< ਯਸਾਯਾਹ 30 >
1 ੧ ਹਾਏ ਵਿਦਰੋਹੀ ਬਾਲਕਾਂ ਉੱਤੇ! ਯਹੋਵਾਹ ਦਾ ਵਾਕ ਹੈ, ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ, ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ, ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ,
2 ੨ ਜਿਹੜੇ ਹੇਠਾਂ ਮਿਸਰ ਨੂੰ ਜਾਂਦੇ ਹਨ, ਪਰ ਮੇਰੇ ਕੋਲੋਂ ਨਹੀਂ ਪੁੱਛਦੇ, ਤਾਂ ਜੋ ਉਹ ਫ਼ਿਰਊਨ ਦੀ ਓਟ ਵਿੱਚ ਸ਼ਕਤੀ ਪਾਉਣ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣ।
3 ੩ ਇਸ ਲਈ ਫ਼ਿਰਊਨ ਦੀ ਓਟ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣੀ ਤੁਹਾਡੀ ਨਿੰਦਿਆ ਦਾ ਕਾਰਨ ਹੋਵੇਗੀ।
4 ੪ ਭਾਵੇਂ ਉਹਨਾਂ ਦੇ ਸਰਦਾਰ ਸੋਆਨ ਵਿੱਚ ਹੋਣ, ਅਤੇ ਉਹਨਾਂ ਦੇ ਰਾਜਦੂਤ ਹਾਨੇਸ ਵਿੱਚ ਪਹੁੰਚਣ,
5 ੫ ਉਹ ਸਾਰੇ ਉਸ ਕੌਮ ਦੇ ਕਾਰਨ, ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਲਾਜ ਖਾਣਗੇ, ਉਹ ਨਾ ਸਹਾਇਤਾ ਲਈ, ਨਾ ਲਾਭ ਲਈ, ਪਰ ਲਾਜ ਅਤੇ ਨਿੰਦਿਆ ਲਈ ਹੋਵੇਗੀ!
6 ੬ ਦੱਖਣੀ ਪਸ਼ੂਆਂ ਦੇ ਵਿਖੇ ਅਗੰਮ ਵਾਕ, - ਦੁੱਖ ਅਤੇ ਕਸ਼ਟ ਦੇ ਦੇਸ ਵਿੱਚੋਂ, ਜਿੱਥੋਂ ਬੱਬਰ ਸ਼ੇਰ ਤੇ ਸ਼ੇਰਨੀ, ਨਾਗ ਅਤੇ ਉੱਡਣ ਵਾਲਾ ਸੱਪ ਆਉਂਦੇ ਹਨ, ਉਹ ਜੁਆਨ ਗਧਿਆਂ ਦੀ ਪਿੱਠ ਉੱਤੇ ਆਪਣਾ ਧਨ, ਅਤੇ ਊਠਾਂ ਦੇ ਕੁਹਾਨਾਂ ਉੱਤੇ ਆਪਣੇ ਖਜ਼ਾਨੇ, ਉਸ ਕੌਮ ਵੱਲ ਚੁੱਕੀ ਲਈ ਜਾਂਦੇ ਹਨ ਜਿਹੜੀ ਲਾਭਦਾਇਕ ਨਹੀਂ!
7 ੭ ਮਿਸਰੀ ਵਿਅਰਥ ਅਤੇ ਫੋਕੀ ਸਹਾਇਤਾ ਕਰਦੇ ਹਨ, ਇਸ ਲਈ ਮੈਂ ਉਸ ਨੂੰ “ਰਹਬ-ਜਿਹੜੀ ਬੈਠੀ ਰਹਿੰਦੀ ਹੈ” ਸੱਦਿਆ ਹੈ!
8 ੮ ਹੁਣ ਜਾ, ਉਨ੍ਹਾਂ ਦੇ ਅੱਗੇ ਤਖ਼ਤੀ ਉੱਤੇ ਲਿਖ, ਅਤੇ ਪੋਥੀ ਵਿੱਚ ਦਰਜ਼ ਕਰ, ਤਾਂ ਜੋ ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ ਹੋਵੇ।
9 ੯ ਇਹ ਤਾਂ ਵਿਦਰੋਹੀ ਪਰਜਾ, ਅਤੇ ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ,
10 ੧੦ ਜਿਹੜੇ ਦਰਸ਼ੀਆਂ ਨੂੰ ਆਖਦੇ ਹਨ, ਦਰਸ਼ਣ ਨਾ ਵੇਖੋ! ਅਤੇ ਨਬੀਆਂ ਨੂੰ ਆਖਦੇ ਹਨ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ, ਸਾਨੂੰ ਮਿੱਠੀਆਂ ਗੱਲਾਂ ਦੱਸੋ, ਛਲ ਅਤੇ ਫਰੇਬ ਦੱਸੋ!
11 ੧੧ ਰਸਤੇ ਤੋਂ ਹਟੋ, ਮਾਰਗ ਤੋਂ ਫਿਰ ਜਾਓ, ਇਸਰਾਏਲ ਦੇ ਪਵਿੱਤਰ ਪੁਰਖ ਨੂੰ ਸਾਡੇ ਅੱਗਿਓਂ ਹਟਾ ਦਿਓ!
12 ੧੨ ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ, ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ, ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,
13 ੧੩ ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ, ਜਿਹੜੀ ਉੱਚੀ ਕੰਧ ਵਿੱਚ ਉਭਰੀ ਹੋਈ ਹੈ, ਜਿਸ ਦਾ ਟੁੱਟਣਾ ਅਚਾਨਕ, ਇੱਕ ਦਮ ਹੋਵੇਗਾ।
14 ੧੪ ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਗੂੰ ਹੋਵੇਗਾ, ਜਿਸ ਨੂੰ ਉਹ ਚੂਰ-ਚੂਰ ਕਰਨ ਤੋਂ ਸਰਫ਼ਾ ਨਹੀਂ ਕਰਦਾ, ਅਤੇ ਜਿਸ ਦੇ ਟੁੱਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ, ਜਿਸ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ, ਜਾਂ ਹੌਦ ਤੋਂ ਪਾਣੀ ਭਰਿਆ ਜਾਵੇ।
15 ੧੫ ਪ੍ਰਭੂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੁੜ ਆਉਣ ਅਤੇ ਚੈਨ ਨਾਲ ਰਹਿਣ ਵਿੱਚ ਤੁਹਾਡਾ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ, ਪਰ ਤੁਸੀਂ ਇਹ ਨਾ ਚਾਹਿਆ,
16 ੧੬ ਤੁਸੀਂ ਆਖਿਆ, ਨਹੀਂ ਅਸੀਂ ਘੋੜਿਆਂ ਤੇ ਨੱਠਾਂਗੇ, - ਇਸ ਲਈ ਤੁਸੀਂ ਨੱਠੋਗੇ! ਅਸੀਂ ਤੇਜ ਚੱਲਣ ਵਾਲਿਆਂ ਉੱਤੇ ਚੜ੍ਹਾਂਗੇ, - ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਵੀ ਤੇਜ ਹੋਣਗੇ!
17 ੧੭ ਇੱਕ ਦੀ ਘੁਰਕੀ ਨਾਲ ਇੱਕ ਹਜ਼ਾਰ ਨੱਠਣਗੇ, ਅਤੇ ਪੰਜਾਂ ਦੀ ਘੁਰਕੀ ਦੇ ਅੱਗੋਂ ਤੁਸੀਂ ਸਾਰੇ ਨੱਠੋਗੇ, ਜਦ ਤੱਕ ਤੁਸੀਂ ਪਰਬਤ ਦੀ ਟੀਸੀ ਉੱਤੇ ਬਾਂਸ ਵਾਂਗੂੰ, ਜਾਂ ਟਿੱਬੇ ਉੱਤੇ ਇੱਕ ਝੰਡੇ ਵਾਂਗੂੰ ਨਾ ਛੱਡੇ ਜਾਓਗੇ।
18 ੧੮ ਇਸ ਲਈ ਯਹੋਵਾਹ ਉਡੀਕਦਾ ਹੈ ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਤਾਂ ਜੋ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!
19 ੧੯ ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।
20 ੨੦ ਭਾਵੇਂ ਪ੍ਰਭੂ ਤੁਹਾਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ, ਤਾਂ ਵੀ ਤੁਹਾਡਾ ਉਪਦੇਸ਼ਕ ਆਪਣੇ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਤੁਹਾਡੇ ਉਪਦੇਸ਼ਕਾਂ ਨੂੰ ਵੇਖਣਗੀਆਂ,
21 ੨੧ ਅਤੇ ਜਦ ਕਦੀ ਤੁਸੀਂ ਸੱਜੇ ਨੂੰ ਮੁੜੋ ਜਾਂ ਖੱਬੇ ਨੂੰ ਤਾਂ ਤੁਹਾਡੇ ਕੰਨ ਤੁਹਾਡੇ ਪਿੱਛੋਂ ਇੱਕ ਅਵਾਜ਼ ਇਹ ਆਖਦੀ ਹੋਈ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ।
22 ੨੨ ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਉੱਕਰੀਆਂ ਮੂਰਤਾਂ ਨੂੰ, ਅਤੇ ਸੋਨਾ ਚੜ੍ਹੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ ਅਸ਼ੁੱਧ ਕਰੋਗੇ, ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!
23 ੨੩ ਉਹ ਉਸ ਬੀਜ ਲਈ ਜਿਹੜਾ ਤੁਸੀਂ ਜ਼ਮੀਨ ਵਿੱਚ ਬੀਜੋਗੇ ਮੀਂਹ ਘੱਲੇਗਾ, ਨਾਲੇ ਜ਼ਮੀਨ ਦੀ ਪੈਦਾਵਾਰ ਤੋਂ ਜਿਹੜੀ ਰੋਟੀ ਮਿਲੇਗੀ ਉਹ ਉੱਤਮ ਅਤੇ ਵਧੇਰੀ ਹੋਵੇਗੀ। ਉਸ ਦਿਨ ਤੇਰਾ ਵੱਗ ਖੁੱਲ੍ਹੀ ਜੂਹ ਵਿੱਚ ਚੁਗੇਗਾ।
24 ੨੪ ਬਲ਼ਦ ਅਤੇ ਜੁਆਨ ਗਧੇ, ਜੋ ਤੇਰੀ ਜ਼ਮੀਨ ਨੂੰ ਵਾਹੁੰਦੇ ਹਨ, ਸਲੂਣੇ ਪੱਠੇ ਖਾਣਗੇ, ਜਿਹੜੇ ਛੱਜ ਤੇ ਤੁੰਗਲੀ ਨਾਲ ਉਡਾਏ ਹੋਏ ਹੋਣਗੇ।
25 ੨੫ ਵੱਡੇ ਵਿਨਾਸ਼ ਦੇ ਦਿਨ ਜਦ ਬੁਰਜ ਡਿੱਗ ਪੈਣਗੇ, ਉਸ ਦਿਨ ਹਰੇਕ ਬੁਲੰਦ ਪਰਬਤ ਅਤੇ ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ।
26 ੨੬ ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ ਬੰਨ੍ਹੇਗਾ ਅਤੇ ਆਪਣੀ ਲਾਈ ਹੋਈ ਸੱਟ ਦਾ ਜ਼ਖਮ ਚੰਗਾ ਕਰੇਗਾ, ਉਸ ਦਿਨ ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ, ਅਤੇ ਸੂਰਜ ਦਾ ਚਾਨਣ ਸੱਤ ਗੁਣਾ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ।
27 ੨੭ ਵੇਖੋ, ਯਹੋਵਾਹ ਦਾ ਨਾਮ ਦੂਰੋਂ ਆਉਂਦਾ ਹੈ, ਕ੍ਰੋਧ ਨਾਲ ਭੱਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ। ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ।
28 ੨੮ ਉਹ ਦਾ ਸਾਹ ਨਦੀ ਦੇ ਹੜ੍ਹ ਵਾਂਗੂੰ ਹੈ, ਜਿਹੜਾ ਗਲ਼ ਤੱਕ ਪਹੁੰਚਦਾ ਹੈ, ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ, ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।
29 ੨੯ ਤੁਸੀਂ ਗੀਤ ਗਾਓਗੇ, ਜਿਵੇਂ ਪਵਿੱਤਰ ਪਰਬ ਦੀ ਰਾਤ ਵਿੱਚ ਗਾਉਂਦੇ ਹੋ, ਅਤੇ ਤੁਹਾਡੇ ਦਿਲ ਉਸੇ ਤਰ੍ਹਾਂ ਅਨੰਦ ਹੋਣਗੇ, ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੇ ਪਰਬਤ ਉੱਤੇ ਚੱਲਿਆ ਆਉਂਦਾ ਹੈ।
30 ੩੦ ਯਹੋਵਾਹ ਆਪਣੀ ਤੇਜਵਾਨ ਅਵਾਜ਼ ਸੁਣਾਵੇਗਾ ਅਤੇ ਆਪਣੀ ਬਾਂਹ ਦਾ ਉਲਾਰ, ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ, ਨਾਲੇ ਮੋਹਲੇਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।
31 ੩੧ ਅੱਸ਼ੂਰੀ ਤਾਂ ਯਹੋਵਾਹ ਦੀ ਅਵਾਜ਼ ਤੋਂ ਚੂਰ-ਚੂਰ ਹੋ ਜਾਣਗੇ, ਜਦ ਉਹ ਆਪਣੇ ਡੰਡੇ ਨਾਲ ਉਹਨਾਂ ਨੂੰ ਮਾਰੇਗਾ।
32 ੩੨ ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਉਹਨਾਂ ਉੱਤੇ ਲਾਵੇਗਾ, ਡੱਫ਼ਾਂ ਨਾਲ ਅਤੇ ਬਰਬਤ ਨਾਲ ਹੋਵੇਗੀ, ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਉਹਨਾਂ ਨਾਲ ਲੜੇਗਾ।
33 ੩੩ ਪ੍ਰਾਚੀਨ ਸਮੇਂ ਤੋਂ ਇੱਕ ਸਿਵਾ ਤਿਆਰ ਹੈ, ਹਾਂ, ਉਹ ਰਾਜੇ ਦੇ ਲਈ ਡੂੰਘਾ ਤੇ ਖੁੱਲ੍ਹਾ ਕਰ ਕੇ ਠਹਿਰਾਇਆ ਗਿਆ ਹੈ, ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ, ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਗੂੰ ਉਹ ਨੂੰ ਸੁਲਗਾਵੇਗਾ।