< ਉਤਪਤ 38 >

1 ਉਸ ਵੇਲੇ ਅਜਿਹਾ ਹੋਇਆ ਯਹੂਦਾਹ ਆਪਣੇ ਭਰਾਵਾਂ ਕੋਲੋਂ ਚਲਾ ਗਿਆ ਅਤੇ ਹੀਰਾਹ ਨਾਮ ਦੇ ਇੱਕ ਅਦੂਲਾਮੀ ਮਨੁੱਖ ਦੇ ਘਰ ਵਿੱਚ ਠਹਿਰਿਆ। 2 ਯਹੂਦਾਹ ਨੇ ਉੱਥੇ ਇੱਕ ਕਨਾਨੀ ਮਨੁੱਖ ਸ਼ੂਆ ਨਾਮੀ ਦੀ ਧੀ ਨੂੰ ਵੇਖਿਆ ਅਤੇ ਉਸ ਨਾਲ ਵਿਆਹ ਕੀਤਾ ਅਤੇ ਉਸ ਦੇ ਕੋਲ ਗਿਆ। 3 ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਯਹੂਦਾਹ ਨੇ ਉਸ ਦਾ ਨਾਮ ਏਰ ਰੱਖਿਆ। 4 ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਓਨਾਨ ਰੱਖਿਆ। 5 ਉਹ ਫਿਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸ਼ੇਲਾਹ ਰੱਖਿਆ ਅਤੇ ਜਦ ਉਸ ਨੇ ਉਹ ਨੂੰ ਜਨਮ ਦਿੱਤਾ ਤਾਂ ਯਹੂਦਾਹ ਕਜ਼ੀਬ ਵਿੱਚ ਸੀ। 6 ਯਹੂਦਾਹ ਨੇ ਆਪਣੇ ਪਹਿਲੌਠੇ ਪੁੱਤਰ ਏਰ ਲਈ ਇੱਕ ਪਤਨੀ ਲਿਆਂਦੀ, ਜਿਸ ਦਾ ਨਾਮ ਤਾਮਾਰ ਸੀ। 7 ਯਹੂਦਾਹ ਦਾ ਪਹਿਲੌਠਾ ਏਰ, ਯਹੋਵਾਹ ਦੀਆਂ ਅੱਖਾਂ ਵਿੱਚ ਦੁਸ਼ਟ ਸੀ ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ। 8 ਯਹੂਦਾਹ ਨੇ ਓਨਾਨ ਨੂੰ ਆਖਿਆ, ਆਪਣੇ ਭਰਾ ਦੀ ਪਤਨੀ ਕੋਲ ਜਾ ਅਤੇ ਉਸ ਦਾ ਹੱਕ ਅਦਾ ਕਰ ਅਤੇ ਆਪਣੇ ਭਰਾ ਲਈ ਅੰਸ ਚਲਾ। 9 ਓਨਾਨ ਨੇ ਇਸ ਗੱਲ ਨੂੰ ਜਾਣਿਆ ਕਿ ਇਹ ਅੰਸ ਮੇਰੀ ਅੰਸ ਨਹੀਂ ਹੋਵੇਗੀ, ਇਸ ਲਈ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਪਤਨੀ ਕੋਲ ਗਿਆ ਤਾਂ ਆਪਣਾ ਵੀਰਜ ਧਰਤੀ ਉੱਤੇ ਬਰਬਾਦ ਕਰ ਦਿੱਤਾ ਕਿਤੇ ਅਜਿਹਾ ਨਾ ਹੋਵੇ ਉਸ ਦੇ ਭਰਾ ਲਈ ਅੰਸ ਹੋਵੇ। 10 ੧੦ ਜੋ ਉਸ ਨੇ ਕੀਤਾ ਸੀ, ਯਹੋਵਾਹ ਦੀਆਂ ਅੱਖਾਂ ਵਿੱਚ ਬੁਰਾ ਲੱਗਾ ਅਤੇ ਉਸ ਨੇ ਓਨਾਨ ਨੂੰ ਵੀ ਮਾਰ ਦਿੱਤਾ। 11 ੧੧ ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, ਆਪਣੇ ਪਿਤਾ ਦੇ ਘਰ ਵਿਧਵਾ ਬੈਠੀ ਰਹਿ, ਜਦ ਤੱਕ ਮੇਰਾ ਪੁੱਤਰ ਸ਼ੇਲਾਹ ਸਿਆਣਾ ਨਾ ਹੋ ਜਾਵੇ ਕਿਉਂ ਜੋ ਉਸ ਨੇ ਆਖਿਆ ਕਿਤੇ ਇਹ ਵੀ ਆਪਣੇ ਭਰਾਵਾਂ ਵਾਂਗੂੰ ਮਰ ਨਾ ਜਾਵੇ ਤਦ ਤਾਮਾਰ ਚਲੀ ਗਈ ਅਤੇ ਆਪਣੇ ਪਿਤਾ ਦੇ ਘਰ ਵਿੱਚ ਬੈਠੀ ਰਹੀ। 12 ੧੨ ਜਦ ਬਹੁਤ ਦਿਨ ਹੋਏ ਤਾਂ ਸ਼ੂਆ ਦੀ ਧੀ, ਯਹੂਦਾਹ ਦੀ ਪਤਨੀ ਮਰ ਗਈ ਜਦ ਯਹੂਦਾਹ ਸੋਗ ਦੇ ਦਿਨਾਂ ਤੋਂ ਬਾਅਦ, ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਸੰਗ ਤਿਮਨਾਹ ਨੂੰ ਗਿਆ। 13 ੧੩ ਤਾਮਾਰ ਨੂੰ ਦੱਸਿਆ ਗਿਆ ਕਿ ਵੇਖ ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਤਿਮਨਾਹ ਨੂੰ ਜਾਂਦਾ ਹੈ। 14 ੧੪ ਤਦ ਉਸ ਨੇ ਆਪਣੇ ਵਿਧਵਾ ਦੇ ਬਸਤਰ ਲਾਹ ਸੁੱਟੇ ਅਤੇ ਬੁਰਕਾ ਪਾ ਕੇ ਆਪ ਨੂੰ ਲਪੇਟ ਲਿਆ ਅਤੇ ਏਨਯਿਮ ਦੇ ਫਾਟਕ ਉੱਤੇ ਜਿਹੜਾ ਤਿਮਨਾਹ ਦੇ ਰਸਤੇ ਉੱਤੇ ਸੀ, ਜਾ ਬੈਠੀ ਕਿਉਂ ਜੋ ਉਸ ਨੇ ਵੇਖਿਆ ਕਿ ਸ਼ੇਲਾਹ ਵੱਡਾ ਹੋ ਗਿਆ ਹੈ, ਪਰ ਉਹ ਉਸ ਦੀ ਪਤਨੀ ਬਣਨ ਨੂੰ ਨਹੀਂ ਦਿੱਤੀ ਗਈ। 15 ੧੫ ਤਦ ਯਹੂਦਾਹ ਨੇ ਉਸ ਨੂੰ ਵੇਖਿਆ ਅਤੇ ਸਮਝਿਆ ਕਿ ਇਹ ਵੇਸ਼ਵਾ ਹੈ ਕਿਉਂ ਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। 16 ੧੬ ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਤੇ ਆਖਿਆ, ਆ ਅਤੇ ਮੈਨੂੰ ਆਪਣੇ ਕੋਲ ਆਉਣ ਦੇ ਕਿਉਂ ਜੋ ਉਸ ਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਨੂੰਹ ਹੈ ਤਦ ਉਸ ਨੇ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ? 17 ੧੭ ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਲੇਲਾ ਤੇਰੇ ਕੋਲ ਭੇਜਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ, ਜਦ ਤੱਕ ਉਹ ਨਾ ਘੱਲੇਂ? 18 ੧੮ ਫੇਰ ਉਸ ਨੇ ਆਖਿਆ, ਮੈਂ ਤੇਰੇ ਕੋਲ ਕੀ ਗਹਿਣੇ ਰੱਖਾਂ? ਉਸ ਆਖਿਆ, ਤੂੰ ਆਪਣੀ ਮੋਹਰ, ਆਪਣੀ ਰੱਸੀ ਅਤੇ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇ। ਉਸ ਨੇ ਉਹ ਨੂੰ ਉਹ ਸਭ ਕੁਝ ਦੇ ਦਿੱਤਾ ਅਤੇ ਉਸ ਦੇ ਕੋਲ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ। 19 ੧੯ ਉਹ ਉੱਥੋਂ ਉੱਠ ਕੇ ਚੱਲੀ ਗਈ ਅਤੇ ਆਪਣੇ ਉੱਤੋਂ ਬੁਰਕਾ ਲਾਹ ਸੁੱਟਿਆ ਅਤੇ ਵਿਧਵਾ ਦੇ ਬਸਤਰ ਪਾ ਲਏ। 20 ੨੦ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥ ਬੱਕਰੀ ਦਾ ਲੇਲਾ ਭੇਜਿਆ ਤਾਂ ਜੋ ਉਸ ਦੀਆਂ ਗਹਿਣੇ ਰੱਖੀਆਂ ਚੀਜ਼ਾਂ ਉਸ ਇਸਤਰੀ ਦੇ ਹੱਥੋਂ ਮੋੜ ਲਿਆਵੇ ਅਤੇ ਉਹ ਉਸ ਨੂੰ ਨਾ ਲੱਭੀ। 21 ੨੧ ਫੇਰ ਉਸ ਨੇ ਉਸ ਥਾਂ ਦੇ ਮਨੁੱਖਾਂ ਤੋਂ ਇਹ ਪੁੱਛਿਆ ਕਿ ਉਹ ਵੇਸ਼ਵਾ ਕਿੱਥੇ ਹੈ, ਜਿਹੜੀ ਏਨਯਿਮ ਦੇ ਰਸਤੇ ਉੱਤੇ ਬੈਠੀ ਸੀ? ਤਦ ਉਨ੍ਹਾਂ ਨੇ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਸੀ। 22 ੨੨ ਉਹ ਯਹੂਦਾਹ ਦੇ ਕੋਲ ਮੁੜ ਆਇਆ ਅਤੇ ਆਖਿਆ ਕਿ ਉਹ ਮੈਨੂੰ ਨਹੀਂ ਲੱਭੀ ਅਤੇ ਉੱਥੇ ਦੇ ਮਨੁੱਖਾਂ ਨੇ ਵੀ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਹੈ। 23 ੨੩ ਯਹੂਦਾਹ ਦੇ ਆਖਿਆ ਉਹ ਉਸ ਨੂੰ ਰੱਖੇ। ਅਸੀਂ ਖੱਜਲ ਤਾਂ ਨਾ ਹੋਈਏ। ਵੇਖ ਮੈਂ ਤਾਂ ਲੇਲਾ ਭੇਜਿਆ ਸੀ, ਪਰ ਉਹ ਤੈਨੂੰ ਨਹੀਂ ਲੱਭੀ। 24 ੨੪ ਤਦ ਅਜਿਹਾ ਹੋਇਆ ਕਿ ਜਦ ਲੱਗਭੱਗ ਤਿੰਨ ਮਹੀਨੇ ਹੋ ਗਏ ਤਾਂ ਯਹੂਦਾਹ ਨੂੰ ਦੱਸਿਆ ਗਿਆ ਕਿ ਤੇਰੀ ਨੂੰਹ ਤਾਮਾਰ ਨੇ ਵਿਭਚਾਰ ਕੀਤਾ ਅਤੇ ਵੇਖ ਉਹ ਗਰਭਵਤੀ ਵੀ ਹੈ ਤਾਂ ਯਹੂਦਾਹ ਨੇ ਆਖਿਆ ਉਹ ਨੂੰ ਬਾਹਰ ਕੱਢ ਲਿਆਓ ਤਾਂ ਜੋ ਉਹ ਸਾੜ ਦਿੱਤੀ ਜਾਵੇ। 25 ੨੫ ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਇਹ ਵੀ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਹਦੀ ਹੈ। 26 ੨੬ ਯਹੂਦਾਹ ਨੇ ਪਹਿਚਾਣ ਕੇ ਆਖਿਆ, ਉਹ ਮੇਰੇ ਨਾਲੋਂ ਵੱਧ ਧਰਮੀ ਹੈ ਕਿਉਂ ਜੋ ਮੈਂ ਉਸ ਦਾ ਵਿਆਹ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਕੀਤਾ ਅਤੇ ਯਹੂਦਾਹ ਨੇ ਅੱਗੇ ਨੂੰ ਉਸ ਦੇ ਨਾਲ ਸੰਗ ਨਾ ਕੀਤਾ। 27 ੨੭ ਅਜਿਹਾ ਹੋਇਆ ਕਿ ਉਸ ਦੇ ਜਣਨ ਦੇ ਸਮੇਂ ਉਸ ਦੀ ਕੁੱਖ ਵਿੱਚ ਜੋੜੇ ਸਨ। 28 ੨੮ ਅਤੇ ਜਦ ਉਹ ਜਨਮ ਦੇਣ ਲੱਗੀ ਤਾਂ ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ ਅਤੇ ਦਾਈ ਨੇ ਫੜ੍ਹ ਕੇ ਉਸ ਦੇ ਹੱਥ ਨੂੰ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, ਇਹ ਪਹਿਲਾਂ ਨਿੱਕਲਿਆ ਹੈ। 29 ੨੯ ਫਿਰ ਹੋਇਆ ਕਿ ਜਦ ਉਸ ਨੇ ਆਪਣਾ ਹੱਥ ਖਿੱਚ ਲਿਆ ਤਾਂ ਵੇਖੋ ਉਸ ਦੇ ਭਰਾ ਨੇ ਜਨਮ ਲਿਆ ਅਤੇ ਦਾਈ ਨੇ ਆਖਿਆ, ਤੂੰ ਬਾਹਰ ਆਉਣ ਵਿੱਚ ਕਿਉਂ ਜ਼ੋਰ ਲਗਾਇਆ ਹੈਂ, ਇਹ ਜ਼ੋਰ ਤੇਰੇ ਉੱਤੇ ਆਵੇ ਇਸ ਲਈ ਉਸ ਨਾ ਨਾਮ ਪਰਸ ਰੱਖਿਆ ਗਿਆ। 30 ੩੦ ਉਸ ਤੋਂ ਬਾਅਦ ਉਸ ਦਾ ਭਰਾ ਜਿਸ ਦੇ ਹੱਥ ਲਾਲ ਧਾਗਾ ਬੰਨ੍ਹਿਆ ਗਿਆ ਸੀ, ਜਨਮ ਲਿਆ ਅਤੇ ਉਸ ਦਾ ਨਾਮ ਜ਼ਰਹ ਰੱਖਿਆ ਗਿਆ।

< ਉਤਪਤ 38 >