< ਯਸਾਯਾਹ 20 >

1 ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਦੇ ਹੁਕਮ ਨਾਲ ਉਸਦਾ ਸੈਨਾਪਤੀ ਤਰਤਾਨ ਅਸ਼ਦੋਦ ਨੂੰ ਆਇਆ ਅਤੇ ਉਹ ਦੇ ਨਾਲ ਲੜਿਆ ਅਤੇ ਉਹ ਨੂੰ ਲੈ ਲਿਆ। 2 ਉਸ ਵੇਲੇ ਯਹੋਵਾਹ ਨੇ ਆਮੋਸ ਦੇ ਪੁੱਤਰ ਯਸਾਯਾਹ ਦੇ ਰਾਹੀਂ ਗੱਲ ਕੀਤੀ ਕਿ ਜਾ, ਤੱਪੜ ਆਪਣੇ ਲੱਕ ਉੱਤੋਂ ਉਤਾਰ ਸੁੱਟ ਅਤੇ ਜੁੱਤੀ ਆਪਣੇ ਪੈਰੋਂ ਲਾਹ ਦੇ। ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਹ ਅਧਨੰਗਾ ਹੋ ਕੇ, ਨੰਗੀ ਪੈਰੀਂ ਫਿਰਦਾ ਰਿਹਾ। 3 ਤਦ ਯਹੋਵਾਹ ਨੇ ਆਖਿਆ, ਜਿਵੇਂ ਮੇਰਾ ਦਾਸ ਯਸਾਯਾਹ ਤਿੰਨ ਸਾਲ ਸਰੀਰੋਂ ਨੰਗਾ ਅਤੇ ਨੰਗੀ ਪੈਰੀਂ ਫਿਰਦਾ ਰਿਹਾ ਤਾਂ ਜੋ ਉਹ ਮਿਸਰ ਦੇ ਵਿਰੁੱਧ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਤੇ ਅਚੰਭਾ ਹੋਵੇ 4 ਉਸੇ ਤਰ੍ਹਾਂ ਹੀ ਅੱਸ਼ੂਰ ਦਾ ਰਾਜਾ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਗੁਲਾਮਾਂ ਨੂੰ ਭਾਵੇਂ ਜੁਆਨ ਭਾਵੇਂ ਬੁੱਢੇ, ਨੰਗੇ ਸਰੀਰ, ਨੰਗੇ ਪੈਰੀਂ ਅਤੇ ਨੰਗੇ ਚਿੱਤੜ ਲੈ ਜਾਵੇਗਾ, ਤਾਂ ਜੋ ਮਿਸਰੀ ਸ਼ਰਮਿੰਦੇ ਹੋਣ। 5 ਤਦ ਉਹ ਕੂਸ਼ ਦੇ ਕਾਰਨ ਜਿਸ ਉੱਤੇ ਉਨ੍ਹਾਂ ਨੂੰ ਭਰੋਸਾ ਸੀ ਅਤੇ ਮਿਸਰ, ਜਿਸ ਦੇ ਉੱਤੇ ਉਹ ਘਮੰਡ ਕਰਦੇ ਸਨ, ਘਬਰਾ ਜਾਣਗੇ ਅਤੇ ਲੱਜਿਆਵਾਨ ਹੋਣਗੇ। 6 ਉਸ ਦਿਨ ਇਸ ਪਾਰ ਦੇ ਸਮੁੰਦਰ ਦੇ ਕੰਢੇ ਦੇ ਵਾਸੀ ਆਖਣਗੇ ਕਿ ਵੇਖੋ, ਜਦ ਸਾਡੀ ਆਸ ਦਾ ਇਹ ਹਾਲ ਹੈ, ਜਿਸ ਦੇ ਕੋਲ ਅਸੀਂ ਸਹਾਇਤਾ ਲਈ ਭੱਜੇ ਤਾਂ ਜੋ ਅੱਸ਼ੂਰ ਦੇ ਰਾਜੇ ਦੇ ਅੱਗੋਂ ਅਸੀਂ ਛੁਡਾਏ ਜਾਈਏ! ਤਾਂ ਹੁਣ ਅਸੀਂ ਕਿਵੇਂ ਬਚਾਂਗੇ?

< ਯਸਾਯਾਹ 20 >