< ਅੱਯੂਬ 13 >

1 ਵੇਖੋ, ਮੇਰੀ ਅੱਖ ਨੇ ਇਹ ਸਭ ਕੁਝ ਵੇਖਿਆ ਹੈ, ਮੇਰੇ ਕੰਨਾਂ ਨੇ ਇਹ ਸੁਣਿਆ ਅਤੇ ਸਮਝਿਆ ਹੈ। 2 ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ। 3 ਪਰ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰਨਾ ਚਾਹੁੰਦਾ ਹਾਂ, 4 ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ! 5 ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ! 6 ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੀ ਬੇਨਤੀ ਉੱਤੇ ਕੰਨ ਲਾਓ। 7 ਕੀ ਤੁਸੀਂ ਪਰਮੇਸ਼ੁਰ ਦੇ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ? 8 ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਜਾਂ ਪਰਮੇਸ਼ੁਰ ਲਈ ਮੁਕੱਦਮਾ ਲੜੋਗੇ? 9 ਭਲਾ ਇਹ ਚੰਗਾ ਹੋਵੇਗਾ ਕਿ ਉਹ ਤੁਹਾਨੂੰ ਜਾਂਚੇ, ਜਾਂ ਤੁਸੀਂ ਉਹ ਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ? 10 ੧੦ ਜੇ ਤੁਸੀਂ ਲੁੱਕ ਕੇ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖ਼ਤੀ ਨਾਲ ਝਿੜਕੇਗਾ। 11 ੧੧ ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈਅ ਤੁਹਾਡੇ ਉੱਤੇ ਨਹੀਂ ਪੈਂਦਾ? 12 ੧੨ ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਗੜ੍ਹ ਮਿੱਟੀ ਦੇ ਗੜ੍ਹ ਹਨ! 13 ੧੩ ਮੇਰੇ ਅੱਗੇ ਚੁੱਪ ਰਹੋ ਤਾਂ ਜੋ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ! 14 ੧੪ ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਨਾਲ ਚੱਬਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ? 15 ੧੫ ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਕੋਈ ਆਸ ਨਹੀਂ, ਤਾਂ ਵੀ ਮੈਂ ਆਪਣੇ ਚਾਲ-ਚਲਣ ਲਈ ਉਹ ਦੇ ਨਾਲ ਵਾਦ-ਵਿਵਾਦ ਕਰਾਂਗਾ। 16 ੧੬ ਇਹ ਵੀ ਮੇਰੀ ਮੁਕਤੀ ਦਾ ਕਾਰਨ ਹੋਵੇਗਾ ਕਿ ਕੋਈ ਕੁਧਰਮੀ ਉਹ ਦੇ ਹਜ਼ੂਰ ਜਾ ਨਹੀਂ ਸਕਦਾ। 17 ੧੭ ਧਿਆਨ ਲਗਾ ਕੇ ਮੇਰੇ ਬਚਨਾਂ ਨੂੰ ਸੁਣੋ, ਅਤੇ ਮੇਰੀ ਬੇਨਤੀ ਤੁਹਾਡੇ ਕੰਨਾਂ ਵਿੱਚ ਪਵੇ। 18 ੧੮ ਹੁਣ ਵੇਖੋ, ਮੈਂ ਆਪਣੇ ਮੁਕੱਦਮੇ ਦੀ ਤਿਆਰੀ ਪੂਰੀ ਕਰ ਲਈ ਹੈ, ਮੈਂ ਜਾਣਦਾ ਹਾਂ ਕਿ ਮੈਂ ਨਿਰਦੋਸ਼ ਠਹਿਰਾਂਗਾ। 19 ੧੯ ਕੌਣ ਮੇਰੇ ਨਾਲ ਬਹਿਸ ਕਰੇਗਾ? ਜੇਕਰ ਕੋਈ ਅਜਿਹਾ ਹੋਵੇ ਤਾਂ ਮੈਂ ਚੁੱਪ ਰਹਾਂਗਾ ਅਤੇ ਪ੍ਰਾਣ ਤਿਆਗ ਦਿਆਂਗਾ। 20 ੨੦ ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹਜ਼ੂਰੋਂ ਨਾ ਲੁਕਾਂਗਾ। 21 ੨੧ ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈਅ ਮੈਨੂੰ ਨਾ ਡਰਾਵੇ। 22 ੨੨ ਤਦ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ! 23 ੨੩ ਮੇਰੀਆਂ ਬੁਰਾਈਆਂ ਅਤੇ ਪਾਪ ਕਿੰਨੇ ਹਨ? ਮੇਰਾ ਅਪਰਾਧ ਅਤੇ ਪਾਪ ਮੈਨੂੰ ਦੱਸ! 24 ੨੪ ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ? 25 ੨੫ ਕੀ ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ? ਕੀ ਤੂੰ ਸੁੱਕੇ ਘਾਹ ਦਾ ਪਿੱਛਾ ਕਰੇਂਗਾ? 26 ੨੬ ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈਂ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈਂ। 27 ੨੭ ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈਂ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ! 28 ੨੮ ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਕੱਪੜੇ ਵਰਗਾ ਜਿਸ ਨੂੰ ਕੀੜੇ ਨੇ ਖਾ ਲਿਆ ਹੋਵੇ!

< ਅੱਯੂਬ 13 >