਵੇ। 13 ੧੩ ਕੋਈ ਵੀ ਮਨੁੱਖ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ, ਜਿਹੜਾ ਸ਼ਿਕਾਰ ਕਰਕੇ ਕਿਸੇ ਖਾਣ ਯੋਗ ਪਸ਼ੂ ਜਾਂ ਪੰਛੀ ਨੂੰ ਫੜ੍ਹੇ ਤਾਂ ਉਹ ਉਸ ਦੇ ਲਹੂ ਨੂੰ ਡੋਲ੍ਹ ਕੇ ਮਿੱਟੀ ਨਾਲ ਢੱਕ ਦੇਵੇ। 14 ੧੪ ਕਿਉਂ ਜੋ ਸਾਰੇ ਸਰੀਰਾਂ ਦਾ ਪ੍ਰਾਣ ਉਨ੍ਹਾਂ ਦੇ ਲਹੂ ਵਿੱਚ ਹੀ ਵੱਸਦਾ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, ਤੁਸੀਂ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਨਾ ਖਾਣਾ, ਕਿਉਂ ਜੋ ਸਾਰੇ ਸਰੀਰਾਂ ਦੀ ਜਾਨ ਉਨ੍ਹਾਂ ਦੇ ਲਹੂ ਵਿੱਚ ਹੀ ਹੈ। ਕੋਈ ਵੀ ਜਿਹੜਾ ਉਸ ਨੂੰ ਖਾਵੇ, ਉਹ ਛੇਕਿਆ ਜਾਵੇ। 15 ੧੫ ਅਤੇ ਕੋਈ ਵੀ ਮਨੁੱਖ ਜਿਹੜਾ ਆਪਣੇ ਦੇਸ ਦਾ ਹੋਵੇ ਜਾਂ ਪਰਦੇਸੀ, ਉਸ ਜੀਵ ਨੂੰ ਖਾਵੇ, ਜਿਹੜਾ ਆਪਣੇ ਆਪ ਮਰ ਗਿਆ ਹੋਵੇ, ਜਾਂ ਦੂਜੇ ਪਸ਼ੂਆਂ ਦੁਆਰਾ ਮਾਰਿਆ ਗਿਆ ਹੋਵੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ, ਉਹ ਸ਼ਾਮ ਤੱਕ ਅਸ਼ੁੱਧ ਰਹੇ। ਫੇਰ ਉਹ ਸ਼ੁੱਧ ਠਹਿਰੇਗਾ। 16 ੧੬ ਪਰ ਜੇਕਰ ਉਹ ਆਪਣੇ ਕੱਪੜੇ ਨਾ ਧੋਵੇ ਅਤੇ ਨਾ ਨਹਾਵੇ ਤਾਂ ਉਸ ਦਾ ਦੋਸ਼ ਉਸੇ ਦੇ ਜੁੰਮੇ ਹੈ।

< ਲੇਵੀਆਂ ਦੀ ਪੋਥੀ 17 >