< ਲੇਵੀਆਂ ਦੀ ਪੋਥੀ 15 >

1 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 2 ਇਸਰਾਏਲੀਆਂ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਆਖੋ, ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ। 3 ਭਾਵੇਂ ਪ੍ਰਮੇਹ ਉਸ ਦੇ ਸਰੀਰ ਤੋਂ ਵਗਦਾ ਰਹੇ ਭਾਵੇਂ ਵਗਣਾ ਬੰਦ ਵੀ ਹੋ ਜਾਵੇ ਤਾਂ ਵੀ ਉਹ ਅਸ਼ੁੱਧ ਹੈ। 4 ਉਹ ਸਾਰੇ ਵਿਛਾਉਣੇ ਜਿੰਨ੍ਹਾਂ ਦੇ ਉੱਤੇ ਪ੍ਰਮੇਹ ਵਾਲਾ ਲੇਟੇ, ਉਹ ਅਸ਼ੁੱਧ ਹੋਣ ਅਤੇ ਸਭ ਵਸਤੂਆਂ ਜਿਨ੍ਹਾਂ ਦੇ ਉੱਤੇ ਉਹ ਬੈਠੇ ਉਹ ਵੀ ਅਸ਼ੁੱਧ ਹੋਣ। 5 ਜਿਹੜਾ ਉਸ ਵਿਛਾਉਣੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 6 ਜਿਹੜਾ ਕਿਸੇ ਅਜਿਹੀ ਵਸਤੂ ਉੱਤੇ ਬੈਠੇ ਜਿਸ ਉੱਤੇ ਪ੍ਰਮੇਹ ਵਾਲਾ ਬੈਠਿਆ ਸੀ, ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 7 ਅਤੇ ਜਿਹੜਾ ਉਸ ਪ੍ਰਮੇਹ ਵਾਲੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 8 ਜੇਕਰ ਕਦੀ ਪ੍ਰਮੇਹ ਦਾ ਰੋਗੀ ਸ਼ੁੱਧ ਮਨੁੱਖ ਦੇ ਉੱਤੇ ਥੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 9 ਜਿਹੜੀ ਕਾਠੀ ਉੱਤੇ ਪ੍ਰਮੇਹ ਵਾਲਾ ਬੈਠੇ, ਉਹ ਅਸ਼ੁੱਧ ਹੋਵੇ। 10 ੧੦ ਅਤੇ ਜਿਹੜਾ ਉਸ ਵਸਤੂ ਨੂੰ ਛੂਹੇ ਜਿਹੜੀ ਪ੍ਰਮੇਹ ਵਾਲੇ ਦੇ ਹੇਠ ਸੀ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਿਹੜਾ ਅਜਿਹੀ ਵਸਤੂ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 11 ੧੧ ਜਿਸ ਨੂੰ ਪ੍ਰਮੇਹ ਹੋਵੇ, ਉਸ ਜਿਸ ਕਿਸੇ ਨੂੰ ਬਿਨ੍ਹਾਂ ਹੱਥ ਧੋਏ ਛੂਹ ਲਵੇ ਤਾਂ ਉਹ ਮਨੁੱਖ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 12 ੧੨ ਉਸ ਮਿੱਟੀ ਦੇ ਭਾਂਡੇ ਨੂੰ ਜਿਸ ਨੂੰ ਪ੍ਰਮੇਹ ਵਾਲਾ ਛੂਹੇ, ਤੋੜ ਦਿੱਤਾ ਜਾਵੇ ਅਤੇ ਸਾਰੇ ਲੱਕੜ ਦੇ ਭਾਂਡੇ ਪਾਣੀ ਨਾਲ ਧੋਤੇ ਜਾਣ। 13 ੧੩ ਜਦੋਂ ਪ੍ਰਮੇਹ ਵਾਲਾ ਮਨੁੱਖ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਲਈ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਆਪਣੇ ਕੱਪੜੇ ਧੋਵੇ ਅਤੇ ਵਗਦੇ ਪਾਣੀ ਵਿੱਚ ਨਹਾਵੇ ਤਾਂ ਉਹ ਸ਼ੁੱਧ ਹੋਵੇਗਾ। 14 ੧੪ ਅਤੇ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਆਵੇ ਅਤੇ ਜਾਜਕ ਨੂੰ ਦੇ ਦੇਵੇ। 15 ੧੫ ਤਦ ਜਾਜਕ ਉਨ੍ਹਾਂ ਵਿੱਚੋਂ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਪ੍ਰਮੇਹ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ। 16 ੧੬ ਜੇਕਰ ਕਿਸੇ ਮਨੁੱਖ ਦਾ ਵੀਰਜ ਨਿੱਕਲੇ ਤਾਂ ਉਹ ਆਪਣਾ ਸਾਰਾ ਸਰੀਰ ਪਾਣੀ ਨਾਲ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 17 ੧੭ ਅਤੇ ਜਿਸ ਕਿਸੇ ਬਸਤਰ ਜਾਂ ਚਮੜੇ ਉੱਤੇ ਉਹ ਵੀਰਜ ਪਵੇ, ਉਹ ਪਾਣੀ ਨਾਲ ਧੋਤੇ ਜਾਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ। 18 ੧੮ ਜੇਕਰ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰੇ ਅਤੇ ਉਸ ਤੋਂ ਵੀਰਜ ਨਿੱਕਲੇ ਤਾਂ ਉਹ ਦੋਵੇਂ ਪਾਣੀ ਨਾਲ ਨਹਾਉਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ। 19 ੧੯ ਜੇਕਰ ਕਿਸੇ ਇਸਤਰੀ ਨੂੰ ਪ੍ਰਮੇਹ ਹੋਵੇ ਅਤੇ ਉਸ ਦੇ ਪ੍ਰਮੇਹ ਵਿੱਚ ਲਹੂ ਹੋਵੇ ਤਾਂ ਉਹ ਸੱਤ ਦਿਨ ਤੱਕ ਵੱਖਰੀ ਕੀਤੀ ਜਾਵੇ ਅਤੇ ਜਿਹੜਾ ਉਸ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ। 20 ੨੦ ਅਤੇ ਜਦ ਤੱਕ ਉਹ ਅਸ਼ੁੱਧ ਰਹੇ ਤਦ ਤੱਕ ਜਿਸ ਕਿਸੇ ਵਸਤੂ ਉੱਤੇ ਉਹ ਲੰਮੀ ਪਵੇ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ ਉਹ ਸਭ ਅਸ਼ੁੱਧ ਹੋਣ। 21 ੨੧ ਅਤੇ ਜਿਹੜਾ ਉਸ ਦੇ ਵਿਛਾਉਣੇ ਨੂੰ ਛੂਹੇ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 22 ੨੨ ਜੇਕਰ ਕੋਈ ਉਸ ਵਸਤੂ ਨੂੰ ਛੂਹੇ ਜਿਸ ਉੱਤੇ ਉਹ ਬੈਠਦੀ ਸੀ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 23 ੨੩ ਜੇਕਰ ਕੋਈ ਉਸ ਦੇ ਵਿਛਾਉਣੇ ਨੂੰ ਜਾਂ ਕਿਸੇ ਹੋਰ ਵਸਤੂ ਨੂੰ ਜਿਸ ਉੱਤੇ ਉਹ ਬੈਠੀ ਸੀ, ਛੂਹੇ, ਜਿਸ ਉੱਤੇ ਉਸ ਦਾ ਲਹੂ ਲੱਗਿਆ ਸੀ, ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇ। 24 ੨੪ ਜੇਕਰ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦਾ ਲਹੂ ਲੱਗ ਜਾਵੇ ਤਾਂ ਉਹ ਮਨੁੱਖ ਸੱਤ ਦਿਨ ਤੱਕ ਅਸ਼ੁੱਧ ਰਹੇ ਅਤੇ ਜਿਸ ਕਿਸੇ ਵਿਛਾਉਣੇ ਉੱਤੇ ਉਹ ਲੰਮਾ ਪੈਂਦਾ ਹੈ, ਉਹ ਅਸ਼ੁੱਧ ਠਹਿਰੇ। 25 ੨੫ ਜੇਕਰ ਕਿਸੇ ਇਸਤਰੀ ਨੂੰ ਉਸ ਦੀ ਮਾਹਵਾਰੀ ਦੇ ਦਿਨਾਂ ਤੋਂ ਇਲਾਵਾ ਜਾਂ ਮਾਹਵਾਰੀ ਦੇ ਨਿਯੁਕਤ ਦਿਨਾਂ ਤੋਂ ਵੱਧ ਸਮੇਂ ਤੱਕ ਲਹੂ ਵੱਗਦਾ ਰਹੇ, ਤਾਂ ਜਦ ਤੱਕ ਉਹ ਅਜਿਹੀ ਹਾਲਤ ਵਿੱਚ ਰਹੇ ਤਦ ਤੱਕ ਉਹ ਅਸ਼ੁੱਧ ਰਹੇ। 26 ੨੬ ਉਹ ਸਾਰੇ ਵਿਛਾਉਣੇ ਜਿਨ੍ਹਾਂ ਦੇ ਉੱਤੇ ਉਹ ਆਪਣੇ ਪ੍ਰਮੇਹ ਦੇ ਸਾਰੇ ਦਿਨਾਂ ਵਿੱਚ ਲੰਮੀ ਪਵੇ, ਉਹ ਉਸ ਦੀ ਮਾਹਵਾਰੀ ਦੇ ਵਿਛਾਉਣੇ ਦੀ ਤਰ੍ਹਾਂ ਠਹਿਰਣ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ, ਉਹ ਸਭ ਉਸ ਦੀ ਮਾਹਵਾਰੀ ਦੇ ਦਿਨਾਂ ਦੀ ਅਸ਼ੁੱਧਤਾਈ ਦੀ ਤਰ੍ਹਾਂ ਅਸ਼ੁੱਧ ਹੋਣ। 27 ੨੭ ਜਿਹੜਾ ਉਨ੍ਹਾਂ ਵਸਤੂਆਂ ਨੂੰ ਛੂਹੇ, ਉਹ ਅਸ਼ੁੱਧ ਠਹਿਰੇ, ਇਸ ਲਈ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 28 ੨੮ ਪਰ ਜੇਕਰ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ, ਤਾਂ ਉਹ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗੀ। 29 ੨੯ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਅੱਗੇ ਜਾਜਕ ਦੇ ਕੋਲ ਲਿਆਵੇ। 30 ੩੦ ਤਦ ਜਾਜਕ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਉਸ ਦੀ ਪ੍ਰਮੇਹ ਦੀ ਅਸ਼ੁੱਧਤਾਈ ਦੇ ਕਾਰਨ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ। 31 ੩੧ ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਉਨ੍ਹਾਂ ਦੀ ਅਸ਼ੁੱਧਤਾਈ ਤੋਂ ਵੱਖਰਾ ਕਰਨਾ, ਅਜਿਹਾ ਨਾ ਹੋਵੇ ਕਿ ਉਹ ਆਪਣੀ ਅਸ਼ੁੱਧਤਾਈ ਦੇ ਕਾਰਨ ਮੇਰੇ ਉਸ ਡੇਰੇ ਨੂੰ ਭਰਿਸ਼ਟ ਕਰਨ ਜੋ ਉਨ੍ਹਾਂ ਦੇ ਵਿਚਕਾਰ ਹੈ ਅਤੇ ਇਸ ਕਾਰਨ ਮਰ ਨਾ ਜਾਣ। 32 ੩੨ ਜਿਸ ਨੂੰ ਪ੍ਰਮੇਹ ਹੋਵੇ ਅਤੇ ਜੋ ਪੁਰਖ ਵੀਰਜ ਨਿੱਕਲਣ ਦੇ ਕਾਰਨ ਅਸ਼ੁੱਧ ਹੋਵੇ, 33 ੩੩ ਅਤੇ ਜੋ ਇਸਤਰੀ ਮਾਹਵਾਰੀ ਵਿੱਚ ਹੋਵੇ, ਅਤੇ ਉਹ ਪੁਰਖ ਜਾਂ ਇਸਤਰੀ ਜਿਸ ਨੂੰ ਪ੍ਰਮੇਹ ਹੋਵੇ ਅਤੇ ਉਹ ਪੁਰਖ ਜੋ ਅਸ਼ੁੱਧ ਇਸਤਰੀ ਨਾਲ ਸੰਗ ਕਰੇ, ਉਨ੍ਹਾਂ ਸਾਰਿਆਂ ਦੇ ਲਈ ਇਹੋ ਹੀ ਬਿਵਸਥਾ ਹੈ।

< ਲੇਵੀਆਂ ਦੀ ਪੋਥੀ 15 >