< ਯਸਾਯਾਹ 40 >

1 ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ। 2 ਯਰੂਸ਼ਲਮ ਨਾਲ ਸ਼ਾਂਤੀ ਦੀਆਂ ਗੱਲਾਂ ਕਰੋ ਅਤੇ ਉਸ ਨੂੰ ਪੁਕਾਰ ਕੇ ਆਖੋ, ਤੇਰੀ ਔਖੀ ਸੇਵਾ ਪੂਰੀ ਹੋਈ ਹੈ, ਤੇਰੀ ਬਦੀ ਦੀ ਸਜ਼ਾ ਭਰ ਦਿੱਤੀ ਗਈ ਹੈ, ਯਹੋਵਾਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀਂ ਹੈਂ। 3 ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬਿਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹੀ ਮਾਰਗ ਨੂੰ ਸਿੱਧਾ ਕਰੋ। 4 ਹਰੇਕ ਘਾਟੀ ਭਰ ਦਿੱਤੀ ਜਾਵੇਗੀ, ਅਤੇ ਹਰੇਕ ਪਰਬਤ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਰਾ ਪੱਧਰਾ ਅਤੇ ਉੱਚੇ-ਨੀਵੇਂ ਥਾਂ ਸਿੱਧੇ ਕੀਤੇ ਜਾਣਗੇ। 5 ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਾਰੇ ਪ੍ਰਾਣੀ ਇਕੱਠੇ ਵੇਖਣਗੇ, ਯਹੋਵਾਹ ਨੇ ਆਪਣੇ ਮੂੰਹ ਨਾਲ ਬੋਲਿਆ ਹੈ। 6 ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ! ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ? ਹਰੇਕ ਪ੍ਰਾਣੀ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ। 7 ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ, ਤਾਂ ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, - ਸੱਚ-ਮੁੱਚ ਲੋਕ ਘਾਹ ਹੀ ਹਨ! 8 ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੱਕ ਕਾਇਮ ਰਹੇਗਾ। 9 ਹੇ ਸੀਯੋਨ ਖੁਸ਼ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਰਬਤ ਉੱਤੇ ਚੜ੍ਹ ਜਾ! ਹੇ ਯਰੂਸ਼ਲਮ, ਖੁਸ਼ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਆਪਣੇ ਪਰਮੇਸ਼ੁਰ ਨੂੰ ਵੇਖੋ! 10 ੧੦ ਵੇਖੋ, ਪ੍ਰਭੂ ਯਹੋਵਾਹ ਬਲ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਫਲ ਉਹ ਦੇ ਨਾਲ ਹੈ, ਅਤੇ ਉਹ ਦਾ ਬਦਲਾ ਉਹ ਦੇ ਸਨਮੁਖ ਹੈ। 11 ੧੧ ਉਹ ਅਯਾਲੀ ਵਾਂਗੂੰ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਉਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ-ਹੌਲੀ ਤੋਰੇਗਾ। 12 ੧੨ ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਤਰਾਜ਼ੂ ਵਿੱਚ ਤੋਲਿਆ ਹੈ? 13 ੧੩ ਕਿਸ ਨੇ ਯਹੋਵਾਹ ਦੇ ਆਤਮਾ ਨੂੰ ਮਾਰਗ ਵਿਖਾਇਆ ਜਾਂ ਉਹ ਦਾ ਸਲਾਹਕਾਰ ਹੋ ਕੇ ਉਸ ਨੂੰ ਸਮਝਾਇਆ? 14 ੧੪ ਉਹ ਨੇ ਕਿਸ ਦੇ ਨਾਲ ਸਲਾਹ ਕੀਤੀ, ਕਿਸ ਨੇ ਉਹ ਨੂੰ ਸਮਝ ਬਖ਼ਸ਼ੀ, ਜਾਂ ਨਿਆਂ ਦਾ ਮਾਰਗ ਉਹ ਨੂੰ ਸਿਖਾਇਆ, ਜਾਂ ਉਸ ਨੂੰ ਵਿੱਦਿਆ ਸਿਖਾਈ, ਜਾਂ ਉਸ ਨੂੰ ਗਿਆਨ ਦਾ ਰਾਹ ਸਮਝਾਇਆ? 15 ੧੫ ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਤਰਾਜ਼ੂਆਂ ਦੀ ਧੂੜ ਜਿਹੀਆਂ ਠਹਿਰਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ। 16 ੧੬ ਲਬਾਨੋਨ ਬਾਲਣ ਲਈ ਥੋੜ੍ਹਾ ਹੈ, ਅਤੇ ਉਹ ਦੇ ਪਸ਼ੂ ਹੋਮ ਬਲੀ ਲਈ ਕਾਫ਼ੀ ਨਹੀਂ ਹਨ। 17 ੧੭ ਸਾਰੀਆਂ ਕੌਮਾਂ ਉਹ ਦੇ ਸਨਮੁਖ ਕੁਝ ਨਹੀਂ ਹਨ, ਉਹ ਉਸ ਦੀ ਨਜਰ ਵਿੱਚ ਵਿਅਰਥ ਅਤੇ ਫੋਕਟ ਤੋਂ ਵੀ ਘੱਟ ਗਿਣੀਆਂ ਜਾਂਦੀਆਂ ਹਨ। 18 ੧੮ ਤੁਸੀਂ ਪਰਮੇਸ਼ੁਰ ਨੂੰ ਕਿਸ ਦੇ ਵਰਗਾ ਦੱਸੋਗੇ, ਜਾਂ ਕਿਹੜੀ ਚੀਜ਼ ਨਾਲ ਉਹ ਦੀ ਉਪਮਾ ਦਿਓਗੇ। 19 ੧੯ ਮੂਰਤ? ਕਾਰੀਗਰ ਉਹ ਨੂੰ ਢਾਲਦਾ ਹੈ, ਅਤੇ ਸੁਨਿਆਰ ਉਹ ਦੇ ਉੱਤੇ ਸੋਨਾ ਮੜ੍ਹਦਾ ਹੈ, ਅਤੇ ਚਾਂਦੀ ਦੀਆਂ ਜੰਜ਼ੀਰਾਂ ਬਣਾਉਂਦਾ ਹੈ। 20 ੨੦ ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ, ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ। 21 ੨੧ ਕੀ ਤੁਸੀਂ ਨਹੀਂ ਜਾਣਦੇ, ਕੀ ਤੁਸੀਂ ਨਹੀਂ ਸੁਣਦੇ? ਕੀ ਉਹ ਆਦ ਤੋਂ ਤੁਹਾਨੂੰ ਨਹੀਂ ਦੱਸਿਆ ਗਿਆ? ਕੀ ਧਰਤੀ ਦੇ ਮੁੱਢੋਂ ਤੁਸੀਂ ਨਹੀਂ ਸਮਝਿਆ? 22 ੨੨ ਉਹੋ ਹੈ ਜਿਹੜਾ ਧਰਤੀ ਦੇ ਘੇਰੇ ਉੱਪਰ ਬੈਠਦਾ ਹੈ, ਅਤੇ ਧਰਤੀ ਦੇ ਵਾਸੀ ਟਿੱਡਿਆਂ ਵਾਂਗੂੰ ਹਨ, ਜਿਹੜਾ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈ, ਅਤੇ ਵੱਸਣ ਲਈ ਉਹਨਾਂ ਨੂੰ ਤੰਬੂ ਵਾਂਗੂੰ ਫੈਲਾਉਂਦਾ ਹੈ, 23 ੨੩ ਜਿਹੜਾ ਇਖ਼ਤਿਆਰ ਵਾਲਿਆਂ ਨੂੰ ਤੁੱਛ ਜਿਹੇ ਕਰ ਦਿੰਦਾ, ਅਤੇ ਧਰਤੀ ਦੇ ਨਿਆਂਈਆਂ ਨੂੰ ਫੋਕਟ ਬਣਾ ਦਿੰਦਾ ਹੈ। 24 ੨੪ ਉਹ ਅਜੇ ਲਾਏ ਹੀ ਹਨ, ਉਹ ਅਜੇ ਬੀਜੇ ਹੀ ਹਨ, ਉਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜ੍ਹੀ ਹੈ, ਕਿ ਉਹ ਉਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਉਹ ਕੁਮਲਾ ਜਾਂਦੇ ਅਤੇ ਤੂਫ਼ਾਨ ਉਹਨਾਂ ਨੂੰ ਕੱਖਾਂ ਵਾਂਗੂੰ ਉਡਾ ਕੇ ਲੈ ਜਾਂਦਾ ਹੈ। 25 ੨੫ ਤੁਸੀਂ ਮੈਨੂੰ ਕਿਸ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਠਹਿਰਾਂ? ਪਵਿੱਤਰ ਪੁਰਖ ਆਖਦਾ ਹੈ। 26 ੨੬ ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ, ਕਿਸ ਨੇ ਇਹਨਾਂ ਨੂੰ ਸਿਰਜਿਆ, ਜਿਹੜਾ ਇਹਨਾਂ ਦੀ ਸੈਨਾਂ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਇਹਨਾਂ ਸਾਰਿਆਂ ਨੂੰ ਨਾਮ ਲੈ-ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ। 27 ੨੭ ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ? 28 ੨੮ ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ ਜੋ ਧਰਤੀ ਦਿਆਂ ਬੰਨਿਆਂ ਦਾ ਕਰਤਾ ਹੈ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ? 29 ੨੯ ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। 30 ੩੦ ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, 31 ੩੧ ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ।

< ਯਸਾਯਾਹ 40 >