< ਹਬੱਕੂਕ 1 >

1 ਉਹ ਦਰਸ਼ਣ ਜਿਹੜਾ ਹਬੱਕੂਕ ਨਬੀ ਨੇ ਵੇਖਿਆ: 2 ਹੇ ਯਹੋਵਾਹ, ਮੈਂ ਕਦ ਤੱਕ ਤੇਰੀ ਦੁਹਾਈ ਦੇਵਾਂ ਅਤੇ ਤੂੰ ਨਾ ਸੁਣੇਂਗਾ? ਜਾਂ ਮੈਂ ਕਦ ਤੱਕ ਤੇਰੇ ਅੱਗੇ “ਜ਼ੁਲਮ, ਜ਼ੁਲਮ” ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ? 3 ਤੂੰ ਮੈਨੂੰ ਬੁਰਿਆਈ ਕਿਉਂ ਵਿਖਾਉਂਦਾ ਹੈਂ ਅਤੇ ਕਸ਼ਟ ਉੱਤੇ ਮੇਰਾ ਧਿਆਨ ਲਵਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਿਵਾਦ ਉੱਠਦੇ ਹਨ। 4 ਇਸ ਲਈ ਬਿਵਸਥਾ ਢਿੱਲੀ ਪੈ ਜਾਂਦੀ ਹੈ ਅਤੇ ਨਿਆਂ ਕਦੇ ਵੀ ਨਹੀਂ ਜਿੱਤਦਾ, ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ, ਇਸੇ ਕਾਰਨ ਨਿਆਂ ਵਿਗੜ ਜਾਂਦਾ ਹੈ। 5 ਕੌਮਾਂ ਵਿੱਚ ਵੇਖੋ ਅਤੇ ਧਿਆਨ ਕਰੋ, ਅਚਰਜ਼ ਮੰਨੋ ਅਤੇ ਹੈਰਾਨ ਹੋਵੋ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਅਜਿਹਾ ਕੰਮ ਕਰ ਰਿਹਾ ਹਾਂ, ਜਿਸ ਦੀ ਪਰਤੀਤ ਤੁਸੀਂ ਨਹੀਂ ਕਰੋਗੇ, ਭਾਵੇਂ ਉਹ ਤੁਹਾਨੂੰ ਦੱਸਿਆ ਵੀ ਜਾਵੇ! 6 ਇਸ ਲਈ ਵੇਖੋ, ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ ਅਰਥਾਤ ਉਸ ਨਿਰਦਈ ਅਤੇ ਜਲਦਬਾਜ਼ੀ ਕਰਨ ਵਾਲੀ ਕੌਮ ਨੂੰ, ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ, ਤਾਂ ਜੋ ਉਨ੍ਹਾਂ ਵਸੇਬਿਆਂ ਉੱਤੇ ਕਬਜ਼ਾ ਕਰਨ, ਜਿਹੜੇ ਉਹਨਾਂ ਦੇ ਆਪਣੇ ਨਹੀਂ ਹਨ। 7 ਉਹ ਭਿਆਨਕ ਅਤੇ ਡਰਾਉਣੇ ਹਨ, ਉਹ ਉਹਨਾਂ ਦਾ ਨਿਆਂ ਅਤੇ ਆਦਰ ਉਹਨਾਂ ਦੇ ਆਪਣੇ ਵੱਲੋਂ ਹੀ ਨਿੱਕਲਦਾ ਹੈ। 8 ਉਹਨਾਂ ਦੇ ਘੋੜੇ ਚੀਤਿਆਂ ਨਾਲੋਂ ਤੇਜ਼ ਹਨ ਅਤੇ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ, ਉਹਨਾਂ ਦੇ ਸਵਾਰ ਕੁੱਦਦੇ-ਟੱਪਦੇ ਅੱਗੇ ਵੱਧਦੇ ਹਨ, ਹਾਂ, ਉਹਨਾਂ ਦੇ ਸਵਾਰ ਦੂਰੋਂ ਆਉਂਦੇ ਹਨ, ਉਹ ਉਕਾਬ ਦੇ ਵਾਂਗੂੰ ਉੱਡਦੇ ਹਨ, ਜੋ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ! 9 ਉਹ ਸਾਰੇ ਦੇ ਸਾਰੇ ਜ਼ੁਲਮ ਕਰਨ ਲਈ ਆਉਂਦੇ ਹਨ, ਉਹ ਸਾਹਮਣੇ ਵੱਲ ਮੂੰਹ ਕਰਦੇ ਅੱਗੇ ਵੱਧਦੇ ਜਾਂਦੇ ਹਨ, ਉਹ ਕੈਦੀਆਂ ਨੂੰ ਰੇਤ ਦੀ ਤਰ੍ਹਾਂ ਜਮਾਂ ਕਰਦੇ ਹਨ। 10 ੧੦ ਉਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ ਅਤੇ ਹਾਕਮਾਂ ਉੱਤੇ ਹੱਸਦੇ ਹਨ, ਉਹ ਹਰੇਕ ਗੜ੍ਹ ਨੂੰ ਤੁੱਛ ਜਾਣਦੇ ਹਨ, ਉਹ ਮੋਰਚਾ ਬੰਨ੍ਹ ਕੇ ਉਸ ਨੂੰ ਜਿੱਤ ਲੈਂਦੇ ਹਨ। 11 ੧੧ ਤਦ ਉਹ ਹਵਾ ਵਾਂਗੂੰ ਚੱਲਦੇ ਅਤੇ ਲੰਘ ਜਾਂਦੇ ਹਨ। ਉਹ ਦੋਸ਼ੀ ਹੋ ਜਾਵੇਗਾ, - ਜਿਸ ਦਾ ਬਲ ਉਹ ਦਾ ਦੇਵਤਾ ਹੈ। 12 ੧੨ ਹੇ ਮੇਰੇ ਪ੍ਰਭੂ ਯਹੋਵਾਹ, ਹੇ ਮੇਰੇ ਪਵਿੱਤਰ ਪਰਮੇਸ਼ੁਰ, ਕੀ ਤੂੰ ਸਦੀਪਕ ਕਾਲ ਤੋਂ ਨਹੀਂ ਹੈਂ? ਇਸ ਕਾਰਨ ਅਸੀਂ ਨਹੀਂ ਮਰਾਂਗੇ। ਹੇ ਯਹੋਵਾਹ, ਤੂੰ ਉਹਨਾਂ ਨੂੰ ਨਿਆਂ ਕਰਨ ਲਈ ਠਹਿਰਾਇਆ ਹੈ ਅਤੇ ਹੇ ਚੱਟਾਨ, ਤੂੰ ਉਹਨਾਂ ਨੂੰ ਸਜ਼ਾ ਦੇਣ ਲਈ ਨਿਯੁਕਤ ਕੀਤਾ ਹੈ। 13 ੧੩ ਤੂੰ ਜਿਸ ਦੀਆਂ ਅੱਖਾਂ ਅਜਿਹੀਆਂ ਸ਼ੁੱਧ ਹਨ ਕਿ ਤੂੰ ਬਦੀ ਨੂੰ ਵੇਖ ਹੀ ਨਹੀਂ ਸਕਦਾ ਅਤੇ ਅਨ੍ਹੇਰ ਨੂੰ ਵੇਖ ਕੇ ਚੁੱਪ ਨਹੀਂ ਰਹਿ ਸਕਦਾ, ਫੇਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਵੇਖਦਾ ਰਹਿੰਦਾ ਹੈਂ? ਜਦ ਦੁਸ਼ਟ ਧਰਮੀ ਨੂੰ ਨਿਗਲ ਲੈਂਦਾ ਹੈ, ਤਾਂ ਤੂੰ ਕਿਉਂ ਚੁੱਪ ਰਹਿੰਦਾ ਹੈਂ, 14 ੧੪ ਤੂੰ ਕਿਉਂ ਮਨੁੱਖਾਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗੂੰ ਅਤੇ ਘਿੱਸਰਨ ਵਾਲੇ ਪ੍ਰਾਣੀਆਂ ਵਾਂਗੂੰ ਬਣਾਉਂਦਾ ਹੈਂ, ਜਿਨ੍ਹਾਂ ਦਾ ਕੋਈ ਹਾਕਮ ਨਹੀਂ। 15 ੧੫ ਉਹ ਉਹਨਾਂ ਸਭਨਾਂ ਨੂੰ ਕੁੰਡੀ ਨਾਲ ਉਤਾਹਾਂ ਲੈ ਆਉਂਦਾ ਹੈ, ਉਹ ਉਹਨਾਂ ਨੂੰ ਆਪਣੇ ਜਾਲ਼ ਵਿੱਚ ਖਿੱਚ ਲੈ ਜਾਂਦਾ ਹੈ, ਉਹ ਉਹਨਾਂ ਨੂੰ ਆਪਣੇ ਮਹਾਂ ਜਾਲ਼ ਵਿੱਚ ਇਕੱਠਾ ਕਰਦਾ ਹੈ, ਤਦ ਉਹ ਅਨੰਦ ਹੁੰਦਾ ਅਤੇ ਖੁਸ਼ੀ ਮਨਾਉਂਦਾ ਹੈ। 16 ੧੬ ਇਸ ਲਈ ਉਹ ਆਪਣੇ ਜਾਲ਼ ਲਈ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਮਹਾਂ ਜਾਲ਼ ਲਈ ਧੂਪ ਧੁਖਾਉਂਦਾ ਹੈ! ਕਿਉਂ ਜੋ ਉਨ੍ਹਾਂ ਦੇ ਕਾਰਨ ਹੀ ਉਹ ਦਾ ਹਿੱਸਾ ਰਿਸ਼ਟ-ਪੁਸ਼ਟ ਅਤੇ ਉਹ ਦਾ ਭੋਜਨ ਚਿਕਨਾ ਹੁੰਦਾ ਹੈ। 17 ੧੭ ਕੀ ਉਹ ਆਪਣੇ ਜਾਲ਼ ਨੂੰ ਖਾਲੀ ਕਰਦਾ ਰਹੇਗਾ, ਅਤੇ ਨਿਰਦਈ ਹੋ ਕੇ ਕੌਮਾਂ ਨੂੰ ਨਿੱਤ ਵੱਢਣ ਤੋਂ ਨਹੀਂ ਹਟੇਗਾ?

< ਹਬੱਕੂਕ 1 >