< ਉਤਪਤ 43 >

1 ਕਨਾਨ ਦੇਸ਼ ਉੱਤੇ ਕਾਲ ਬਹੁਤ ਹੀ ਭਿਅੰਕਰ ਹੋ ਗਿਆ। 2 ਜਦ ਉਹ ਅੰਨ ਜਿਹੜਾ ਉਹ ਮਿਸਰ ਤੋਂ ਲਿਆਏ ਸਨ, ਖ਼ਤਮ ਹੋ ਗਿਆ ਤਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ਮੁੜ ਕੇ ਸਾਡੇ ਲਈ ਕੁਝ ਅੰਨ ਮੁੱਲ ਲੈ ਆਓ। 3 ਤਦ ਯਹੂਦਾਹ ਨੇ ਉਹ ਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਚੇਤਾਵਨੀ ਦੇ ਕੇ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ। 4 ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਭੇਜਦਾ ਹੈਂ ਤਾਂ ਅਸੀਂ ਤੇਰੇ ਲਈ ਅੰਨ ਮੁੱਲ ਲੈ ਆਵਾਂਗੇ, 5 ਪਰ ਜੇ ਤੂੰ ਨਾ ਭੇਜੇਂਗਾ ਤਾਂ ਅਸੀਂ ਨਹੀਂ ਜਾਂਵਾਂਗੇ ਕਿਉਂ ਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ। 6 ਫੇਰ ਇਸਰਾਏਲ ਨੇ ਆਖਿਆ, ਤੁਸੀਂ ਕਿਉਂ ਮੇਰੇ ਨਾਲ ਇਹ ਬੁਰਿਆਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਕਿ ਸਾਡਾ ਇੱਕ ਹੋਰ ਭਰਾ ਵੀ ਹੈ? 7 ਤਦ ਉਨ੍ਹਾਂ ਨੇ ਆਖਿਆ ਕਿ ਉਸ ਮਨੁੱਖ ਨੇ ਤੰਗ ਕਰ ਕੇ ਸਾਡੇ ਅਤੇ ਸਾਡੇ ਰਿਸ਼ਤੇਦਾਰਾਂ ਦੇ ਵਿਖੇ ਪੁੱਛਿਆ ਕਿ ਤੁਹਾਡਾ ਪਿਤਾ ਅਜੇ ਤੱਕ ਜੀਉਂਦਾ ਹੈ ਅਤੇ ਤੁਹਾਡਾ ਕੋਈ ਹੋਰ ਭਰਾ ਵੀ ਹੈ? ਤਦ ਅਸੀਂ ਇਨ੍ਹਾਂ ਗੱਲਾਂ ਦੇ ਅਨੁਸਾਰ ਉਹ ਨੂੰ ਦੱਸਿਆ। ਸਾਨੂੰ ਕੀ ਪਤਾ ਸੀ ਕਿ ਉਹ ਸਾਨੂੰ ਆਖੇਗਾ ਜੋ ਆਪਣੇ ਭਰਾ ਨੂੰ ਨਾਲ ਲਿਆਓ? 8 ਫੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, ਮੁੰਡੇ ਨੂੰ ਮੇਰੇ ਨਾਲ ਭੇਜ ਦੇ ਤਾਂ ਜੋ ਅਸੀਂ ਜਾਈਏ, ਤੇ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ, ਅਸੀਂ ਵੀ ਅਤੇ ਤੂੰ ਵੀ ਅਤੇ ਸਾਡੇ ਬੱਚੇ ਵੀ। 9 ਮੈਂ ਉਸ ਲਈ ਜ਼ਿੰਮੇਵਾਰ ਹਾਂ। ਉਸ ਨੂੰ ਤੂੰ ਮੇਰੇ ਹੱਥੋਂ ਵਾਪਿਸ ਮੰਗੀ। ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਅਤੇ ਤੇਰੇ ਸਨਮੁਖ ਨਾ ਬਿਠਾਵਾਂ ਤਦ ਮੈਂ ਸਦਾ ਲਈ ਤੇਰਾ ਦੋਸ਼ੀ ਠਹਿਰਾਂਗਾ। 10 ੧੦ ਜੇਕਰ ਅਸੀਂ ਐਨਾ ਸਮਾਂ ਨਾ ਲਾਉਂਦੇ ਤਾਂ ਹੁਣ ਤੱਕ ਦੂਜੀ ਵਾਰ ਵਾਪਿਸ ਆ ਜਾਂਦੇ। 11 ੧੧ ਤਦ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਸੱਚ-ਮੁੱਚ ਅਜਿਹਾ ਹੀ ਹੈ ਤਾਂ ਹੁਣ ਇਸ ਤਰ੍ਹਾਂ ਕਰੋ ਕਿ ਇਸ ਦੇਸ਼ ਦੀ ਸਭ ਤੋਂ ਉੱਤਮ ਪੈਦਾਵਾਰ ਆਪਣਿਆਂ ਬੋਰਿਆਂ ਵਿੱਚ ਰੱਖ ਕੇ ਉਸ ਮਨੁੱਖ ਲਈ ਭੇਟ ਦੇ ਤੌਰ ਤੇ ਲੈ ਜਾਓ: ਅਰਥਾਤ ਥੋੜ੍ਹਾ ਗੁੱਗਲ, ਥੋੜ੍ਹਾ ਸ਼ਹਿਦ, ਗਰਮ ਮਸਾਲਾ, ਗੰਧਰਸ, ਪਿਸਤਾ ਅਤੇ ਬਦਾਮ। 12 ੧੨ ਦੁੱਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਅਤੇ ਉਹ ਚਾਂਦੀ ਜਿਹੜੀ ਤੁਹਾਡਿਆਂ ਬੋਰਿਆਂ ਦੇ ਮੂੰਹ ਉੱਤੇ ਰੱਖ ਕੇ ਵਾਪਿਸ ਕੀਤੀ ਗਈ, ਉਸ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਜਾਓ। ਸ਼ਾਇਦ ਇਹ ਭੁੱਲ ਹੋ ਗਈ ਹੋਵੇ। 13 ੧੩ ਆਪਣੇ ਭਰਾ ਨੂੰ ਵੀ ਨਾਲ ਲੈ ਕੇ ਉਸ ਮਨੁੱਖ ਕੋਲ ਫੇਰ ਜਾਓ। 14 ੧੪ ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਕਿਰਪਾ ਬਖ਼ਸ਼ੇ, ਜਿਸ ਕਾਰਨ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਭੇਜ ਦੇਵੇ ਅਤੇ ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਸੋ ਹੋਇਆ। 15 ੧੫ ਉਨ੍ਹਾਂ ਮਨੁੱਖਾਂ ਨੇ ਉਹ ਭੇਟ ਅਤੇ ਦੁੱਗਣੀ ਚਾਂਦੀ ਆਪਣਿਆਂ ਹੱਥਾਂ ਵਿੱਚ ਲੈ ਕੇ, ਬਿਨਯਾਮੀਨ ਨੂੰ ਵੀ ਆਪਣੇ ਨਾਲ ਲਿਆ ਅਤੇ ਉੱਠ ਕੇ ਮਿਸਰ ਨੂੰ ਚਲੇ ਗਏ ਅਤੇ ਯੂਸੁਫ਼ ਦੇ ਸਾਹਮਣੇ ਹਾਜ਼ਰ ਹੋਏ। 16 ੧੬ ਜਦੋਂ ਯੂਸੁਫ਼ ਨੇ ਉਨ੍ਹਾਂ ਦੇ ਨਾਲ ਬਿਨਯਾਮੀਨ ਨੂੰ ਵੇਖਿਆ ਤਾਂ ਉਸ ਨੇ ਘਰ ਦੇ ਅਧਿਕਾਰੀ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨੂੰ ਘਰ ਲੈ ਜਾ ਅਤੇ ਪਸ਼ੂ ਮਾਰ ਕੇ ਭੋਜਨ ਤਿਆਰ ਕਰ ਕਿਉਂ ਜੋ ਇਹ ਮਨੁੱਖ ਦੁਪਹਿਰ ਨੂੰ ਮੇਰੇ ਨਾਲ ਭੋਜਨ ਖਾਣਗੇ। 17 ੧੭ ਤਦ ਉਹ ਮਨੁੱਖ ਯੂਸੁਫ਼ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਮਨੁੱਖਾਂ ਨੂੰ ਉਸ ਦੇ ਘਰ ਲੈ ਗਿਆ। 18 ੧੮ ਜਦ ਉਹ ਯੂਸੁਫ਼ ਦੇ ਘਰ ਪਹੁੰਚਾਏ ਗਏ ਤਦ ਉਹ ਆਪਸ ਵਿੱਚ ਡਰ ਕੇ ਆਖਣ ਲੱਗੇ, ਉਸ ਚਾਂਦੀ ਦੇ ਕਾਰਨ ਜਿਹੜੀ ਪਹਿਲੀ ਵਾਰ ਸਾਡਿਆਂ ਬੋਰਿਆਂ ਵਿੱਚ ਮੁੜੀ ਸੀ, ਅਸੀਂ ਇੱਥੇ ਲਿਆਂਦੇ ਗਏ ਹਾਂ ਤਾਂ ਜੋ ਉਹ ਸਾਡੇ ਉੱਤੇ ਵਾਰ ਕਰ ਕੇ ਸਾਨੂੰ ਆਪਣਾ ਗ਼ੁਲਾਮ ਬਣਾਵੇ ਅਤੇ ਸਾਡੇ ਗਧਿਆਂ ਨੂੰ ਵੀ ਖੋਹ ਲਵੇ। 19 ੧੯ ਤਦ ਉਹ ਯੂਸੁਫ਼ ਦੇ ਘਰ ਦੇ ਅਧਿਕਾਰੀ ਦੇ ਨੇੜੇ ਜਾ ਕੇ ਘਰ ਦੇ ਦਰਵਾਜ਼ੇ ਉੱਤੇ ਉਸ ਨੂੰ ਬੋਲੇ 20 ੨੦ ਅਤੇ ਉਨ੍ਹਾਂ ਨੇ ਆਖਿਆ ਸੁਆਮੀ ਜੀ, ਜਦੋਂ ਅਸੀਂ ਪਹਿਲੀ ਵਾਰ ਅੰਨ ਖਰੀਦਣ ਆਏ ਸੀ 21 ੨੧ ਤਦ ਅਸੀਂ ਸਰਾਂ ਵਿੱਚ ਪਹੁੰਚ ਕੇ ਆਪਣਿਆਂ ਬੋਰਿਆਂ ਨੂੰ ਖੋਲ੍ਹਿਆ ਅਤੇ ਵੇਖੋ ਹਰ ਇੱਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ। ਉਹ ਸਾਡੀ ਪੂਰੀ ਚਾਂਦੀ ਸੀ ਅਤੇ ਅਸੀਂ ਉਹ ਨੂੰ ਮੁੜ ਆਪਣੇ ਹੱਥਾਂ ਵਿੱਚ ਲੈ ਆਏ ਹਾਂ। 22 ੨੨ ਹੋਰ ਚਾਂਦੀ ਵੀ ਅੰਨ ਮੁੱਲ ਲੈਣ ਲਈ ਅਸੀਂ ਆਪਣੇ ਹੱਥਾਂ ਵਿੱਚ ਲਿਆਏ ਹਾਂ ਅਤੇ ਨਹੀਂ ਜਾਣਦੇ ਕਿ ਸਾਡੀ ਉਹ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਰੱਖ ਦਿੱਤੀ। 23 ੨੩ ਤਾਂ ਉਸ ਨੇ ਆਖਿਆ, ਤੁਹਾਡੀ ਸਲਾਮਤੀ ਹੋਵੇ। ਤੁਸੀਂ ਡਰੋ ਨਾ, ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੀਆਂ ਬੋਰੀਆਂ ਵਿੱਚ ਤੁਹਾਨੂੰ ਪਦਾਰਥ ਦਿੱਤਾ। ਤੁਹਾਡੀ ਚਾਂਦੀ ਮੈਨੂੰ ਮਿਲ ਗਈ ਹੈ। ਫੇਰ ਉਹ ਸ਼ਿਮਓਨ ਨੂੰ ਬਾਹਰ ਉਨ੍ਹਾਂ ਦੇ ਕੋਲ ਲੈ ਆਇਆ। 24 ੨੪ ਤਦ ਉਹ ਪੁਰਖ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ ਅਤੇ ਉਨ੍ਹਾਂ ਨੂੰ ਪਾਣੀ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਉਸ ਨੇ ਉਨ੍ਹਾਂ ਦੇ ਗਧਿਆਂ ਨੂੰ ਚਾਰਾ ਦਿੱਤਾ। 25 ੨੫ ਤਦ ਉਨ੍ਹਾਂ ਨੇ ਯੂਸੁਫ਼ ਦੇ ਆਉਣ ਦੀ ਦੁਪਹਿਰ ਤੱਕ ਉਡੀਕ ਵਿੱਚ ਸੁਗ਼ਾਤ ਤਿਆਰ ਕੀਤੀ ਕਿਉਂ ਜੋ ਉਨ੍ਹਾਂ ਸੁਣਿਆ ਜੋ ਅਸੀਂ ਐਥੇ ਹੀ ਰੋਟੀ ਖਾਵਾਂਗੇ। 26 ੨੬ ਜਦ ਯੂਸੁਫ਼ ਘਰ ਆਇਆ ਤਾਂ ਓਹ ਉਸ ਦੇ ਲਈ ਘਰ ਵਿੱਚ ਸੁਗ਼ਾਤ ਲੈ ਆਏ ਜਿਹੜੀ ਉਨ੍ਹਾਂ ਦੇ ਹੱਥਾਂ ਵਿੱਚ ਸੀ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਦੇ ਅੱਗੇ ਝੁਕਾਇਆ। 27 ੨੭ ਉਸ ਨੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ ਅਤੇ ਆਖਿਆ, ਕੀ ਤੁਹਾਡਾ ਪਿਤਾ ਚੰਗਾ ਭਲਾ ਹੈ? ਉਹ ਬਜ਼ੁਰਗ ਜਿਸ ਦੇ ਵਿਖੇ ਤੁਸੀਂ ਆਖਿਆ ਸੀ ਜੀਉਂਦਾ ਹੈ? 28 ੨੮ ਉਨ੍ਹਾਂ ਆਖਿਆ, ਤੁਹਾਡਾ ਦਾਸ ਸਾਡਾ ਪਿਤਾ ਸਲਾਮਤ ਹੈ ਅਤੇ ਅੱਜ ਤੱਕ ਜੀਉਂਦਾ ਹੈ ਅਤੇ ਉਨ੍ਹਾਂ ਉਸ ਦੇ ਅੱਗੇ ਸਿਰ ਝੁਕਾ ਕੇ ਆਪ ਨੂੰ ਝੁਕਾਇਆ। 29 ੨੯ ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਆਪਣੇ ਸੱਕੇ ਭਰਾ ਬਿਨਯਾਮੀਨ ਨੂੰ ਵੇਖਿਆ ਅਤੇ ਆਖਿਆ, ਜਿਸ ਛੋਟੇ ਭਰਾ ਦੇ ਵਿਖੇ ਤੁਸੀਂ ਮੈਨੂੰ ਆਖਿਆ ਸੀ, ਕੀ ਇਹੋ ਹੈ? ਅਤੇ ਉਸ ਨੇ ਆਖਿਆ, ਮੇਰੇ ਪੁੱਤਰ ਪਰਮੇਸ਼ੁਰ ਤੇਰੇ ਉੱਤੇ ਦਯਾ ਕਰੇ। 30 ੩੦ ਤਦ ਯੂਸੁਫ਼ ਨੇ ਛੇਤੀ ਕੀਤੀ ਕਿਉਂ ਜੋ ਉਸ ਦਾ ਮਨ ਆਪਣੇ ਭਰਾ ਲਈ ਭਰ ਆਇਆ, ਉਹ ਕਿਤੇ ਰੋਣਾ ਚਾਹੁੰਦਾ ਸੀ ਸੋ ਉਹ ਆਪਣੀ ਕੋਠੜੀ ਵਿੱਚ ਗਿਆ ਅਤੇ ਉੱਥੇ ਰੋਇਆ। 31 ੩੧ ਫੇਰ ਉਸ ਨੇ ਆਪਣਾ ਮੂੰਹ ਧੋਤਾ ਅਤੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਸੰਭਾਲ ਕੇ ਆਖਿਆ, ਰੋਟੀ ਪਰੋਸੋ। 32 ੩੨ ਤਾਂ ਉਨ੍ਹਾਂ ਨੇ ਯੂਸੁਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਹ ਦੇ ਨਾਲ ਖਾਂਦੇ ਸਨ, ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ। 33 ੩੩ ਓਹ ਉਸ ਦੇ ਅੱਗੇ ਬੈਠ ਗਏ, ਪਹਿਲੌਠਾ ਆਪਣੇ ਪਹਿਲੌਠੇਪਣ ਦੇ ਅਨੁਸਾਰ ਅਤੇ ਛੋਟਾ ਆਪਣੀ ਉਮਰ ਦੇ ਅਨੁਸਾਰ ਅਤੇ ਉਹ ਮਨੁੱਖ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਦੇ ਸਨ। 34 ੩੪ ਤਦ ਉਸ ਆਪਣੇ ਅੱਗਿਓਂ ਭੋਜਨ ਪਦਾਰਥ ਚੁਕਵਾ ਕੇ ਉਨ੍ਹਾਂ ਨੂੰ ਦਿੱਤੇ ਅਤੇ ਬਿਨਯਾਮੀਨ ਦਾ ਥਾਲ ਉਨ੍ਹਾਂ ਦੇ ਥਾਲਾਂ ਨਾਲੋਂ ਪੰਜ ਗੁਣਾ ਵੱਧ ਸੀ, ਸੋ ਉਨ੍ਹਾਂ ਉਹ ਦੇ ਨਾਲ ਖਾਧਾ ਪੀਤਾ ਅਤੇ ਅਨੰਦ ਮਨਾਇਆ।

< ਉਤਪਤ 43 >