< ਯਹੋਸ਼ੁਆ 16 >

1 ਯੂਸੁਫ਼ ਦੀ ਸੰਤਾਨ ਦਾ ਹਿੱਸਾ ਇਸ ਤਰ੍ਹਾਂ ਪਿਆ ਕਿ ਉਹ ਯਰਦਨ ਤੋਂ ਯਰੀਹੋ ਕੋਲ ਅਰਥਾਤ ਯਰੀਹੋ ਦੇ ਪਾਣੀਆਂ ਕੋਲੋਂ ਪੂਰਬ ਵੱਲ ਉਜਾੜ ਦੇ ਵਿੱਚ ਦੀ ਯਰੀਹੋ ਤੋਂ ਬੈਤਏਲ ਦੀ ਪਹਾੜੀ ਤੱਕ ਚੜ੍ਹਦਾ ਹੈ। 2 ਫਿਰ ਬੈਤਏਲ ਤੋਂ ਲੂਜ਼ ਨੂੰ ਗਈ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਾਰੋਥ ਨੂੰ ਗਈ। 3 ਫਿਰ ਲਹਿੰਦੇ ਵੱਲ ਯਫਲੇਤੀਆਂ ਦੀ ਹੱਦ ਕੋਲੋਂ ਹੇਠਲੇ ਬੈਤ-ਹੋਰੋਨ ਦੀ ਹੱਦ ਅਤੇ ਗਜ਼ਰ ਤੱਕ ਉਤਰੀ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਸੀ। 4 ਉਸ ਤੋਂ ਬਾਅਦ ਯੂਸੁਫ਼ ਦੀ ਅੰਸ ਨੇ ਅਰਥਾਤ ਮਨੱਸ਼ਹ ਅਤੇ ਇਫ਼ਰਾਈਮ ਨੇ ਆਪਣੀ ਇਹ ਮਿਲਖ਼ ਲੈ ਲਈ। 5 ਇਫ਼ਰਾਈਮ ਦੀ ਅੰਸ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ। ਉਹਨਾਂ ਦੀ ਮਿਲਖ਼ ਦੀ ਹੱਦ ਚੜ੍ਹਦੇ ਪਾਸੇ ਅਟਾਰੋਥ ਅੱਦਾਰ ਤੋਂ ਉੱਪਰਲੇ ਬੈਤ-ਹੋਰੋਨ ਤੱਕ ਸੀ। 6 ਅਤੇ ਉਹ ਹੱਦ ਸਮੁੰਦਰ ਵੱਲ ਮਿਕਮਥਾਥ ਦੇ ਉੱਤਰ ਨੂੰ ਗਈ ਅਤੇ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜੀ ਅਤੇ ਯਾਨੋਹਾਹ ਦੀ ਪੂਰਬ ਵੱਲ ਉਹ ਦੇ ਨਾਲ-ਨਾਲ ਦੀ ਲੰਘੀ। 7 ਅਤੇ ਯਾਨੋਹਾਹ ਤੋਂ ਅਟਾਰੋਥ ਅਤੇ ਨਆਰਾਥ ਵੱਲ ਉਤਰੀ ਅਤੇ ਯਰੀਹੋ ਨੂੰ ਪਹੁੰਚ ਕੇ ਯਰਦਨ ਨੂੰ ਗਈ। 8 ਅਤੇ ਉਹ ਹੱਦ ਪੱਛਮ ਵੱਲ ਤੱਪੂਆਹ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ। ਇਫ਼ਰਾਈਮ ਦੀ ਅੰਸ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ। 9 ਇਫ਼ਰਾਈਮ ਦੀ ਅੰਸ ਲਈ ਮਨੱਸ਼ਹ ਦੀ ਅੰਸ ਦੀ ਮਿਲਖ਼ ਵਿੱਚ ਵੱਖੋ-ਵੱਖ ਸ਼ਹਿਰ ਸਨ ਅਰਥਾਤ ਸਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ। 10 ੧੦ ਅਤੇ ਉਹਨਾਂ ਨੇ ਕਨਾਨੀਆਂ ਨੂੰ ਜਿਹੜੇ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਪਰ ਉਹ ਕਨਾਨੀ ਅੱਜ ਦੇ ਦਿਨ ਤੱਕ ਇਫ਼ਰਾਈਮੀਆਂ ਦੇ ਵਿੱਚ ਵੱਸਦੇ ਹਨ ਅਤੇ ਉਹ ਬਿਨ੍ਹਾਂ ਮਜ਼ਦੂਰੀ ਦੇ ਕੰਮ ਕਰਨ ਵਾਲੇ ਗੁਲਾਮ ਸਨ।

< ਯਹੋਸ਼ੁਆ 16 >