< ਯਿਰਮਿਯਾਹ 6 >

1 ਹੇ ਬਿਨਯਾਮੀਨੀਓ, ਆਪਣੇ ਬਚਾਉ ਲਈ ਯਰੂਸ਼ਲਮ ਵਿੱਚੋਂ ਨੱਠੋ, ਤਕੋਆਹ ਵਿੱਚ ਤੁਰ੍ਹੀ ਫੂਕੋ, ਬੈਤ ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ, ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ। 2 ਮੈਂ ਸੀਯੋਨ ਦੀ ਧੀ ਨੂੰ ਜਿਹੜੀ ਸੋਹਣੀ ਅਤੇ ਨਾਜ਼ੁਕ ਹੈ ਮਾਰ ਸੁੱਟਾਂਗਾ। 3 ਆਜੜੀ ਆਪਣੇ ਇੱਜੜਾਂ ਸਣੇ ਉਸ ਦੇ ਕੋਲ ਆਉਣਗੇ, ਉਹ ਉਸ ਦੇ ਵਿਰੁੱਧ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ ਆਪਣੇ ਥਾਂ ਵਿੱਚ ਚਰਾਵੇਗਾ। 4 ਉਹ ਦੇ ਵਿਰੁੱਧ ਲੜਾਈ ਛੇੜੋ, ਉੱਠੋ! ਅਸੀਂ ਦੁਪਹਿਰ ਵੇਲੇ ਚੜ੍ਹਾਈ ਕਰੀਏ! ਹਾਏ ਸਾਨੂੰ! ਦਿਨ ਜੋ ਢਲਦਾ ਜਾਂਦਾ ਹੈ, ਅਤੇ ਸ਼ਾਮਾਂ ਦੇ ਪਰਛਾਵੇਂ ਵਧਦੇ ਜਾਂਦੇ ਹਨ। 5 ਉੱਠੋ! ਅਸੀਂ ਰਾਤ ਨੂੰ ਚੜ੍ਹਾਈ ਕਰੀਏ, ਅਤੇ ਉਹ ਦੇ ਮਹਿਲਾਂ ਨੂੰ ਢਾਹ ਸੁੱਟੀਏ!। 6 ਸੈਨਾਂ ਦਾ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਤੁਸੀਂ ਰੁੱਖਾਂ ਨੂੰ ਵੱਢ ਸੁੱਟੋ, ਯਰੂਸ਼ਲਮ ਦੇ ਵਿਰੁੱਧ ਦਮਦਮਾ ਬੰਨ੍ਹੋ, ਇਹ ਉਹ ਸ਼ਹਿਰ ਹੈ ਜਿਹ ਨੂੰ ਸਜ਼ਾ ਦੇਣੀ ਚਾਹੀਦੀ ਹੈ, ਉਹ ਦੇ ਵਿੱਚ ਧੱਕਾ ਧੋੜਾ ਹੀ ਹੈ। 7 ਜਿਵੇਂ ਖੂਹ ਆਪਣੇ ਪਾਣੀ ਨੂੰ ਤਾਜ਼ਾ ਰੱਖਦਾ ਹੈ, ਤਿਵੇਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ। ਧੱਕਾ ਅਤੇ ਲੁੱਟ ਉਹ ਦੇ ਵਿੱਚ ਸੁਣੀ ਜਾਂਦੀ ਹੈ, ਮੇਰੇ ਅੱਗੇ ਸਦਾ ਬਿਮਾਰੀ ਅਤੇ ਘਾਓ ਹਨ। 8 ਹੇ ਯਰੂਸ਼ਲਮ ਸਿੱਖਿਆ ਲੈ, ਮਤੇ ਮੇਰਾ ਦਿਲ ਤੈਥੋਂ ਖੱਟਾ ਪੈ ਜਾਵੇ, ਮਤੇ ਮੈਂ ਤੈਨੂੰ ਵਿਰਾਨ ਕਰ ਛੱਡਾਂ, ਅਤੇ ਮੈਂ ਤੈਨੂੰ ਬੇ ਚਿਰਾਗ ਕਰ ਦੇ! 9 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਉਹ ਇਸਰਾਏਲ ਦੀ ਰਹਿੰਦ-ਖੁਹੰਦ ਨੂੰ ਅੰਗੂਰ ਵਾਂਗੂੰ ਉੱਕਾ ਹੀ ਚੁੱਗ ਲੈਣਗੇ, ਤੂੰ ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ। 10 ੧੦ ਮੈਂ ਕਿਹ ਨੂੰ ਬੋਲਾਂ ਅਤੇ ਕਿਹ ਨੂੰ ਜਤਾਵਾਂ, ਜੋ ਉਹ ਸੁਣਨ? ਵੇਖੋ, ਉਹਨਾਂ ਦੇ ਕੰਨ ਬੰਦ ਹਨ, ਉਹ ਧਿਆਨ ਨਹੀਂ ਦੇ ਸਕਦੇ, ਵੇਖੋ, ਯਹੋਵਾਹ ਦਾ ਬਚਨ ਉਹਨਾਂ ਲਈ ਇੱਕ ਨਿਆਦਰੀ ਹੈ, ਉਹ ਉਸ ਦੇ ਵਿੱਚੋਂ ਮਗਨ ਨਹੀਂ ਹਨ। 11 ੧੧ ਮੈਂ ਯਹੋਵਾਹ ਦੇ ਗਜ਼ਬ ਨਾਲ ਭਰਿਆ ਹੋਇਆ ਹਾਂ, ਮੈਂ ਉਹ ਨੂੰ ਸਹਿੰਦਾ-ਸਹਿੰਦਾ ਥੱਕ ਗਿਆ ਹਾਂ, ਇਹ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ, ਨਾਲੇ ਜੁਆਨਾਂ ਦੇ ਇਕੱਠ ਉੱਤੇ ਵੀ। ਨਾਲੇ ਮਨੁੱਖ ਆਪਣੀ ਔਰਤ ਨਾਲ ਫੜਿਆ ਜਾਵੇਗਾ, ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ। 12 ੧੨ ਉਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ, ਨਾਲੇ ਉਹਨਾਂ ਦੇ ਖੇਤ ਅਤੇ ਉਹਨਾਂ ਦੀਆਂ ਔਰਤਾਂ ਵੀ, ਮੈਂ ਆਪਣਾ ਹੱਥ ਦੇਸ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਯਹੋਵਾਹ ਦਾ ਵਾਕ ਹੈ। 13 ੧੩ ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਅਤੇ ਨਬੀ ਤੋਂ ਲੈ ਕੇ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ। 14 ੧੪ ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ ਹੈ, ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ। 15 ੧੫ ਕੀ ਉਹ ਲੱਜਿਆਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਮੂਲੋਂ ਹੀ ਲੱਜਿਆਵਾਨ ਨਾ ਹੋਏ! ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਇਸ ਲਈ ਉਹ ਡਿੱਗਿਆਂ ਹੋਇਆਂ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ। ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ। 16 ੧੬ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਤੁਸੀਂ ਰਾਹਾਂ ਵਿੱਚ ਖਲੋ ਜਾਓ ਅਤੇ ਵੇਖੋ, ਅਤੇ ਪੁਰਾਣੇ ਰਸਤਿਆਂ ਲਈ ਪੁੱਛੋ, ਕਿ ਅੱਛਾ ਰਾਹ ਕਿੱਥੇ ਹੈ? ਤਾਂ ਉਹ ਦੇ ਵਿੱਚ ਚੱਲੋ। ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ, ਪਰ ਉਹਨਾਂ ਆਖਿਆ, ਅਸੀਂ ਉਹਨਾਂ ਵਿੱਚ ਨਾ ਚੱਲਾਂਗੇ। 17 ੧੭ ਮੈਂ ਤੁਹਾਡੇ ਲਈ ਰਾਖੇ ਠਹਿਰਾਏ ਅਤੇ ਆਖਿਆ, ਤੁਸੀਂ ਤੁਰ੍ਹੀ ਦੀ ਅਵਾਜ਼ ਵੱਲ ਧਿਆਨ ਦਿਓ, ਪਰ ਉਹਨਾਂ ਆਖਿਆ ਅਸੀਂ ਧਿਆਨ ਨਾ ਦੇਵਾਂਗੇ। 18 ੧੮ ਇਸ ਲਈ ਹੇ ਕੌਮੋਂ, ਤੁਸੀਂ ਸੁਣੋ, ਹੇ ਮੰਡਲੀ, ਤੂੰ ਜਾਣ ਜੋ ਉਹਨਾਂ ਉੱਤੇ ਕੀ ਹੋਣ ਵਾਲਾ ਹੈ। 19 ੧੯ ਹੇ ਧਰਤੀ ਸੁਣ! ਮੈਂ ਇਸ ਪਰਜਾ ਉੱਤੇ ਬੁਰਿਆਈ ਲਿਆ ਰਿਹਾ ਹਾਂ। ਇਹ ਉਹਨਾਂ ਦੇ ਵਿਚਾਰਾਂ ਦਾ ਫਲ ਹੈ, ਉਹਨਾਂ ਨੇ ਤਾਂ ਮੇਰੇ ਬਚਨ ਉੱਤੇ ਧਿਆਨ ਨਹੀਂ ਦਿੱਤਾ, ਮੇਰੀ ਬਿਵਸਥਾ ਨੂੰ ਉਹਨਾਂ ਨੇ ਰੱਦ ਕਰ ਦਿੱਤਾ। 20 ੨੦ ਕਾਹਦੇ ਲਈ ਸ਼ਬਾ ਤੋਂ ਲੁਬਾਨ ਅਤੇ ਦੂਰ ਦੇਸ ਤੋਂ ਬੇਦ-ਮੁਸ਼ਕ ਮੇਰੇ ਕੋਲ ਆਉਂਦੇ ਹਨ? ਤੇਰੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ, ਅਤੇ ਤੇਰੀਆਂ ਬਲੀਆਂ ਮੈਨੂੰ ਪਸੰਦ ਨਹੀਂ। 21 ੨੧ ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਪਰਜਾ ਦੇ ਅੱਗੇ ਠੇਡਾ ਖਾਣ ਵਾਲੀਆਂ ਚੀਜ਼ਾਂ ਰੱਖਾਂਗਾ, ਪਿਉ ਅਤੇ ਪੁੱਤਰ ਇਕੱਠੇ ਠੇਡਾ ਖਾਣਗੇ, ਗੁਆਂਢੀ ਅਤੇ ਉਹ ਦਾ ਮਿੱਤਰ ਨਾਸ ਹੋ ਜਾਣਗੇ। 22 ੨੨ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਲੋਕ ਉੱਤਰ ਦੇਸ ਵਲੋਂ ਲੱਗੇ ਆਉਂਦੇ ਹਨ, ਅਤੇ ਇੱਕ ਵੱਡੀ ਕੌਮ ਧਰਤੀ ਦੀਆਂ ਹੱਦਾਂ ਤੋਂ ਜਾਗ ਉੱਠੀ ਹੈ। 23 ੨੩ ਉਹ ਧਣੁੱਖ ਅਤੇ ਭਾਲਾ ਫੜ੍ਹਦੇ ਹਨ, ਉਹ ਜ਼ਾਲਮ ਅਤੇ ਬੇਰਹਿਮ ਹਨ, ਉਹਨਾਂ ਦੀ ਅਵਾਜ਼ ਸਮੁੰਦਰ ਵਾਂਗੂੰ ਗੱਜਦੀ ਹੈ, ਉਹ ਘੋੜਿਆਂ ਉੱਤੇ ਚੜ੍ਹਦੇ ਹਨ, ਉਹ ਜੰਗੀ ਮਨੁੱਖਾਂ ਵਾਂਗੂੰ ਪਾਲਾਂ ਬੰਨ੍ਹਦੇ ਹਨ, ਹੇ ਸੀਯੋਨ ਦੀਏ ਧੀਏ, ਤੇਰੇ ਵਿਰੁੱਧ! 24 ੨੪ ਅਸੀਂ ਉਹ ਦੀ ਖ਼ਬਰ ਸੁਣੀ ਹੈ, ਸਾਡੇ ਹੱਥ ਢਿੱਲੇ ਪੈ ਗਏ ਹਨ, ਸਾਨੂੰ ਦੁੱਖ ਲੱਗਾ, ਜਿਵੇਂ ਜਣਨ ਵਾਲੀ ਔਰਤ ਨੂੰ ਪੀੜਾਂ। 25 ੨੫ ਖੇਤ ਵਿੱਚ ਨਾ ਜਾਓ ਨਾ ਰਾਹ ਵਿੱਚ ਚੱਲੋ, ਕਿਉਂ ਜੋ ਵੈਰੀ ਦੇ ਕੋਲ ਤਲਵਾਰ ਹੈ, ਅਤੇ ਹਰ ਪਾਸਿਓਂ ਭੈਅ ਹੈ। 26 ੨੬ ਹੇ ਮੇਰੀ ਪਰਜਾ ਦੀਏ ਧੀਏ, ਆਪਣੇ ਲੱਕ ਉੱਤੇ ਤੱਪੜ ਬੰਨ੍ਹ, ਅਤੇ ਸੁਆਹ ਵਿੱਚ ਲੇਟਿਆ ਰਹਿ। ਤੂੰ ਸੋਗ ਕਰ ਜਿਵੇਂ ਇਕਲੌਤੇ ਪੁੱਤਰ ਉੱਤੇ ਕਰੀਦਾ ਹੈ, ਤੂੰ ਬਹੁਤ ਭਾਰੀ ਸਿਆਪਾ ਕਰ, - ਸੱਤਿਆਨਾਸ ਕਰਨ ਵਾਲਾ ਅਚਾਨਕ ਸਾਡੇ ਉੱਤੇ ਆ ਪਵੇਗਾ। 27 ੨੭ ਮੈਂ ਤੈਨੂੰ ਆਪਣੀ ਪਰਜਾ ਵਿੱਚ ਇੱਕ ਬੁਰਜ ਅਤੇ ਇੱਕ ਗੜ੍ਹ ਬਣਾਇਆ ਹੈ, ਭਈ ਤੂੰ ਉਹਨਾਂ ਦੇ ਰਾਹਾਂ ਨੂੰ ਜਾਣੇ ਅਤੇ ਪਰਖੇਂ। 28 ੨੮ ਉਹ ਸਾਰਿਆਂ ਦੇ ਸਾਰੇ ਢੀਠ ਤੇ ਆਕੀ ਹਨ, ਉਹ ਚੁਗਲੀਆਂ ਕਰਦੇ ਫਿਰਦੇ ਹਨ, ਉਹ ਪਿੱਤਲ ਅਤੇ ਲੋਹਾ ਹਨ, ਉਹ ਸਾਰਿਆਂ ਦੇ ਸਾਰੇ ਭੈੜੇ ਕੰਮ ਕਰਦੇ ਹਨ। 29 ੨੯ ਧੌਕਣੀ ਜ਼ੋਰ ਨਾਲ ਫੂਕਦੇ ਹਨ, ਸਿੱਕਾ ਅੱਗ ਨਾਲ ਭਸਮ ਹੋ ਜਾਂਦਾ ਹੈ, ਸਾਫ਼ ਕਰਨ ਦਾ ਕੰਮ ਐਂਵੇਂ ਜਾਂਦਾ ਹੈ, ਪਰ ਬੁਰਿਆਈ ਵੱਖ ਨਹੀਂ ਹੋਏ। 30 ੩੦ ਉਹ “ਰੱਦੀ ਚਾਂਦੀ” ਅਖਵਾਉਣਗੇ, ਕਿਉਂਕਿ ਯਹੋਵਾਹ ਨੇ ਉਹਨਾਂ ਨੂੰ ਰੱਦ ਕੀਤਾ ਹੈ।

< ਯਿਰਮਿਯਾਹ 6 >