< ਯੂਨਾਹ 1 >

1 ਯਹੋਵਾਹ ਦਾ ਬਚਨ ਅਮਿੱਤਈ ਦੇ ਪੁੱਤਰ ਯੂਨਾਹ ਨੂੰ ਆਇਆ, 2 ਯਹੋਵਾਹ ਨੇ ਆਖਿਆ, “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਦੇ ਲੋਕਾਂ ਕੋਲ ਜਾ ਅਤੇ ਉਹਨਾਂ ਦੇ ਵਿਰੁੱਧ ਪੁਕਾਰ ਕਿਉਂਕਿ ਉਹਨਾਂ ਦੀ ਬੁਰਿਆਈ ਮੇਰੇ ਸਨਮੁਖ ਬਹੁਤ ਵੱਧ ਗਈ ਹੈ।” 3 ਪਰ ਯੂਨਾਹ ਯਹੋਵਾਹ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਅਤੇ ਉਹ ਯਾਫ਼ਾ ਵੱਲ ਚਲਾ ਗਿਆ, ਉੱਥੇ ਉਸ ਨੂੰ ਇੱਕ ਜਹਾਜ਼ ਮਿਲਿਆ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਤਦ ਯੂਨਾਹ ਉਸ ਦਾ ਭਾੜਾ ਦੇ ਕੇ ਜਹਾਜ਼ ਉੱਤੇ ਚੜ੍ਹ ਗਿਆ ਤਾਂ ਜੋ ਯਹੋਵਾਹ ਦੇ ਹਜ਼ੂਰੋਂ ਉਨ੍ਹਾਂ ਦੇ ਨਾਲ ਤਰਸ਼ੀਸ਼ ਨੂੰ ਭੱਜ ਜਾਵੇ। 4 ਪਰ ਯਹੋਵਾਹ ਨੇ ਸਮੁੰਦਰ ਉੱਤੇ ਇੱਕ ਪ੍ਰਚੰਡ ਹਨੇਰੀ ਵਗਾਈ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਆ ਗਿਆ, ਅਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। 5 ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵਤੇ ਦੇ ਅੱਗੇ ਦੁਹਾਈ ਦੇਣ ਲੱਗਾ। ਉਨ੍ਹਾਂ ਨੇ ਵਪਾਰ ਦੇ ਸਮਾਨ ਨੂੰ ਜੋ ਜਹਾਜ਼ ਵਿੱਚ ਸੀ, ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਜਹਾਜ਼ ਨੂੰ ਹਲਕਾ ਕਰ ਦੇਣ। ਪਰ ਯੂਨਾਹ ਜਹਾਜ਼ ਦੇ ਹੇਠਲੇ ਹਿੱਸੇ ਵਿੱਚ ਜਾ ਕੇ ਸੌਂ ਗਿਆ ਅਤੇ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ। 6 ਤਦ ਕਪਤਾਨ ਯੂਨਾਹ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ, “ਤੂੰ ਕਿਸ ਤਰ੍ਹਾਂ ਗੂੜ੍ਹੀ ਨੀਂਦ ਵਿੱਚ ਸੌਂ ਸਕਦਾ ਹੈਂ? ਉੱਠ! ਆਪਣੇ ਦੇਵਤੇ ਨੂੰ ਪੁਕਾਰ! ਸ਼ਾਇਦ ਤੇਰਾ ਦੇਵਤਾ ਸਾਨੂੰ ਯਾਦ ਕਰੇ ਅਤੇ ਅਸੀਂ ਨਾਸ ਨਾ ਹੋਈਏ!” 7 ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਆਓ, ਅਸੀਂ ਪਰਚੀਆਂ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ।” ਤਦ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਪਰਚੀ ਯੂਨਾਹ ਦੇ ਨਾਮ ਦੀ ਨਿੱਕਲੀ। 8 ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਸਾਨੂੰ ਦੱਸ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ? ਤੂੰ ਕੀ ਕੰਮ ਕਰਦਾ ਹੈਂ ਅਤੇ ਤੂੰ ਕਿੱਥੋਂ ਆਇਆ ਹੈਂ? ਤੂੰ ਕਿਹੜੇ ਦੇਸ਼ ਦਾ ਹੈਂ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈਂ?” 9 ਯੂਨਾਹ ਨੇ ਉਨ੍ਹਾਂ ਨੂੰ ਕਿਹਾ, “ਮੈਂ ਇਬਰਾਨੀ ਹਾਂ ਅਤੇ ਅਕਾਸ਼ ਦੇ ਪਰਮੇਸ਼ੁਰ ਯਹੋਵਾਹ, ਜਿਸ ਨੇ ਸਮੁੰਦਰ ਅਤੇ ਧਰਤੀ ਦੋਹਾਂ ਨੂੰ ਬਣਾਇਆ ਹੈ, ਉਸੇ ਤੋਂ ਡਰਦਾ ਹਾਂ।” 10 ੧੦ ਤਦ ਉਹ ਮਨੁੱਖ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ, “ਤੂੰ ਇਹ ਕੀ ਕੀਤਾ?” ਉਹ ਮਨੁੱਖ ਜਾਣ ਗਏ ਸਨ ਕਿ ਯੂਨਾਹ ਯਹੋਵਾਹ ਦੇ ਹਜ਼ੂਰੋਂ ਭੱਜ ਰਿਹਾ ਸੀ, ਕਿਉਂਕਿ ਉਸ ਨੇ ਆਪ ਹੀ ਇਹ ਗੱਲ ਉਨ੍ਹਾਂ ਨੂੰ ਦੱਸ ਦਿੱਤੀ ਸੀ। 11 ੧੧ ਤਦ ਉਨ੍ਹਾਂ ਨੇ ਕਿਹਾ, “ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ?” ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਵੱਧਦੀਆਂ ਹੀ ਜਾਂਦੀਆਂ ਸਨ। 12 ੧੨ ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਉ, ਫੇਰ ਸਮੁੰਦਰ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਇਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ।” 13 ੧੩ ਫੇਰ ਵੀ ਉਹ ਵੱਡੇ ਜ਼ੋਰ ਨਾਲ ਚੱਪੇ ਲਾਉਂਦੇ ਰਹੇ ਤਾਂ ਜੋ ਜਹਾਜ਼ ਕੰਢੇ ਲੱਗ ਜਾਵੇ ਪਰ ਉਹ ਲਾ ਨਾ ਸਕੇ, ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੇ ਵਿਰੁੱਧ ਵੱਧਦੀਆਂ ਜਾਂਦੀਆਂ ਸਨ। 14 ੧੪ ਤਦ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਕਿਹਾ, ਹੇ ਯਹੋਵਾਹ, ਅਸੀਂ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ ਨਾ ਹੋਈਏ ਅਤੇ ਤੂੰ ਬੇਦੋਸ਼ ਦਾ ਖੂਨ ਸਾਡੇ ਉੱਤੇ ਨਾ ਪਾ ਕਿਉਂਕਿ ਹੇ ਯਹੋਵਾਹ, ਜੋ ਕੁਝ ਤੂੰ ਚਾਹਿਆ, ਤੂੰ ਉਹੋ ਕੀਤਾ ਹੈ! 15 ੧੫ ਫਿਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ। 16 ੧੬ ਤਦ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਬਹੁਤ ਭੈਅ ਮੰਨਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਇੱਕ ਬਲੀ ਚੜ੍ਹਾਈ ਅਤੇ ਸੁੱਖਣਾ ਸੁੱਖੀਆਂ। 17 ੧੭ ਪਰ ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾਈ ਸੀ, ਜੋ ਯੂਨਾਹ ਨੂੰ ਨਿਗਲ ਜਾਵੇ, ਅਤੇ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਉਸ ਮੱਛੀ ਦੇ ਢਿੱਡ ਵਿੱਚ ਰਿਹਾ।

< ਯੂਨਾਹ 1 >