< ਅੱਯੂਬ 40 >

1 ਫੇਰ ਯਹੋਵਾਹ ਨੇ ਅੱਯੂਬ ਨੂੰ ਇਹ ਵੀ ਆਖਿਆ, 2 “ਕੀ ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ? ਜਿਹੜਾ ਪਰਮੇਸ਼ੁਰ ਨਾਲ ਬਹਿਸ ਕਰਦਾ ਹੈ, ਉਹ ਉੱਤਰ ਦੇਵੇ! 3 “ਤਦ ਅੱਯੂਬ ਨੇ ਯਹੋਵਾਹ ਨੂੰ ਉੱਤਰ ਦਿੱਤਾ 4 ਵੇਖ, ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ। 5 ਇੱਕ ਵਾਰ ਮੈਂ ਬੋਲ ਚੁੱਕਿਆ, ਅਤੇ ਮੈਂ ਉੱਤਰ ਨਹੀਂ ਦੇਵਾਂਗਾ, ਸਗੋਂ ਦੋ ਵਾਰ ਅਤੇ ਹੁਣ ਮੈਂ ਕੁਝ ਹੋਰ ਨਾ ਆਖਾਂਗਾ! 6 “ਅੱਗੋਂ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਉੱਤਰ ਦੇ ਕੇ ਆਖਿਆ, 7 ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ! ਮੈਂ ਤੈਥੋਂ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇ! 8 “ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਂਗਾ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਤਾਂ ਜੋ ਤੂੰ ਨਿਰਦੋਸ਼ ਠਹਿਰੇਂ? 9 ਕੀ ਤੇਰਾ ਬਲ ਪਰਮੇਸ਼ੁਰ ਵਰਗਾ ਹੈ, ਅਤੇ ਤੂੰ ਉਹ ਦੇ ਵਰਗੀ ਅਵਾਜ਼ ਨਾਲ ਗੱਜ ਸਕਦਾ ਹੈਂ?। 10 ੧੦ ਆਪਣੇ ਆਪ ਨੂੰ ਮਹਿਮਾ ਤੇ ਪਰਤਾਪ ਨਾਲ ਸਜਾ, ਅਤੇ ਆਦਰ ਅਤੇ ਤੇਜ ਨੂੰ ਪਹਿਨ ਲੈ! 11 ੧੧ ਆਪਣੇ ਕਹਿਰ ਦੇ ਹੜ੍ਹਾਂ ਨੂੰ ਵਗਾ ਦੇ, ਅਤੇ ਹਰੇਕ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, - 12 ੧੨ ਹਰੇਕ ਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ, ਅਤੇ ਦੁਸ਼ਟਾਂ ਨੂੰ ਉਹਨਾਂ ਦੇ ਥਾਂ ਵਿੱਚ ਮਿੱਧ ਸੁੱਟ! 13 ੧੩ ਉਹਨਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇ, ਓਹਲੇ ਵਿੱਚ ਉਹਨਾਂ ਦੇ ਮੂੰਹ ਬੰਨ੍ਹ ਦੇ, 14 ੧੪ ਤਦ ਮੈਂ ਵੀ ਮੰਨ ਲਵਾਂਗਾ, ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ! 15 ੧੫ “ਜ਼ਰਾ ਦਰਿਆਈ ਘੋੜੇ ਨੂੰ ਵੇਖ, ਜਿਸ ਨੂੰ ਮੈਂ ਤੇਰੇ ਨਾਲ ਬਣਾਇਆ ਹੈ, ਉਹ ਬਲ਼ਦ ਵਾਂਗੂੰ ਘਾਹ ਖਾਂਦਾ ਹੈ। 16 ੧੬ ਵੇਖ, ਉਹ ਦਾ ਬਲ ਉਹ ਦੀ ਕਮਰ ਵਿੱਚ ਹੈ, ਅਤੇ ਉਹ ਦਾ ਜ਼ੋਰ ਉਹ ਦੇ ਢਿੱਡ ਦੇ ਪੱਠਿਆਂ ਵਿੱਚ ਹੈ! 17 ੧੭ ਉਹ ਆਪਣੀ ਪੂਛ ਦਿਆਰ ਵਾਂਗੂੰ ਹਿਲਾਉਂਦਾ ਹੈ, ਉਹ ਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ ਮਿਲੀਆਂ ਹੋਈਆਂ ਹਨ। 18 ੧੮ ਉਹ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਗੂੰ ਹਨ। 19 ੧੯ ਉਹ ਪਰਮੇਸ਼ੁਰ ਦੇ ਕੰਮਾਂ ਦਾ ਅਰੰਭ ਹੈ, ਉਹ ਦਾ ਸਿਰਜਣਹਾਰ ਹੀ ਆਪਣੀ ਤਲਵਾਰ ਉਹ ਦੇ ਨੇੜੇ ਲਿਆ ਸਕਦਾ ਹੈ! 20 ੨੦ ਪਹਾੜਾਂ ਉੱਤੇ ਉਸ ਦੇ ਲਈ ਚਾਰਾ ਮਿਲਦਾ ਹੈ, ਜਿੱਥੇ ਜੰਗਲ ਦੇ ਸਾਰੇ ਜਾਨਵਰ ਖੇਡਦੇ ਹਨ। 21 ੨੧ ਕਮਲ ਦੇ ਫੁੱਲਾਂ ਹੇਠ ਅਤੇ ਕਾਨਿਆਂ ਤੇ ਖੋਭਿਆਂ ਦੀ ਓਟ ਦੇ ਹੇਠ ਉਹ ਲੇਟਦਾ ਹੈ। 22 ੨੨ ਕਮਲ ਦੇ ਬੂਟੇ ਉਹ ਨੂੰ ਆਪਣੀ ਛਾਂ ਵਿੱਚ ਲੁਕਾ ਲੈਂਦੇ ਹਨ, ਨਾਲੇ ਦੀਆਂ ਬੈਂਤਾਂ ਉਹ ਨੂੰ ਘੇਰ ਲੈਂਦੀਆਂ ਹਨ। 23 ੨੩ ਵੇਖ, ਜੇ ਦਰਿਆ ਰੋਹ ਵਿਖਾਵੇ, ਤਾਂ ਵੀ ਉਹ ਨਹੀਂ ਕੰਬਦਾ, ਭਾਵੇਂ ਯਰਦਨ ਮੂੰਹ ਤੱਕ ਚੜ੍ਹ ਜਾਵੇ, ਉਹ ਨਿਡਰ ਰਹਿੰਦਾ ਹੈ। 24 ੨੪ ਉਹ ਦੇ ਵੇਖਦਿਆਂ ਕੌਣ ਉਹ ਨੂੰ ਫੜ੍ਹ ਸਕਦਾ ਹੈ, ਜਾਂ ਫੰਦਾ ਲਾ ਕੇ ਉਹ ਨੂੰ ਨੱਥ ਸਕਦਾ ਹੈ?”

< ਅੱਯੂਬ 40 >