< ਯਿਰਮਿਯਾਹ 49 >

1 ਅੰਮੋਨੀਆਂ ਦੇ ਵਿਖੇ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਕੀ ਇਸਰਾਏਲ ਦਾ ਕੋਈ ਪੁੱਤਰ ਨਹੀਂ? ਕੀ ਉਹ ਦਾ ਕੋਈ ਵਾਰਿਸ ਨਹੀਂ? ਫਿਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ? ਅਤੇ ਕਿਉਂ ਉਹ ਦੇ ਕੋਲ ਉਸ ਦੇ ਸ਼ਹਿਰਾਂ ਵਿੱਚ ਵੱਸਦੇ ਹਨ? 2 ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਲੜਾਈ ਦਾ ਰੌਲ਼ਾ ਸੁਣਾਵਾਂਗਾ, ਅੰਮੋਨੀਆਂ ਦੇ ਰੱਬਾਹ ਦੇ ਵਿਰੁੱਧ। ਉਹ ਇੱਕ ਵਿਰਾਨ ਥੇਹ ਹੋ ਜਾਵੇਗਾ, ਉਸ ਦਿਨ ਬਸਤੀਆਂ ਅੱਗ ਨਾਲ ਸਾੜੀਆਂ ਜਾਣਗੀਆਂ, ਤਦ ਇਸਰਾਏਲ ਉਹਨਾਂ ਉੱਤੇ ਕਬਜ਼ਾ ਕਰੇਗਾ ਜਿਹਨਾਂ ਉਸ ਦੇ ਉੱਤੇ ਕਬਜ਼ਾ ਕੀਤਾ, ਯਹੋਵਾਹ ਆਖਦਾ ਹੈ। 3 ਹੇ ਹਸ਼ਬੋਨ, ਰੋ! ਕਿਉਂ ਜੋ ਅਈ ਲੁੱਟਿਆ ਗਿਆ। ਹੇ ਰੱਬਾਹ ਦੀ ਧੀਓ, ਦੁਹਾਈ ਦਿਓ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਇੱਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ। 4 ਤੂੰ ਆਪਣੀਆਂ ਵਾਦੀਆਂ ਦਾ ਕਿਉਂ ਮਾਣ ਕਰਦੀ ਹੈਂ? ਹੇ ਫਿਰਤੂ ਧੀਏ, ਤੇਰੀ ਵਾਦੀ ਵਗਣ ਵਾਲੀ ਹੈ, ਤੇਰਾ ਭਰੋਸਾ ਤੇਰੇ ਖ਼ਜ਼ਾਨਿਆਂ ਉੱਤੇ ਹੈ, ਮੇਰੇ ਵਿਰੁੱਧ ਕੌਣ ਆਵੇਗਾ? 5 ਵੇਖ, ਮੈਂ ਤੇਰੇ ਉੱਤੇ ਭੋਂ ਲਿਆਵਾਂਗਾ, ਸੈਨਾਂ ਦੇ ਯਹੋਵਾਹ ਪ੍ਰਭੂ ਦਾ ਵਾਕ ਹੈ, ਉਹਨਾਂ ਸਾਰਿਆਂ ਤੋਂ ਜਿਹੜੇ ਤੇਰੇ ਆਲੇ-ਦੁਆਲੇ ਹਨ, ਤੁਸੀਂ ਹਰੇਕ ਮਨੁੱਖ ਉਹ ਦੇ ਅੱਗੇ ਹੱਕੇ ਜਾਓਗੇ, ਭਗੌੜਿਆਂ ਨੂੰ ਇਕੱਠਾ ਕਰਨ ਲਈ ਕੋਈ ਨਾ ਹੋਵੇਗਾ। 6 ਪਰ ਓੜਕ ਨੂੰ ਮੈਂ ਫਿਰ ਅੰਮੋਨੀਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ। 7 ਅਦੋਮ ਦੇ ਵਿਖੇ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੀ ਤੇਮਾਨ ਵਿੱਚ ਹੋਰ ਬੁੱਧੀ ਨਾ ਰਹੀ? ਕੀ ਸਮਝ ਵਾਲਿਆਂ ਵਿੱਚੋਂ ਸਲਾਹ ਦਾ ਨਾਸ ਹੋ ਗਿਆ? ਕੀ ਉਹਨਾਂ ਦੀ ਬੁੱਧੀ ਮਿਟ ਗਈ? 8 ਤੁਸੀਂ ਨੱਠੋ, ਮੁੜੋ ਅਤੇ ਡੁੰਘਿਆਈਆਂ ਵਿੱਚ ਵੱਸੋ, ਹੇ ਦਦਾਨ ਦੇ ਵਾਸੀਓ, ਮੈਂ ਉਹ ਦੇ ਉੱਤੇ ਤਾਂ ਏਸਾਓ ਦੀ ਬਿਪਤਾ ਲਿਆਵਾਂਗਾ, ਉਸ ਵੇਲੇ ਜਦ ਮੈਂ ਉਹ ਨੂੰ ਸਜ਼ਾ ਦਿਆਂ! 9 ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਦਾਣੇ ਨਹੀਂ ਛੱਡਣਗੇ? ਜੇ ਰਾਤ ਨੂੰ ਚੋਰ ਆਉਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? 10 ੧੦ ਪਰ ਮੈਂ ਏਸਾਓ ਨੂੰ ਨੰਗਾ ਕੀਤਾ, ਉਸ ਦੇ ਲੁਕੇ ਹੋਏ ਥਾਵਾਂ ਨੂੰ ਬੇਪੜਦਾ ਕੀਤਾ, ਉਹ ਆਪਣੇ ਆਪ ਨੂੰ ਨਾ ਲੁਕਾ ਸਕੇਗਾ, ਉਸ ਦੀ ਨਸਲ ਬਰਬਾਦ ਹੋ ਜਾਵੇਗੀ ਅਤੇ ਉਸ ਦੇ ਭਰਾ ਵੀ, ਅਤੇ ਉਸ ਦੇ ਗੁਆਂਢੀ ਅਤੇ ਉਹ ਹੈ ਨਹੀਂ। 11 ੧੧ ਆਪਣੇ ਅਨਾਥਾਂ ਨੂੰ ਛੱਡ, ਮੈਂ ਉਹਨਾਂ ਨੂੰ ਜੀਉਂਦੇ ਰੱਖਾਂਗਾ, ਅਤੇ ਤੇਰੀਆਂ ਵਿਧਵਾਂ ਮੇਰੇ ਉੱਤੇ ਭਰੋਸਾ ਰੱਖਣ। 12 ੧੨ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਵੇਖ, ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਉਹਨਾਂ ਨੇ ਜ਼ਰੂਰ ਪੀਣਾ ਹੈ। ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ਾ ਹੈਂ? ਤੂੰ ਬੇਦੋਸ਼ਾ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ 13 ੧੩ ਕਿਉਂ ਜੋ ਮੈਂ ਆਪਣੀ ਹੀ ਸਹੁੰ ਖਾਧੀ ਹੈ, ਯਹੋਵਾਹ ਦਾ ਵਾਕ ਹੈ, ਕਿ ਬਾਸਰਾਹ ਹੈਰਾਨੀ ਅਤੇ ਤਾਹਨੇ ਅਤੇ ਖਰਾਬੀ ਅਤੇ ਸਰਾਪ ਲਈ ਹੋਵੇਗਾ ਅਤੇ ਉਹ ਦੇ ਸਾਰੇ ਸ਼ਹਿਰ ਸਦਾ ਲਈ ਵਿਰਾਨ ਰਹਿਣਗੇ। 14 ੧੪ ਮੈਂ ਇੱਕ ਅਵਾਈ ਯਹੋਵਾਹ ਤੋਂ ਸੁਣੀ, ਭਈ ਕੌਮਾਂ ਵਿੱਚ ਇੱਕ ਸੰਦੇਸ਼ਵਾਹਕ ਭੇਜਿਆ ਗਿਆ, ਇਕੱਠੇ ਹੋਵੋ ਅਤੇ ਉਹ ਦੇ ਵਿਰੁੱਧ ਨਿੱਕਲੋ, ਲੜਨ ਲਈ ਉੱਠ ਖੜ੍ਹੇ ਹੋਵੋ! 15 ੧੫ ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਕੇ, ਆਦਮੀਆਂ ਵਿੱਚ ਤੁੱਛ ਕਰ ਕੇ ਦਿੱਤਾ ਹੈ। 16 ੧੬ ਤੇਰੇ ਭਿਆਨਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚੱਟਾਨਾਂ ਦੀਆਂ ਦਰਾਰਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਲ੍ਹਣਾ ਉਕਾਬ ਵਾਂਗੂੰ ਉੱਚਾ ਬਣਾਵੇਂ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ। 17 ੧੭ ਅਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਸ ਦੀਆਂ ਬਵਾਂ ਦੇ ਕਾਰਨ ਨੱਕ ਚੜ੍ਹਾਵੇਗਾ 18 ੧੮ ਜਿਵੇਂ ਸਦੂਮ ਅਤੇ ਅਮੂਰਾਹ ਅਤੇ ਉਹਨਾਂ ਦੇ ਵਾਸ ਉੱਲਦੇ ਗਏ, ਯਹੋਵਾਹ ਆਖਦਾ ਹੈ, ਉੱਥੇ ਕੋਈ ਨਾ ਵੱਸੇਗਾ, ਨਾ ਕੋਈ ਆਦਮ ਵੰਸ਼ ਉਸ ਦੇ ਵਿੱਚ ਟਿਕੇਗਾ 19 ੧੯ ਵੇਖੋ, ਉਹ ਬਬਰ ਸ਼ੇਰ ਵਾਂਗੂੰ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਆਵੇਗਾ ਕਿਉਂ ਜੋ ਮੈਂ ਅਚਾਨਕ ਉਹਨਾਂ ਨੂੰ ਉੱਥੋਂ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਠਹਿਰਾਵਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸਕੇਗਾ? 20 ੨੦ ਇਸ ਲਈ ਤੁਸੀਂ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਨੇ ਅਦੋਮ ਦੇ ਬਾਰੇ ਸੋਚੀ ਹੋਈ ਹੈ ਅਤੇ ਉਹ ਦੀਆਂ ਵਿਚਾਰਾਂ ਨੂੰ ਜਿਹੜੀਆਂ ਉਸ ਨੇ ਤੇਮਾਨ ਦੇ ਵਾਸੀਆਂ ਦੇ ਬਾਰੇ ਕੀਤੀਆਂ ਹਨ। ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਵੀ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ 21 ੨੧ ਉਹਨਾਂ ਦੇ ਡਿੱਗਣ ਦੀ ਅਵਾਜ਼ ਨਾਲ ਧਰਤੀ ਕੰਬੇਗੀ, ਉਹਨਾਂ ਦੀ ਦੁਹਾਈ ਦੀ ਅਵਾਜ਼ ਲਾਲ ਸਮੁੰਦਰ ਤੱਕ ਸੁਣਾਈ ਦੇਵੇਗੀ! 22 ੨੨ ਵੇਖੋ, ਉਹ ਉਕਾਬ ਵਾਂਗੂੰ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬਾਸਰਾਹ ਦੇ ਉੱਤੇ ਖਿਲਾਰੇਗਾ ਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ ਜਿਹ ਨੂੰ ਪੀੜਾਂ ਲੱਗੀਆਂ ਹਨ। 23 ੨੩ ਦੰਮਿਸ਼ਕ ਦੇ ਵਿਖੇ, ਹਮਾਥ ਅਤੇ ਅਰਪਾਦ ਘਬਰਾ ਗਏ, ਕਿਉਂ ਜੋ ਉਹਨਾਂ ਨੇ ਬੁਰੀਆਂ ਅਵਾਈਆਂ ਸੁਣੀਆਂ, ਉਹ ਪੰਘਰ ਗਏ, ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ। 24 ੨੪ ਦੰਮਿਸ਼ਕ ਨਿਰਬਲ ਹੋ ਗਿਆ, ਉਸ ਆਪਣਾ ਮੂੰਹ ਮੋੜ ਲਿਆ, ਕੰਬਣੀ ਨੇ ਉਹ ਨੂੰ ਆ ਫੜਿਆ, ਪੀੜ ਨੇ ਅਤੇ ਗ਼ਮ ਨੇ ਉਹ ਨੂੰ ਫੜ ਲਿਆ ਜਣਨ ਵਾਲੀ ਔਰਤ ਵਾਂਗੂੰ। 25 ੨੫ ਉਸਤਤ ਜੋਗ ਮੇਰਾ ਸ਼ਹਿਰ, ਮੇਰਾ ਅਨੰਦ ਦਾ ਨਗਰ, ਕਿਵੇਂ ਤਿਆਗਿਆ ਹੋਇਆ ਹੈ! 26 ੨੬ ਇਸ ਲਈ ਉਹ ਦੇ ਗੱਭਰੂ ਉਹ ਦੇ ਚੌਂਕਾਂ ਵਿੱਚ ਡਿੱਗ ਪੈਣਗੇ, ਅਤੇ ਸਾਰੇ ਯੋਧੇ ਉਸ ਦਿਨ ਮਿਟ ਜਾਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ। 27 ੨੭ ਮੈਂ ਦੰਮਿਸ਼ਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ, ਉਹ ਬਨ-ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ। 28 ੨੮ ਕੇਦਾਰ ਦੇ ਬਾਰੇ ਅਤੇ ਹਾਸੋਰ ਦੇ ਰਾਜਿਆਂ ਦੇ ਬਾਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਮਾਰਿਆ, - ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਉੱਠੋ ਅਤੇ ਕੇਦਾਰ ਨੂੰ ਚੜ੍ਹੋ ਚੜ੍ਹਦੇ ਪਾਸੇ ਦੇ ਲੋਕਾਂ ਨੂੰ ਬਰਬਾਦ ਕਰੋ! 29 ੨੯ ਉਹਨਾਂ ਦੇ ਤੰਬੂ ਅਤੇ ਉਹਨਾਂ ਦੇ ਇੱਜੜ ਲਏ ਜਾਣਗੇ, ਉਹਨਾਂ ਦੇ ਪੜਦੇ, ਉਹਨਾਂ ਦੇ ਸਾਰੇ ਭਾਂਡੇ, ਉਹਨਾਂ ਦੇ ਊਠ ਉਹ ਆਪਣੇ ਲਈ ਲੈ ਜਾਣਗੇ, ਉਹ ਉਹਨਾਂ ਦੇ ਉੱਤੇ ਪੁਕਾਰਨਗੇ, ਭਈ ਆਲੇ-ਦੁਆਲੇ ਭੈਅ ਹੈ! 30 ੩੦ ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ ਡੂੰਘਿਆਈ ਵਿੱਚ ਵੱਸੋ, ਹੇ ਹਾਸੋਰ ਦੇ ਵਾਸੀਓ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਲਾਹ ਕੀਤੀ ਹੈ, ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ। 31 ੩੧ ਉੱਠੋ, ਇੱਕ ਨਿਸਚਿੰਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ, ਯਹੋਵਾਹ ਦਾ ਵਾਕ ਹੈ, ਨਾ ਉਸ ਦੇ ਦਰ ਹਨ ਨਾ ਅਰਲ, ਉਹ ਇਕੱਲੀ ਵੱਸਦੀ ਹੈ। 32 ੩੨ ਉਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ, ਉਹਨਾਂ ਦੇ ਵੱਗਾਂ ਦੀ ਵਾਫ਼ਰੀ ਮਾਰ-ਧਾੜ ਲਈ ਹੋਵੇਗੀ, ਮੈਂ ਉਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ, ਜਿਹੜੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਮੁਨਾਉਂਦੇ ਹਨ, ਮੈਂ ਉਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। 33 ੩੩ ਹਾਸੋਰ ਗਿੱਦੜਾਂ ਦੀ ਖੋਹ ਹੋਵੇਗਾ, ਉਹ ਸਦਾ ਤੱਕ ਵਿਰਾਨ ਰਹੇਗਾ, ਉੱਥੇ ਕੋਈ ਮਨੁੱਖ ਨਾ ਵੱਸੇਗਾ, ਕੋਈ ਆਦਮ ਵੰਸ਼ ਉਹ ਦੇ ਵਿੱਚ ਨਾ ਟਿਕੇਗਾ। 34 ੩੪ ਯਹੋਵਾਹ ਦਾ ਬਚਨ ਜਿਹੜਾ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਏਲਾਮ ਦੇ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਕਿ 35 ੩੫ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ ਮੈਂ ਏਲਾਮ ਦੇ ਧਣੁੱਖ ਨੂੰ ਤੋੜ ਸੁੱਟਾਂਗਾ ਜਿਹੜਾ ਉਹਨਾਂ ਦੀ ਸੂਰਮਗਤੀ ਦਾ ਮੁੱਢ ਹੈ 36 ੩੬ ਮੈਂ ਏਲਾਮ ਉੱਤੇ ਚੌਂਹ ਹਵਾਵਾਂ ਨੂੰ ਅਕਾਸ਼ ਦੀਆਂ ਚੌਂਹ ਕੂਟਾਂ ਤੋਂ ਲਿਆਵਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਕੋਈ ਕੌਮ ਨਾ ਹੋਵੇਗੀ ਜਿੱਥੇ ਏਲਾਮ ਦੇ ਹੱਕੇ ਹੋਏ ਨਾ ਜਾਣ 37 ੩੭ ਮੈਂ ਏਲਾਮ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਅਤੇ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੀਆਂ ਜਾਨਾਂ ਦੇ ਗਾਹਕ ਹਨ ਹੱਕਾ-ਬੱਕਾ ਕਰਾਂਗਾ, ਮੈਂ ਉਹਨਾਂ ਉੱਤੇ ਆਪਣੇ ਵੱਡੇ ਕ੍ਰੋਧ ਦੀ ਬੁਰਿਆਈ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਉਹਨਾਂ ਦੇ ਪਿੱਛੇ ਤਲਵਾਰ ਭੇਜਾਂਗਾ ਐਥੋਂ ਤੱਕ ਕਿ ਉਹਨਾਂ ਦਾ ਸੱਤਿਆਨਾਸ ਕਰ ਦਿੱਤਾ 38 ੩੮ ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ ਅਤੇ ਉੱਥੋਂ ਰਾਜਾ ਅਤੇ ਸਰਦਾਰਾਂ ਨੂੰ ਨਾਸ ਕਰਾਂਗਾ, ਯਹੋਵਾਹ ਦਾ ਵਾਕ ਹੈ 39 ੩੯ ਪਰ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਮੈਂ ਏਲਾਮ ਨੂੰ ਗ਼ੁਲਾਮੀ ਤੋਂ ਮੋੜ ਲਿਆਵਾਂਗਾ, ਯਹੋਵਾਹ ਦਾ ਵਾਕ ਹੈ।

< ਯਿਰਮਿਯਾਹ 49 >