< ਯਸਾਯਾਹ 38 >

1 ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, ਯਹੋਵਾਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ। 2 ਤਦ ਹਿਜ਼ਕੀਯਾਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ 3 ਅਤੇ ਆਖਿਆ, ਹੇ ਯਹੋਵਾਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ। ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ। 4 ਫੇਰ ਯਹੋਵਾਹ ਦਾ ਬਚਨ ਯਸਾਯਾਹ ਨੂੰ ਆਇਆ, 5 ਜਾ, ਹਿਜ਼ਕੀਯਾਹ ਨੂੰ ਆਖ ਕਿ ਯਹੋਵਾਹ ਤੇਰੇ ਪੁਰਖੇ ਦਾਊਦ ਦਾ ਪਰਮੇਸ਼ੁਰ ਇਹ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ। 6 ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਇਸ ਸ਼ਹਿਰ ਦੀ ਰੱਖਿਆ ਰੱਖਾਂਗਾ। 7 ਯਹੋਵਾਹ ਨੇ ਜੋ ਬਚਨ ਬੋਲਿਆ ਹੈ ਉਹ ਉਸ ਨੂੰ ਪੂਰਾ ਕਰੇਗਾ, ਇਸ ਲਈ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੋਵੇਗਾ: 8 ਵੇਖ, ਮੈਂ ਉਸ ਪਰਛਾਵੇਂ ਨੂੰ ਜਿਹੜਾ ਆਹਾਜ਼ ਦੀ ਧੁੱਪ ਘੜੀ ਉੱਤੇ ਸੂਰਜ ਨਾਲ ਲਹਿ ਗਿਆ ਹੈ ਦਸ ਕਦਮ ਪਿਛਾਹਾਂ ਮੋੜ ਦਿਆਂਗਾ। ਤਦ ਸੂਰਜ ਦਾ ਪਰਛਾਵਾਂ ਦਸ ਕਦਮ ਧੁੱਪ ਘੜੀ ਉੱਤੇ ਮੁੜ ਗਿਆ, ਜਿੱਥੋਂ ਉਹ ਲਹਿ ਗਿਆ ਸੀ। 9 ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ, ਜੋ ਉਸ ਨੇ ਬਿਮਾਰ ਹੋ ਕੇ ਚੰਗੇ ਹੋਣ ਤੋਂ ਬਾਅਦ ਲਿਖੀ, - 10 ੧੦ ਮੈਂ ਆਖਿਆ ਸੀ ਕਿ ਮੈਂ ਆਪਣੀ ਅੱਧੀ ਉਮਰ ਵਿੱਚ ਹੀ ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਂਵਾਂਗਾ, ਕਿਉਂਕਿ ਮੇਰੇ ਰਹਿੰਦੇ ਸਾਲ ਖੋਹ ਲਏ ਗਏ ਹਨ। (Sheol h7585) 11 ੧੧ ਮੈਂ ਆਖਿਆ, ਮੈਂ ਯਹੋਵਾਹ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਫੇਰ ਨਹੀਂ ਵੇਖਾਂਗਾ, ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ, ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ। 12 ੧੨ ਮੇਰਾ ਡੇਰਾ ਪੁੱਟਿਆ ਗਿਆ, ਅਤੇ ਅਯਾਲੀ ਦੇ ਤੰਬੂ ਵਾਂਗੂੰ ਮੇਰੇ ਉੱਤੋਂ ਚੁੱਕਿਆ ਗਿਆ, ਮੈਂ ਜੁਲਾਹੇ ਵਾਂਗੂੰ ਆਪਣਾ ਜੀਵਨ ਲਪੇਟ ਲਿਆ, ਉਹ ਮੈਨੂੰ ਖੱਡੀ ਤੋਂ ਕੱਟ ਦੇਵੇਗਾ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ। 13 ੧੩ ਮੈਂ ਸਵੇਰ ਤੱਕ ਤਸੱਲੀ ਨਾਲ ਉਡੀਕਦਾ ਰਿਹਾ, ਪਰ ਉਹ ਬੱਬਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਭੰਨ ਸੁੱਟਦਾ ਹੈ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ। 14 ੧੪ ਮੈਂ ਅਬਾਬੀਲ ਜਾਂ ਕੂੰਜ ਵਾਂਗੂੰ ਚੀਂ-ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਣ ਤੋਂ ਰਹਿ ਗਈਆਂ, ਹੇ ਯਹੋਵਾਹ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ! 15 ੧੫ ਮੈਂ ਕੀ ਬੋਲਾਂ? ਉਸ ਨੇ ਮੈਨੂੰ ਆਖਿਆ ਅਤੇ ਉਸ ਨੇ ਆਪ ਹੀ ਕੀਤਾ ਵੀ। ਮੈਂ ਆਪਣੀ ਜਾਨ ਦੀ ਕੁੜੱਤਣ ਦੇ ਕਾਰਨ, ਆਪਣੇ ਸਾਰੇ ਸਾਲ ਹੌਲੀ-ਹੌਲੀ ਚੱਲਾਂਗਾ। 16 ੧੬ ਹੇ ਪ੍ਰਭੂ, ਇਨ੍ਹਾਂ ਗੱਲਾਂ ਦੇ ਕਾਰਨ ਮਨੁੱਖ ਜੀਉਂਦੇ ਹਨ, ਅਤੇ ਇਨ੍ਹਾਂ ਸਾਰੀਆਂ ਵਿੱਚ ਹੀ ਮੇਰੇ ਆਤਮਾ ਨੂੰ ਜੀਵਨ ਮਿਲਦਾ ਹੈ, ਤੂੰ ਮੈਨੂੰ ਚੰਗਾ ਕਰ ਅਤੇ ਮੈਨੂੰ ਜੀਵਨ ਬਖ਼ਸ਼। 17 ੧੭ ਵੇਖ, ਮੇਰੀ ਹੀ ਸ਼ਾਂਤੀ ਲਈ ਮੈਨੂੰ ਕੁੜੱਤਣ ਹੀ ਕੁੜੱਤਣ ਸਹਿਣੀ ਪਈ, ਪਰ ਤੂੰ ਪ੍ਰੇਮ ਨਾਲ ਮੇਰੀ ਜਾਨ ਨੂੰ ਵਿਨਾਸ਼ ਦੇ ਟੋਏ ਤੋਂ ਛੁਡਾਇਆ ਹੈ, ਕਿਉਂ ਜੋ ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ। 18 ੧੮ ਪਤਾਲ ਤਾਂ ਤੇਰਾ ਧੰਨਵਾਦ ਨਹੀਂ ਕਰ ਸਕਦਾ, ਨਾ ਮੌਤ ਤੇਰੀ ਉਸਤਤ ਕਰ ਸਕਦੀ, ਕਬਰ ਵਿੱਚ ਲਹਿਣ ਵਾਲੇ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ। (Sheol h7585) 19 ੧੯ ਜੀਉਂਦਾ, ਹਾਂ, ਜੀਉਂਦਾ ਹੀ ਤੇਰਾ ਧੰਨਵਾਦ ਕਰੇਗਾ, ਜਿਵੇਂ ਮੈਂ ਅੱਜ ਕਰਦਾ ਹਾਂ! ਪਿਤਾ ਆਪਣੇ ਪੁੱਤਰਾਂ ਨੂੰ ਤੇਰੀ ਵਫ਼ਾਦਾਰੀ ਦੱਸੇਗਾ। 20 ੨੦ ਯਹੋਵਾਹ ਮੈਨੂੰ ਬਚਾਵੇਗਾ, ਇਸ ਲਈ ਅਸੀਂ ਆਪਣੇ ਤਾਰ ਵਾਲੇ ਵਾਜਿਆਂ ਨਾਲ, ਆਪਣੀ ਉਮਰ ਦੇ ਸਾਰੇ ਦਿਨ ਯਹੋਵਾਹ ਦੇ ਭਵਨ ਵਿੱਚ ਗੀਤ ਗਾਉਂਦੇ ਰਹਾਂਗੇ। 21 ੨੧ ਯਸਾਯਾਹ ਨੇ ਆਖਿਆ ਸੀ, ਤੁਸੀਂ ਹੰਜ਼ੀਰਾਂ ਦੀ ਇੱਕ ਲੁੱਪਰੀ ਲੈ ਕੇ ਉਹ ਦੇ ਫੋੜੇ ਉੱਤੇ ਲੇਪ ਕਰ ਦਿਓ ਤਾਂ ਉਹ ਬਚ ਜਾਵੇਗਾ। 22 ੨੨ ਹਿਜ਼ਕੀਯਾਹ ਨੇ ਪੁੱਛਿਆ ਸੀ, ਇਸ ਦਾ ਕੀ ਨਿਸ਼ਾਨ ਹੈ ਜੋ ਮੈਂ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ?

< ਯਸਾਯਾਹ 38 >