< ਨਿਆਂਈਆਂ 18 >

1 ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੇ ਵੱਸਣ ਲਈ ਕੋਈ ਸਥਾਨ ਲੱਭਦਾ ਸੀ, ਕਿਉਂਕਿ ਉਨ੍ਹਾਂ ਨੂੰ ਉਸ ਸਮੇਂ ਤੱਕ ਇਸਰਾਏਲ ਦੇ ਗੋਤਾਂ ਵਿੱਚ ਪੂਰਾ ਹਿੱਸਾ ਨਹੀਂ ਮਿਲਿਆ ਸੀ। 2 ਇਸ ਲਈ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਬੀਰਾਂ ਨੂੰ ਸਾਰਾਹ ਅਤੇ ਅਸ਼ਤਾਓਲ ਵਿੱਚ ਦੇਸ਼ ਦਾ ਭੇਤ ਲੈਣ ਅਤੇ ਉਸ ਦੀ ਛਾਣਬੀਣ ਕਰਨ ਲਈ ਇਹ ਕਹਿ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।” ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਤੱਕ ਆਏ ਤਾਂ ਉੱਥੇ ਰੁੱਕ ਗਏ। 3 ਜਦ ਉਹ ਮੀਕਾਹ ਦੇ ਘਰ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਹਿਚਾਣ ਲਈ ਅਤੇ ਉੱਥੇ ਜਾ ਕੇ ਉਸ ਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ? ਤੂੰ ਇੱਥੇ ਕੀ ਕਰਦਾ ਹੈਂ ਅਤੇ ਤੂੰ ਇੱਥੇ ਕਿਉਂ ਆਇਆ ਹੈਂ?” 4 ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸ ਲਈ ਕੀ-ਕੀ ਕੀਤਾ ਹੈ ਅਤੇ ਕਿਹਾ, “ਉਸਨੇ ਮੈਨੂੰ ਤਨਖਾਹ ਉੱਤੇ ਰੱਖਿਆ ਅਤੇ ਮੈਂ ਉਸ ਦਾ ਪੁਰੋਹਿਤ ਬਣ ਗਿਆ ਹਾਂ।” 5 ਉਨ੍ਹਾਂ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਕੋਲੋਂ ਸਲਾਹ ਲੈ, ਤਾਂ ਜੋ ਅਸੀਂ ਜਾਣੀਏ ਕਿ ਜੋ ਯਾਤਰਾ ਅਸੀਂ ਕਰਦੇ ਹਾਂ ਉਹ ਸਾਡੇ ਲਈ ਸਫ਼ਲ ਹੋਵੇਗੀ ਜਾਂ ਨਹੀਂ।” 6 ਉਸ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, “ਸੁੱਖ-ਸਾਂਦ ਨਾਲ ਜਾਓ ਕਿਉਂਕਿ ਜੋ ਯਾਤਰਾ ਤੁਸੀਂ ਕਰ ਰਹੇ ਹੋ, ਉਸ ਉੱਤੇ ਯਹੋਵਾਹ ਦੀ ਕਿਰਪਾ ਹੈ।” 7 ਤਦ ਉਹ ਪੰਜੇ ਮਨੁੱਖ ਨਿੱਕਲੇ ਅਤੇ ਲਾਇਸ਼ ਵਿੱਚ ਆਏ। ਉਨ੍ਹਾਂ ਨੇ ਵੇਖਿਆ ਕਿ ਉੱਥੋਂ ਦੇ ਲੋਕ ਸੀਦੋਨੀਆਂ ਦੀ ਤਰ੍ਹਾਂ ਨਿਡਰ, ਬੇਫ਼ਿਕਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ, ਅਤੇ ਉਸ ਦੇਸ਼ ਦਾ ਕੋਈ ਹਾਕਮ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਰੋਕੇ ਅਤੇ ਉਹ ਸੀਦੋਨੀਆਂ ਤੋਂ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਸੀ। 8 ਤਦ ਉਹ ਸਾਰਾਹ ਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਖ਼ਬਰ ਲੈ ਕੇ ਆਏ ਹੋ?” 9 ਉਨ੍ਹਾਂ ਨੇ ਕਿਹਾ, “ਉੱਠੋ ਤਾਂ ਜੋ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰੀਏ ਕਿਉਂਕਿ ਅਸੀਂ ਉਸ ਦੇਸ਼ ਨੂੰ ਵੇਖਿਆ ਹੈ ਅਤੇ ਉਹ ਬਹੁਤ ਚੰਗਾ ਹੈ ਅਤੇ ਤੁਸੀਂ ਐਂਵੇਂ ਹੀ ਬੈਠੇ ਹੋ? ਹੁਣ ਤੁਸੀਂ ਚੱਲ ਕੇ ਉਸ ਦੇਸ਼ ਨੂੰ ਜਿੱਤਣ ਵਿੱਚ ਢਿੱਲ ਨਾ ਕਰੋ। 10 ੧੦ ਜਦੋਂ ਤੁਸੀਂ ਉੱਥੇ ਪਹੁੰਚੋਗੇ ਤਾਂ ਬੇਫ਼ਿਕਰ ਰਹਿਣ ਵਾਲੇ ਲੋਕਾਂ ਨੂੰ ਅਤੇ ਇੱਕ ਵੱਡੇ ਦੇਸ਼ ਨੂੰ ਵੇਖੋਗੇ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਧਰਤੀ ਦੀਆਂ ਸਾਰੀਆਂ ਵਸਤੂਆਂ ਵਿੱਚੋਂ ਕਿਸੇ ਦੀ ਘਾਟ ਨਹੀਂ ਹੈ।” 11 ੧੧ ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾਹ ਅਤੇ ਅਸ਼ਤਾਓਲ ਦੇ ਛੇ ਸੌ ਪੁਰਖ ਹਥਿਆਰ ਬੰਨ੍ਹ ਕੇ ਉੱਥੋਂ ਚੱਲ ਪਏ। 12 ੧੨ ਉਨ੍ਹਾਂ ਨੇ ਜਾ ਕੇ ਯਹੂਦਾਹ ਦੇਸ਼ ਦੇ ਕਿਰਯਥ-ਯਾਰੀਮ ਸ਼ਹਿਰ ਵਿੱਚ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੱਕ ਉਸ ਸਥਾਨ ਨੂੰ ਮਹਾਨੇਹ ਦਾਨ ਆਖਦੇ ਹਨ। ਇਹ ਕਿਰਯਥ-ਯਾਰੀਮ ਦੇ ਪੱਛਮ ਵੱਲ ਹੈ। 13 ੧੩ ਉੱਥੋਂ ਲੰਘ ਕੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਦੇ ਕੋਲ ਆਏ। 14 ੧੪ ਤਦ ਉਹ ਪੰਜ ਮਨੁੱਖ ਜਿਹੜੇ ਲਾਇਸ਼ ਦੇ ਦੇਸ਼ ਦੀ ਛਾਣਬੀਣ ਕਰਨ ਲਈ ਗਏ ਸਨ ਆਪਣੇ ਭਰਾਵਾਂ ਨੂੰ ਕਹਿਣ ਲੱਗੇ, “ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਘਰਾਂ ਵਿੱਚ ਇੱਕ ਏਫ਼ੋਦ ਅਤੇ ਤਰਾਫ਼ੀਮ (ਘਰੇਲੂ ਦੇਵਤਾ) ਅਤੇ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤੀ ਹੈ? ਇਸ ਲਈ ਹੁਣ ਵਿਚਾਰ ਕਰੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।” 15 ੧੫ ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁੱਖ-ਸਾਂਦ ਪੁੱਛੀ, 16 ੧੬ ਅਤੇ ਉਹ ਛੇ ਸੌ ਦਾਨੀ ਪੁਰਖ ਹਥਿਆਰ ਬੰਨ੍ਹ ਕੇ ਸ਼ਹਿਰ ਦੇ ਫਾਟਕ ਵਿੱਚ ਖੜ੍ਹੇ ਰਹੇ 17 ੧੭ ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਲਈ ਗਏ ਸਨ, ਉਸ ਘਰ ਦੇ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਨੂੰ ਲੈ ਲਿਆ ਅਤੇ ਉਹ ਪੁਰੋਹਿਤ ਉਨ੍ਹਾਂ ਛੇ ਸੌ ਹਥਿਆਰ ਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ। 18 ੧੮ ਜਦ ਉਨ੍ਹਾਂ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਘੜ੍ਹੀ ਹੋਈ ਮੂਰਤ, ਏਫ਼ੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਹ ਕੀ ਕਰਦੇ ਹੋ?” 19 ੧੯ ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਚੁੱਪ ਕਰ! ਆਪਣੇ ਮੂੰਹ ਉੱਤੇ ਹੱਥ ਰੱਖ ਅਤੇ ਸਾਡੇ ਨਾਲ ਚੱਲ ਕੇ ਸਾਡਾ ਪਿਤਾ ਅਤੇ ਪੁਰੋਹਿਤ ਬਣ। ਭਲਾ, ਤੇਰੇ ਲਈ ਕੀ ਚੰਗਾ ਹੈ? ਇੱਕ ਮਨੁੱਖ ਦੇ ਘਰ ਦਾ ਪੁਰੋਹਿਤ ਹੋਣਾ ਜਾਂ ਇਸਰਾਏਲੀਆਂ ਦੇ ਇੱਕ ਗੋਤ ਅਤੇ ਟੱਬਰ ਦਾ ਪੁਰੋਹਿਤ ਹੋਣਾ?” 20 ੨੦ ਤਦ ਪੁਰੋਹਿਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਘੜ੍ਹੀ ਹੋਈ ਮੂਰਤ ਨੂੰ ਲੈ ਕੇ ਉਨ੍ਹਾਂ ਲੋਕਾਂ ਦੇ ਨਾਲ ਚੱਲ ਪਿਆ। 21 ੨੧ ਤਦ ਉਹ ਮੁੜੇ ਅਤੇ ਬਾਲਕਾਂ, ਪਸ਼ੂਆਂ ਅਤੇ ਆਪਣੇ ਸਾਰੇ ਸਮਾਨ ਨੂੰ ਆਪਣੇ ਅੱਗੇ ਕਰਕੇ ਚੱਲ ਪਏ। 22 ੨੨ ਜਦ ਉਹ ਮੀਕਾਹ ਦੇ ਘਰ ਤੋਂ ਥੋੜੀ ਹੀ ਦੂਰ ਗਏ ਸਨ ਤਾਂ ਮੀਕਾਹ ਦੇ ਘਰ ਦੇ ਆਲੇ-ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪਹੁੰਚੇ। 23 ੨੩ ਅਤੇ ਉਨ੍ਹਾਂ ਨੇ ਜਾ ਕੇ ਦਾਨੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਹੋਇਆ ਹੈ ਜੋ ਐਨੇ ਵੱਡੇ ਦਲ ਨਾਲ ਆਉਂਦਾ ਹੈ?” 24 ੨੪ ਉਸ ਨੇ ਕਿਹਾ, “ਤੁਸੀਂ ਮੇਰੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਚੱਲ ਪਏ ਹੋ ਤਾਂ ਹੁਣ ਮੇਰੇ ਕੋਲ ਕੀ ਰਹਿ ਗਿਆ ਹੈ? ਅਤੇ ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਕਿ ਤੈਨੂੰ ਕੀ ਹੋਇਆ?” 25 ੨੫ ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਅਵਾਜ਼ ਸਾਡੇ ਲੋਕਾਂ ਵਿੱਚ ਸੁਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇਂ!” 26 ੨੬ ਤਦ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਵੇਖਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਤਕੜੇ ਹਨ ਤਾਂ ਮੁੜ ਕੇ ਆਪਣੇ ਘਰ ਨੂੰ ਵਾਪਿਸ ਚਲਾ ਗਿਆ। 27 ੨੭ ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਪੁਰੋਹਿਤ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫ਼ਿਕਰ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ। 28 ੨੮ ਅਤੇ ਉਨ੍ਹਾਂ ਦਾ ਕੋਈ ਸਹਾਇਕ ਨਹੀਂ ਸੀ, ਕਿਉਂ ਜੋ ਉਹ ਸੀਦੋਨ ਤੋਂ ਦੂਰ ਸਨ ਅਤੇ ਉਹ ਕਿਸੇ ਨਾਲ ਲੈਣਾ ਦੇਣਾ ਨਹੀਂ ਰੱਖਦੇ ਸਨ ਅਤੇ ਉਹ ਬੈਤ ਰਹੋਬ ਦੀ ਘਾਟੀ ਵਿੱਚ ਸੀ। ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਫਿਰ ਬਣਾਇਆ ਅਤੇ ਉਸ ਵਿੱਚ ਵੱਸ ਗਏ। 29 ੨੯ ਅਤੇ ਉਨ੍ਹਾਂ ਨੇ ਇਸਰਾਏਲ ਦੇ ਇੱਕ ਪੁੱਤਰ ਅਤੇ ਆਪਣੇ ਪਿਤਾ ਦਾਨ ਦੇ ਨਾਮ ਤੇ ਉਸ ਸ਼ਹਿਰ ਦਾ ਨਾਮ ਦਾਨ ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਮ ਲਾਇਸ਼ ਸੀ। 30 ੩੦ ਦਾਨੀਆਂ ਨੇ ਉਸ ਘੜ੍ਹੀ ਹੋਈ ਮੂਰਤ ਨੂੰ ਟਿਕਾ ਲਿਆ ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ ਅਤੇ ਮਨੱਸ਼ਹ ਦਾ ਪੋਤਰਾ ਸੀ, ਉਹ ਅਤੇ ਉਸ ਦੇ ਪੁੱਤਰ, ਉਸ ਦੇਸ਼ ਦੇ ਗ਼ੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਦੇ ਪੁਰੋਹਿਤ ਬਣੇ ਰਹੇ। 31 ੩੧ ਅਤੇ ਜਦ ਤੱਕ ਪਰਮੇਸ਼ੁਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਘੜ੍ਹੀ ਹੋਈ ਮੂਰਤ ਆਪਣੇ ਲਈ ਖੜੀ ਕਰਕੇ ਰੱਖੀ।

< ਨਿਆਂਈਆਂ 18 >