< ਅੱਯੂਬ 6 >

1 ਫਿਰ ਅੱਯੂਬ ਨੇ ਉੱਤਰ ਦੇ ਕੇ ਆਖਿਆ, 2 “ਭਲਾ ਹੁੰਦਾ ਜੋ ਮੇਰੀ ਤਕਲੀਫ਼ ਚੰਗੀ ਤਰ੍ਹਾਂ ਤੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ! 3 ਕਿਉਂਕਿ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਠਹਿਰਦੀ, ਇਸ ਲਈ ਮੇਰੀਆਂ ਗੱਲਾਂ ਕਾਹਲ ਨਾਲ ਹੋਈਆਂ ਹਨ, 4 ਕਿਉਂ ਜੋ ਸਰਬ ਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ, ਇਹਨਾਂ ਦਾ ਜ਼ਹਿਰ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ੁਰ ਦੇ ਖੌਫ਼ ਮੇਰੇ ਵਿਰੁੱਧ ਕਤਾਰਾਂ ਬੰਨ੍ਹੀ ਖੜ੍ਹੇ ਹਨ! 5 ਕੀ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ? ਕੀ ਬਲ਼ਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ? 6 ਕੀ, ਫਿੱਕੀ ਚੀਜ਼ ਲੂਣ ਤੋਂ ਬਿਨ੍ਹਾਂ ਖਾਈਦੀ ਹੈ? ਕੀ ਆਂਡੇ ਦੀ ਸਫ਼ੇਦੀ ਵਿੱਚ ਕੋਈ ਸੁਆਦ ਹੈ? 7 ਜਿਹਨਾਂ ਵਸਤਾਂ ਨੂੰ ਮੈਂ ਛੂਹਣਾ ਵੀ ਨਹੀਂ ਚਾਹੁੰਦਾ ਉਹ ਹੀ ਮੇਰੇ ਲਈ ਘਿਣਾਉਣੀ ਰੋਟੀ ਠਹਿਰੀਆਂ ਹਨ। 8 “ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਜਿਸ ਦੀ ਮੈਂ ਆਸ ਕਰਦਾ ਹਾਂ, ਪਰਮੇਸ਼ੁਰ ਉਹ ਹੀ ਮੈਨੂੰ ਦਿੰਦਾ! 9 ਕਿ ਪਰਮੇਸ਼ੁਰ ਨੂੰ ਇਹ ਭਾਵੇ ਕਿ ਉਹ ਮੈਨੂੰ ਕੁਚਲ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਵੱਢ ਸੁੱਟੇ! 10 ੧੦ ਤਦ ਵੀ ਇਹ ਮੇਰੀ ਤਸੱਲੀ ਦਾ ਕਾਰਨ ਹੁੰਦੀ ਅਤੇ ਮੈਂ ਵੱਡੀ ਤੜਫ਼ਣ ਵਿੱਚ ਵੀ ਖੁਸ਼ੀ ਨਾਲ ਉੱਛਲ ਪੈਂਦਾ, ਕਿਉਂਕਿ ਮੈਂ ਪਵਿੱਤਰ ਪੁਰਖ ਦੇ ਬਚਨਾਂ ਦਾ ਕਦੀ ਇਨਕਾਰ ਨਹੀਂ ਕੀਤਾ। 11 ੧੧ “ਮੇਰੇ ਵਿੱਚ ਕਿਹੜਾ ਬਲ ਜੋ ਮੈਂ ਆਸ ਰੱਖਾਂ, ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾਂ? 12 ੧੨ ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ? 13 ੧੩ ਕੀ ਆਪਣੀ ਸਹਾਇਤਾ ਕਰਨ ਦੀ ਸਮਰੱਥਾ ਮੇਰੇ ਵਿੱਚ ਹੈ, ਜਦ ਕਿ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ? 14 ੧੪ “ਜੋ ਮਿੱਤਰ ਉੱਤੇ ਦਯਾ ਨਹੀਂ ਕਰਦਾ ਹੈ, ਉਹ ਸਰਬ ਸ਼ਕਤੀਮਾਨ ਦਾ ਡਰ ਮੰਨਣਾ ਵੀ ਛੱਡ ਦਿੰਦਾ ਹੈ। 15 ੧੫ ਮੇਰੇ ਭਰਾ ਨਦੀ ਵਾਂਗੂੰ ਵਿਸ਼ਵਾਸਘਾਤੀ ਹਨ, ਉਨ੍ਹਾਂ ਨਦੀਆਂ ਦੀਆਂ ਧਾਰਾਂ ਵਾਂਗੂੰ ਜਿਹੜੀਆਂ ਦੂਰ ਵਗ ਜਾਂਦੀਆਂ ਹਨ, 16 ੧੬ ਉਹ ਬਰਫ਼ ਦੇ ਕਾਰਨ ਕਾਲੇ ਹੋ ਜਾਂਦੇ ਹਨ, ਅਤੇ ਹਿਮ ਉਸ ਦੇ ਵਿੱਚ ਛੁੱਪੀ ਰਹਿੰਦੀ ਹੈ! 17 ੧੭ ਗਰਮੀ ਦੀ ਰੁੱਤ ਵਿੱਚ ਉਹ ਅਲੋਪ ਹੋ ਜਾਂਦੀਆਂ ਹਨ, ਧੁੱਪ ਪੈਂਦਿਆਂ ਹੀ ਉਹ ਆਪਣੇ ਥਾਵਾਂ ਵਿੱਚੋਂ ਗਾਇਬ ਹੋ ਜਾਂਦੀਆਂ ਹਨ, 18 ੧੮ ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਉਹ ਸੁੰਨੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ। 19 ੧੯ ਤੇਮਾ ਦੇ ਵਪਾਰੀ ਪਾਣੀ ਦੀ ਤਲਾਸ਼ ਕਰਦੇ ਹਨ, ਸ਼ਬਾ ਦੇ ਮੁਸਾਫ਼ਰ ਆਸ ਨਾਲ ਤੱਕਦੇ ਹਨ। 20 ੨੦ ਤੇਮਾ ਦੇ ਕਾਫ਼ਲੇ ਵੇਖਦੇ ਰਹੇ, ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ, 21 ੨੧ ਹੁਣ ਤੁਸੀਂ ਮੇਰੇ ਲਈ ਅਜਿਹੇ ਹੀ ਹੋ, ਤੁਸੀਂ ਮੇਰੀ ਬਿਪਤਾ ਨੂੰ ਵੇਖ ਕੇ ਡਰ ਗਏ ਹੋ, 22 ੨੨ ਕੀ ਮੈਂ ਆਖਿਆ, ਮੈਨੂੰ ਕੁਝ ਦਿਓ? ਜਾਂ ਆਪਣੇ ਮਾਲ-ਧਨ ਵਿੱਚੋਂ ਮੈਨੂੰ ਰਿਸ਼ਵਤ ਦਿਓ? 23 ੨੩ ਜਾਂ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਓ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ? 24 ੨੪ “ਮੈਨੂੰ ਸਿਖਾਓ ਤਾਂ ਮੈਂ ਚੁੱਪ ਹੋ ਜਾਂਵਾਂਗਾ, ਜਿੱਥੇ ਮੇਰੇ ਤੋਂ ਭੁੱਲ ਹੋਈ ਮੈਨੂੰ ਸਮਝਾਓ। 25 ੨੫ ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ? 26 ੨੬ ਕੀ ਤੁਸੀਂ ਮੇਰੀਆਂ ਗੱਲਾਂ ਨੂੰ ਸੁਧਾਰਨਾ ਚਾਹੁੰਦੇ ਹੋ? ਪਰ ਨਿਰਾਸ਼ਾ ਦੀਆਂ ਗੱਲਾਂ ਹਵਾ ਹੀ ਹਨ! 27 ੨੭ ਹਾਂ, ਤੁਸੀਂ ਯਤੀਮਾਂ ਉੱਤੇ ਪਰਚੀਆਂ ਪਾਉਂਦੇ ਹੋ, ਅਤੇ ਆਪਣੇ ਦੋਸਤ ਦਾ ਸੌਦਾ ਕਰਦੇ ਹੋ। 28 ੨੮ “ਹੁਣ ਤਾਂ ਕਿਰਪਾ ਕਰਕੇ ਮੇਰੇ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ! 29 ੨੯ ਮੁੜੋ, ਕਿ ਬੇਇਨਸਾਫ਼ੀ ਨਾ ਹੋਵੇ, ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ। 30 ੩੦ ਕੀ ਮੇਰੀ ਜੀਭ ਉੱਤੇ ਬੇਇਨਸਾਫ਼ੀ ਹੈ? ਕੀ ਮੈਂ ਬੁਰਿਆਈ ਨੂੰ ਨਹੀਂ ਪਛਾਣ ਸਕਦਾ?”

< ਅੱਯੂਬ 6 >