< ਉਤਪਤ 40 >

1 ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਮਿਸਰ ਦੇ ਰਾਜਾ ਦਾ ਸਾਕੀ ਅਤੇ ਰਸੋਈਆ ਆਪਣੇ ਸੁਆਮੀ ਅਰਥਾਤ ਮਿਸਰ ਦੇ ਰਾਜੇ ਦੇ ਵਿਰੁੱਧ ਕੁਝ ਅਪਰਾਧ ਕੀਤਾ। 2 ਤਦ ਫ਼ਿਰਊਨ ਆਪਣੇ ਦੋਹਾਂ ਪ੍ਰਧਾਨਾਂ ਦੇ ਉੱਤੇ ਅਰਥਾਤ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਉੱਤੇ ਗੁੱਸੇ ਹੋਇਆ 3 ਅਤੇ ਉਸ ਨੇ ਉਨ੍ਹਾਂ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਅਰਥਾਤ ਉਸੇ ਕੈਦਖ਼ਾਨੇ ਵਿੱਚ ਜਿੱਥੇ ਯੂਸੁਫ਼ ਕੈਦ ਸੀ, ਬੰਦ ਕਰ ਦਿੱਤਾ। 4 ਅੰਗ-ਰੱਖਿਅਕਾਂ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਯੂਸੁਫ਼ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ ਜਦ ਤੱਕ ਉਹ ਕੈਦ ਵਿੱਚ ਰਹੇ। 5 ਮਿਸਰ ਦੇ ਰਾਜਾ ਦੇ ਸਾਕੀ ਅਤੇ ਰਸੋਈਏ ਨੇ ਜਿਹੜੇ ਕੈਦਖ਼ਾਨੇ ਵਿੱਚ ਬੰਦ ਸਨ, ਉਨ੍ਹਾਂ ਦੋਹਾਂ ਨੇ ਇੱਕੋ ਹੀ ਰਾਤ ਆਪਣੇ-ਆਪਣੇ ਫਲ ਅਨੁਸਾਰ ਸੁਫ਼ਨਾ ਵੇਖਿਆ। 6 ਜਦ ਯੂਸੁਫ਼ ਸਵੇਰੇ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਉਨ੍ਹਾਂ ਨੂੰ ਵੇਖਿਆ ਤਾਂ ਵੇਖੋ ਉਹ ਉਦਾਸ ਸਨ। 7 ਉਸ ਨੇ ਫ਼ਿਰਊਨ ਦੇ ਉਨ੍ਹਾਂ ਪ੍ਰਧਾਨਾਂ ਨੂੰ ਜਿਹੜੇ ਉਸ ਦੇ ਨਾਲ ਉਸ ਦੇ ਸੁਆਮੀ ਦੇ ਘਰ ਕੈਦ ਵਿੱਚ ਸਨ, ਪੁੱਛਿਆ, ਅੱਜ ਤੁਹਾਡੇ ਚਿਹਰੇ ਕਿਉਂ ਉਦਾਸ ਹਨ? 8 ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਇੱਕ ਸੁਫ਼ਨਾ ਵੇਖਿਆ ਹੈ, ਜਿਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਕੀ ਸੁਫ਼ਨਿਆਂ ਦਾ ਅਰਥ ਦੱਸਣਾ ਪਰਮੇਸ਼ੁਰ ਦਾ ਕੰਮ ਨਹੀਂ ਹੈ? ਤੁਸੀਂ ਆਪਣੇ-ਆਪਣੇ ਸੁਫ਼ਨੇ ਮੈਨੂੰ ਦੱਸੋ? 9 ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਆਪਣਾ ਸੁਫ਼ਨਾ ਦੱਸਿਆ ਅਤੇ ਆਖਿਆ, ਵੇਖੋ ਮੇਰੇ ਸੁਫ਼ਨੇ ਵਿੱਚ ਦਾਖ਼ ਦੀ ਇੱਕ ਵੇਲ ਮੇਰੇ ਸਨਮੁਖ ਸੀ, 10 ੧੦ ਅਤੇ ਉਸ ਵੇਲ ਵਿੱਚ ਤਿੰਨ ਟਹਿਣੀਆਂ ਸਨ ਅਤੇ ਜਾਣੋ ਉਹ ਨੂੰ ਕਲੀਆਂ ਨਿੱਕਲੀਆਂ ਅਤੇ ਫੁੱਲ ਲੱਗੇ ਅਤੇ ਉਸ ਦੇ ਗੁੱਛਿਆਂ ਵਿੱਚ ਦਾਖ਼ ਪੱਕ ਗਈ। 11 ੧੧ ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ, ਅਤੇ ਮੈਂ ਦਾਖ਼ਾਂ ਨੂੰ ਲੈ ਕੇ ਫ਼ਿਰਊਨ ਦੇ ਪਿਆਲੇ ਵਿੱਚ ਨਿਚੋੜਿਆ ਅਤੇ ਉਹ ਪਿਆਲਾ ਮੈਂ ਫ਼ਿਰਊਨ ਦੀ ਹਥੇਲੀ ਉੱਤੇ ਰੱਖਿਆ। 12 ੧੨ ਤਦ ਯੂਸੁਫ਼ ਨੇ ਉਸ ਨੂੰ ਆਖਿਆ, ਇਸ ਦਾ ਅਰਥ ਇਹ ਹੈ ਕਿ ਉਹ ਤਿੰਨ ਟਹਿਣੀਆਂ ਤਿੰਨ ਦਿਨ ਹਨ। 13 ੧੩ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਤੇਰੇ ਅਹੁਦੇ ਉੱਤੇ ਫੇਰ ਖੜ੍ਹਾ ਕਰੇਗਾ ਅਤੇ ਤੂੰ ਪਹਿਲਾਂ ਦੀ ਤਰ੍ਹਾਂ ਜਦ ਤੂੰ ਉਹ ਦਾ ਸਾਕੀ ਸੀ, ਫਿਰ ਤੋਂ ਫ਼ਿਰਊਨ ਦੇ ਹੱਥ ਵਿੱਚ ਪਿਆਲਾ ਦੇਵੇਂਗਾ। 14 ੧੪ ਜਦ ਤੇਰਾ ਭਲਾ ਹੋਵੇ ਤਾਂ ਤੂੰ ਮੈਨੂੰ ਯਾਦ ਰੱਖੀਂ ਅਤੇ ਮੇਰੇ ਉੱਤੇ ਕਿਰਪਾ ਕਰਕੇ ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਅਤੇ ਮੈਨੂੰ ਇਸ ਘਰ ਵਿੱਚੋਂ ਬਾਹਰ ਕਢਾਈਂ। 15 ੧੫ ਕਿਉਂ ਜੋ ਸੱਚ-ਮੁੱਚ ਮੈਂ ਇਬਰਾਨੀਆਂ ਦੇ ਦੇਸ਼ ਵਿੱਚੋਂ ਚੁਰਾਇਆ ਗਿਆ ਹਾਂ ਅਤੇ ਇੱਥੇ ਵੀ ਮੈਂ ਕੁਝ ਨਹੀਂ ਕੀਤਾ ਕਿ ਉਹ ਮੈਨੂੰ ਇਸ ਕੈਦ ਵਿੱਚ ਰੱਖਣ। 16 ੧੬ ਜਦ ਰਸੋਈਆਂ ਦੇ ਮੁਖੀਏ ਨੇ ਵੇਖਿਆ ਕਿ ਉਸ ਦੇ ਸੁਫ਼ਨੇ ਦਾ ਅਰਥ ਚੰਗਾ ਹੈ ਤਾਂ ਉਸ ਨੇ ਯੂਸੁਫ਼ ਨੂੰ ਆਖਿਆ, ਮੈਂ ਵੀ ਇੱਕ ਸੁਫ਼ਨਾ ਵੇਖਿਆ, ਅਤੇ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਸਨ। 17 ੧੭ ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਊਨ ਲਈ ਭਿੰਨ-ਭਿੰਨ ਪ੍ਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਅਤੇ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ। 18 ੧੮ ਤਦ ਯੂਸੁਫ਼ ਨੇ ਉੱਤਰ ਦੇ ਕੇ ਆਖਿਆ, ਇਸ ਦਾ ਅਰਥ ਇਹ ਹੈ ਕਿ ਇਹ ਤਿੰਨ ਟੋਕਰੀਆਂ ਤਿੰਨ ਦਿਨ ਹਨ। 19 ੧੯ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਤੇਰੇ ਉੱਤੋਂ ਲਾਹ ਦੇਵੇਗਾ ਅਤੇ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾਣਗੇ। 20 ੨੦ ਫਿਰ ਤੀਜੇ ਦਿਨ, ਫ਼ਿਰਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਕਰਮਚਾਰੀਆਂ ਲਈ ਦਾਵਤ ਕੀਤੀ ਅਤੇ ਆਪਣੇ ਕਰਮਚਾਰੀਆਂ ਵਿੱਚੋਂ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਦਾ ਸਿਰ ਉੱਚਾ ਕੀਤਾ। 21 ੨੧ ਪਰ ਉਸ ਨੇ ਸਾਕੀਆਂ ਦੇ ਮੁਖੀਏ ਨੂੰ ਤਾਂ ਉਹ ਦੇ ਅਹੁਦੇ ਉੱਤੇ ਫਿਰ ਨਿਯੁਕਤ ਕੀਤਾ ਤਾਂ ਜੋ ਉਹ ਫ਼ਿਰਊਨ ਦੀ ਹਥੇਲੀ ਉੱਤੇ ਪਿਆਲਾ ਰੱਖੇ 22 ੨੨ ਪਰ ਉਸ ਨੇ ਰਸੋਈਆਂ ਦੇ ਮੁਖੀਏ ਨੂੰ ਫਾਂਸੀ ਦੇ ਦਿੱਤੀ ਜਿਵੇਂ ਯੂਸੁਫ਼ ਨੇ ਉਨ੍ਹਾਂ ਦੇ ਸੁਫ਼ਨਿਆਂ ਦਾ ਅਰਥ ਦੱਸਿਆ ਸੀ। 23 ੨੩ ਪਰ ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਯਾਦ ਨਾ ਰੱਖਿਆ ਪਰ ਉਸ ਨੂੰ ਭੁੱਲ ਗਿਆ।

< ਉਤਪਤ 40 >