< ਅੱਯੂਬ 36 >

1 ਅਤੇ ਅਲੀਹੂ ਨੇ ਫੇਰ ਆਖਿਆ, 2 “ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਕਿਉਂਕਿ ਪਰਮੇਸ਼ੁਰ ਦੇ ਪੱਖ ਵਿੱਚ ਹੋਰ ਵੀ ਗੱਲਾਂ ਆਖਣੀਆਂ ਹਨ। 3 ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਅਤੇ ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ, 4 ਕਿਉਂ ਜੋ ਸੱਚ-ਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ, ਸੰਪੂਰਨ ਗਿਆਨਵਾਨ ਤੇਰੇ ਨਾਲ ਹੈ। 5 “ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧ ਵਿੱਚ ਮਹਾਨ ਹੈ। 6 ਉਹ ਦੁਸ਼ਟ ਨੂੰ ਜੀਉਂਦਾ ਨਹੀਂ ਰੱਖਦਾ, ਪਰ ਉਹ ਮਸਕੀਨਾਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ। 7 ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ, ਪਰ ਰਾਜਿਆਂ ਨਾਲ ਰਾਜ ਗੱਦੀ ਉੱਤੇ ਉਹਨਾਂ ਨੂੰ ਸਦਾ ਲਈ ਬਿਠਾਉਂਦਾ ਹੈ ਅਤੇ ਉਹ ਉੱਚੇ ਕੀਤੇ ਜਾਂਦੇ ਹਨ। 8 ਅਤੇ ਜੇਕਰ ਉਹ ਬੇੜੀਆਂ ਨਾਲ ਜਕੜੇ ਜਾਣ, ਅਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨ੍ਹੇ ਜਾਣ, 9 ਤਾਂ ਵੀ ਉਹ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ, ਨਾਲੇ ਉਹਨਾਂ ਦੇ ਅਪਰਾਧ ਪਰਗਟ ਕਰਦਾ ਹੈ ਕਿ ਉਹ ਘਮੰਡੀ ਹਨ। 10 ੧੦ ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲ੍ਹਦਾ ਹੈ ਅਤੇ ਫ਼ਰਮਾਉਂਦਾ ਹੈ ਕਿ ਬੁਰਿਆਈ ਤੋਂ ਮੁੜੋ! 11 ੧੧ ਜੇ ਉਹ ਸੁਣ ਲੈਣ ਅਤੇ ਉਹ ਦੀ ਸੇਵਾ ਕਰਨ, ਤਦ ਉਹ ਆਪਣੇ ਦਿਨ ਭਲਿਆਈ ਵਿੱਚ, ਅਤੇ ਆਪਣੇ ਵਰ੍ਹੇ ਖੁਸ਼ਹਾਲੀ ਵਿੱਚ ਪੂਰੇ ਕਰਨਗੇ। 12 ੧੨ ਪਰ ਜੇਕਰ ਉਹ ਨਾ ਸੁਣਨ, ਤਦ ਉਹ ਤਲਵਾਰ ਨਾਲ ਨਾਸ ਹੋਣਗੇ, ਅਤੇ ਗਿਆਨ ਤੋਂ ਬਿਨ੍ਹਾਂ ਮਰਨਗੇ! 13 ੧੩ “ਪਰ ਉਹ ਦਿਲੋਂ ਆਗਿਆਕਾਰੀ ਨਾ ਹੋ ਕੇ ਕ੍ਰੋਧ ਵਧਾਉਂਦੇ ਹਨ, ਅਤੇ ਜਦ ਉਹ ਉਹਨਾਂ ਨੂੰ ਬੰਨ੍ਹਦਾ ਹੈ, ਤਾਂ ਵੀ ਉਹ ਦੁਹਾਈ ਨਹੀਂ ਦਿੰਦੇ। 14 ੧੪ ਉਹ ਜੁਆਨੀ ਵਿੱਚ ਜਾਨ ਛੱਡ ਦਿੰਦੇ ਹਨ, ਅਤੇ ਪੁਰਖਗਾਮੀਆਂ ਵਿੱਚ ਉਹਨਾਂ ਦਾ ਜੀਵਨ ਮੁੱਕ ਜਾਂਦਾ ਹੈ। 15 ੧੫ ਉਹ ਦੁਖਿਆਰੇ ਨੂੰ ਉਹ ਦੇ ਦੁੱਖਾਂ ਤੋਂ ਛੁਡਾਉਂਦਾ ਹੈ, ਅਤੇ ਉਹ ਉਹਨਾਂ ਨਾਲ ਜ਼ੁਲਮ ਦੇ ਸਮੇਂ ਵੀ ਗੱਲ ਕਰਦਾ ਹੈ। 16 ੧੬ ਹਾਂ, ਉਹ ਨੇ ਤੈਨੂੰ ਦੁੱਖ ਦੇ ਮੂੰਹ ਤੋਂ ਕੱਢ ਕੇ ਅਜਿਹੇ ਖੁੱਲ੍ਹੇ ਥਾਂ ਵਿੱਚ ਪਹੁੰਚਾਉਂਦਾ ਹੈ ਜਿੱਥੇ ਕੋਈ ਤੰਗੀ ਨਹੀਂ, ਅਤੇ ਤੇਰੀ ਮੇਜ਼ ਉੱਤੇ ਚਿਕਨਾ ਭੋਜਨ ਪਰੋਸਦਾ ਹੈ। 17 ੧੭ ਪਰ ਹੁਣ ਤੂੰ ਦੁਸ਼ਟਾਂ ਦੇ ਯੋਗ ਸਜ਼ਾ ਨਾਲ ਭਰਿਆ ਹੋਇਆ ਹੈ, ਸਜ਼ਾ ਅਤੇ ਨਿਆਂ ਤੈਨੂੰ ਫੜ੍ਹਦੇ ਹਨ। 18 ੧੮ ਖ਼ਬਰਦਾਰ, ਕਿਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ, ਨਾ ਪ੍ਰਾਸਚਿਤ ਦਾ ਵਾਧਾ ਤੈਨੂੰ ਕੁਰਾਹੇ ਪਵੇ! 19 ੧੯ ਭਲਾ, ਤੇਰੀ ਦੁਹਾਈ ਜਾਂ ਸ਼ਕਤੀ ਦਾ ਸਾਰਾ ਜ਼ੋਰ ਤੈਨੂੰ ਛੁਡਾਵੇਗਾ ਕਿ ਤੂੰ ਦੁੱਖ ਵਿੱਚ ਨਾ ਪਵੇਂ? 20 ੨੦ ਉਸ ਰਾਤ ਲਈ ਨਾ ਲੋਚ, ਜਦੋਂ ਲੋਕ ਆਪਣੇ ਸਥਾਨਾਂ ਤੋਂ ਕੱਢੇ ਜਾਂਦੇ ਹਨ। 21 ੨੧ ਚੌਕਸ ਰਹਿ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੂੰ ਦੁੱਖ ਤੋਂ ਜ਼ਿਆਦਾ ਇਸੇ ਨੂੰ ਚੁਣਿਆ ਹੈ। 22 ੨੨ “ਵੇਖ, ਪਰਮੇਸ਼ੁਰ ਆਪਣੀ ਸਮਰੱਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ, ਉਹ ਦੇ ਤੁੱਲ ਸਿੱਖਿਆ ਦੇਣ ਵਾਲਾ ਕੌਣ ਹੈ? 23 ੨੩ ਕਿਸ ਨੇ ਉਹ ਦੇ ਲਈ ਉਹ ਦਾ ਰਸਤਾ ਠਹਿਰਾਇਆ, ਜਾਂ ਕੌਣ ਕਹਿ ਸਕਦਾ ਹੈ ਕਿ ਤੂੰ ਗਲਤੀ ਕੀਤੀ ਹੈ? 24 ੨੪ ਉਸ ਦੇ ਕੰਮਾਂ ਦੀ ਵਡਿਆਈ ਕਰਨਾ ਯਾਦ ਰੱਖ, ਜਿਸ ਦੀ ਉਸਤਤ ਦਾ ਗੀਤ ਮਨੁੱਖ ਗਾਉਂਦੇ ਹਨ। 25 ੨੫ ਸਾਰੇ ਮਨੁੱਖਾਂ ਨੇ ਉਹ ਨੂੰ ਵੇਖਿਆ ਹੈ, ਮਨੁੱਖ ਉਹ ਨੂੰ ਦੂਰੋਂ ਤੱਕਦਾ ਹੈ। 26 ੨੬ ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ, ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰ੍ਹੇ ਹੈ। 27 ੨੭ “ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ਼ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ, 28 ੨੮ ਜਿਹਨਾਂ ਨੂੰ ਬੱਦਲ ਡੋਲ੍ਹਦੇ ਹਨ, ਅਤੇ ਉਹ ਮਨੁੱਖਾਂ ਉੱਤੇ ਬਹੁਤਾਇਤ ਨਾਲ ਵਰ੍ਹਦੀਆਂ ਹਨ। 29 ੨੯ ਭਲਾ, ਕੋਈ ਘਟਾਂ ਦਾ ਫੈਲਣਾ ਅਤੇ ਉਹ ਦੇ ਮੰਡਪ ਦੀਆਂ ਗਰਜਾਂ ਸਮਝ ਸਕਦਾ ਹੈ? 30 ੩੦ ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਵੀ ਢੱਕਦਾ ਹੈ। 31 ੩੧ ਉਹ ਤਾਂ ਇਹਨਾਂ ਦੇ ਰਾਹੀਂ ਦੇਸ਼-ਦੇਸ਼ ਦੇ ਲੋਕਾਂ ਦਾ ਇਨਸਾਫ਼ ਕਰਦਾ ਹੈ, ਅਤੇ ਵਾਫ਼ਰੀ ਨਾਲ ਭੋਜਨ ਦਿੰਦਾ ਹੈ। 32 ੩੨ ਉਹ ਆਪਣਾ ਹੱਥ ਬਿਜਲੀ ਨਾਲ ਭਰਦਾ ਹੈ, ਅਤੇ ਉਹ ਨੂੰ ਹੁਕਮ ਦਿੰਦਾ ਹੈ ਕਿ ਉਹ ਨਿਸ਼ਾਨੇ ਉੱਤੇ ਡਿੱਗੇ। 33 ੩੩ ਉਹ ਦੀ ਕੜਕ ਆਉਣ ਵਾਲੇ ਤੂਫ਼ਾਨ ਦੀ ਖ਼ਬਰ ਦਿੰਦੀ ਹੈ, ਪਸ਼ੂ ਵੀ ਉਹ ਦੀ ਚੜ੍ਹਤ ਦੀ ਖ਼ਬਰ ਦਿੰਦੇ ਹਨ।”

< ਅੱਯੂਬ 36 >