< ਯਹੋਸ਼ੁਆ 14 >

1 ਇਹ ਇਸਰਾਏਲੀਆਂ ਦੀਆਂ ਮਿਲਖਾਂ ਕਨਾਨ ਦੇਸ ਵਿੱਚ ਹਨ ਜਿਹੜੀਆਂ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਇਸਰਾਏਲੀਆਂ ਨੂੰ ਮਿਲਖ਼ ਵਿੱਚ ਵੰਡੀਆਂ। 2 ਅਤੇ ਗੁਣਿਆਂ ਨਾਲ ਉਹਨਾਂ ਨੂੰ ਮਿਲਖ਼ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਸਾਢੇ ਨੌਂ ਗੋਤਾਂ ਨੂੰ ਹੁਕਮ ਦਿੱਤਾ ਸੀ। 3 ਕਿਉਂ ਜੋ ਮੂਸਾ ਨੇ ਯਰਦਨ ਦੇ ਪਾਰ ਢਾਈ ਗੋਤਾਂ ਨੂੰ ਮਿਲਖ਼ ਦਿੱਤੀ ਪਰ ਉਸ ਨੇ ਲੇਵੀਆਂ ਨੂੰ ਉਹਨਾਂ ਦੇ ਵਿੱਚ ਮਿਲਖ਼ ਨਾ ਦਿੱਤੀ। 4 ਯੂਸੁਫ਼ ਦੀ ਅੰਸ ਦੇ ਦੋ ਗੋਤ ਸਨ, ਮਨੱਸ਼ਹ ਅਤੇ ਇਫ਼ਰਾਈਮ ਅਤੇ ਉਹਨਾਂ ਨੇ ਲੇਵੀਆਂ ਨੂੰ ਦੇਸ ਵਿੱਚ ਕੋਈ ਭਾਗ ਨਹੀਂ ਦਿੱਤਾ ਕੇਵਲ ਵੱਸਣ ਦੇ ਸ਼ਹਿਰ ਅਤੇ ਉਹਨਾਂ ਦੇ ਪਸ਼ੂਆਂ ਅਤੇ ਮਾਲ ਲਈ ਸ਼ਾਮਲਾਟ ਦਿੱਤੀ। 5 ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਇਸਰਾਏਲੀਆਂ ਨੇ ਕੀਤਾ ਅਤੇ ਦੇਸ ਨੂੰ ਵੰਡ ਲਿਆ। 6 ਤਦ ਯਹੂਦੀ ਗਿਲਗਾਲ ਵਿੱਚ ਯਹੋਸ਼ੁਆ ਕੋਲ ਆਏ ਅਤੇ ਯਫ਼ੁੰਨਹ ਕਨਿੱਜ਼ੀ ਦੇ ਪੁੱਤਰ ਕਾਲੇਬ ਨੇ ਉਹ ਨੂੰ ਆਖਿਆ ਕਿ ਤੂੰ ਉਸ ਗੱਲ ਨੂੰ ਜਾਣਦਾ ਹੈਂ ਜਿਹੜੀ ਯਹੋਵਾਹ ਨੇ ਪਰਮੇਸ਼ੁਰ ਦੇ ਬੰਦੇ ਮੂਸਾ ਨੂੰ ਕਾਦੇਸ਼-ਬਰਨੇਆ ਵਿੱਚ ਮੇਰੇ ਵਿਖੇ ਅਤੇ ਤੇਰੇ ਵਿਖੇ ਆਖਿਆ ਸੀ। 7 ਮੈਂ ਚਾਲ੍ਹੀ ਸਾਲਾਂ ਦਾ ਸੀ ਜਦ ਯਹੋਵਾਹ ਦੇ ਦਾਸ ਮੂਸਾ ਨੇ ਮੈਨੂੰ ਕਾਦੇਸ਼-ਬਰਨੇਆ ਤੋਂ ਉਸ ਦੇਸ ਦਾ ਖ਼ੋਜ ਕੱਢਣ ਲਈ ਭੇਜਿਆ ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਖ਼ਬਰ ਉਹ ਨੂੰ ਦਿੱਤੀ। 8 ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਲੋਕਾਂ ਦੇ ਦਿਲਾਂ ਨੂੰ ਉਦਾਸ ਕਰ ਦਿੱਤਾ ਪਰ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ। 9 ਮੂਸਾ ਨੇ ਉਸੇ ਦਿਨ ਇਹ ਸਹੁੰ ਖਾਧੀ ਕਿ ਜ਼ਰੂਰ ਇਹ ਧਰਤੀ ਜਿੱਥੋਂ ਦੀ ਤੇਰੇ ਪੈਰ ਲੰਘ ਗਏ ਹਨ ਤੇਰੇ ਲਈ ਤੇਰੇ ਪੁੱਤਰਾਂ ਲਈ ਇਸ ਕਾਰਨ ਸਦਾ ਦੀ ਭਾਗ ਹੋਵੇਗੀ ਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਦੇ ਪਿੱਛੇ ਲੱਗਾ ਰਿਹਾ ਹੈਂ। 10 ੧੦ ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ ਮੈਂ ਅੱਜ ਪਚਾਸੀਆਂ ਸਾਲਾਂ ਦਾ ਹਾਂ। 11 ੧੧ ਮੈਂ ਅਜੇ ਤੱਕ ਇੰਨ੍ਹਾਂ ਬਲਵੰਤ ਹਾਂ ਜਿੰਨਾਂ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ। 12 ੧੨ ਹੁਣ ਮੈਨੂੰ ਇਹ ਪਹਾੜੀ ਦੇਸ ਦੇ ਜਿਹ ਦਾ ਯਹੋਵਾਹ ਨੇ ਉਸ ਦਿਨ ਬਚਨ ਕੀਤਾ ਸੀ ਕਿਉਂ ਜੋ ਤੂੰ ਉਸੇ ਦਿਨ ਸੁਣਿਆ ਕਿ ਅਨਾਕੀ ਉੱਥੇ ਸਨ ਅਤੇ ਸ਼ਹਿਰ ਵੱਡੇ ਅਤੇ ਗੜ੍ਹਾਂ ਵਾਲੇ ਸਨ! ਸ਼ਾਇਦ ਯਹੋਵਾਹ ਮੇਰੇ ਨਾਲ ਰਹੇ ਅਤੇ ਮੈਂ ਉਹਨਾਂ ਨੂੰ ਕੱਢ ਸਕਾਂ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ। 13 ੧੩ ਯਹੋਸ਼ੁਆ ਨੇ ਉਸ ਨੂੰ ਬਰਕਤ ਦਿੱਤੀ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਹਬਰੋਨ ਹਿੱਸੇ ਵਿੱਚ ਦੇ ਦਿੱਤਾ। 14 ੧੪ ਇਸ ਕਾਰਨ ਅੱਜ ਦੇ ਦਿਨ ਹਬਰੋਨ ਯਫ਼ੁੰਨਹ ਕਨਿੱਜ਼ੀ ਦੇ ਪੁੱਤਰ ਕਾਲੇਬ ਦਾ ਭਾਗ ਹੈ ਕਿਉਂ ਜੋ ਉਹ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਮਗਰ-ਮਗਰ ਤੁਰਦਾ ਰਿਹਾ। 15 ੧੫ ਅਤੇ ਹਬਰੋਨ ਦਾ ਨਾਮ ਇਸ ਤੋਂ ਅੱਗੇ ਕਿਰਯਥ-ਅਰਬਾ ਸੀ, ਉਹ ਅਰਬਾ ਅਨਾਕੀਆਂ ਵਿੱਚ ਸਭ ਤੋਂ ਵੱਡਾ ਆਦਮੀ ਸੀ। ਫਿਰ ਦੇਸ ਨੂੰ ਲੜਾਈ ਤੋਂ ਅਰਾਮ ਮਿਲਿਆ।

< ਯਹੋਸ਼ੁਆ 14 >