< ਉਤਪਤ 26 >

1 ਉਸ ਦੇਸ਼ ਵਿੱਚ ਕਾਲ ਪਿਆ ਅਤੇ ਇਹ ਪਹਿਲੇ ਕਾਲ ਤੋਂ ਵੱਖ ਸੀ, ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ। ਇਸ ਕਾਰਨ ਇਸਹਾਕ ਗਰਾਰ ਨੂੰ, ਫ਼ਲਿਸਤੀਆਂ ਦੇ ਰਾਜਾ ਅਬੀਮਲਕ ਕੋਲ ਚਲਾ ਗਿਆ। 2 ਤਦ ਯਹੋਵਾਹ ਨੇ ਉਸ ਨੂੰ ਦਰਸ਼ਣ ਦੇ ਕੇ ਆਖਿਆ, ਮਿਸਰ ਨੂੰ ਨਾ ਜਾਈਂ ਪਰ ਉਸ ਦੇਸ਼ ਵਿੱਚ ਜਾਈਂ, ਜਿਹੜਾ ਮੈਂ ਤੈਨੂੰ ਦੱਸਾਂਗਾ। 3 ਤੂੰ ਉਸ ਦੇਸ਼ ਵਿੱਚ ਜਾ ਟਿੱਕੀਂ। ਮੈਂ ਤੇਰੇ ਅੰਗ-ਸੰਗ ਹੋਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ। ਮੈਂ ਉਸ ਸਹੁੰ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ, ਪੂਰੀ ਕਰਾਂਗਾ। 4 ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਮੈਂ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਅੰਸ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। 5 ਕਿਉਂ ਜੋ ਅਬਰਾਹਾਮ ਨੇ ਮੇਰੀ ਅਵਾਜ਼ ਨੂੰ ਸੁਣਿਆ ਅਤੇ ਮੇਰੇ ਹੁਕਮਾਂ, ਮੇਰੀ ਬਿਧੀਆਂ ਅਤੇ ਮੇਰੀ ਬਿਵਸਥਾ ਦੀ ਪਾਲਨਾ ਕੀਤੀ। 6 ਇਸਹਾਕ ਗਰਾਰ ਵਿੱਚ ਵੱਸਿਆ ਰਿਹਾ 7 ਜਦ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਪਤਨੀ ਵਿਖੇ ਪੁੱਛਿਆ ਤਾਂ ਉਸ ਨੇ ਆਖਿਆ, ਉਹ ਮੇਰੀ ਭੈਣ ਹੈ, ਕਿਉਂ ਜੋ ਉਹ ਇਹ ਸੋਚ ਕੇ ਡਰਦਾ ਸੀ, ਜੇਕਰ ਮੈਂ ਦੱਸਾਂ ਕਿ ਉਹ ਮੇਰੀ ਪਤਨੀ ਹੈ ਤਾਂ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ, ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ। 8 ਜਦ ਉਸ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਅਬੀਮਲਕ ਫ਼ਲਿਸਤੀਆਂ ਦੇ ਰਾਜਾ ਨੇ ਇੱਕ ਦਿਨ ਖਿੜਕੀ ਵਿੱਚੋਂ ਦੀ ਝਾਤੀ ਮਾਰ ਕੇ ਵੇਖਿਆ ਤਾਂ ਵੇਖੋ ਇਸਹਾਕ ਆਪਣੀ ਪਤਨੀ ਰਿਬਕਾਹ ਨਾਲ ਲਾਡ-ਪਿਆਰ ਕਰ ਰਿਹਾ ਹੈ। 9 ਤਦ ਅਬੀਮਲਕ ਨੇ ਇਸਹਾਕ ਨੂੰ ਬੁਲਾ ਕੇ ਆਖਿਆ, ਵੇਖ ਉਹ ਸੱਚ-ਮੁੱਚ ਤੇਰੀ ਪਤਨੀ ਹੈ ਅਤੇ ਤੂੰ ਕਿਉਂ ਆਖਿਆ, ਕਿ ਉਹ ਮੇਰੀ ਭੈਣ ਹੈ? ਇਸਹਾਕ ਨੇ ਉਸ ਨੂੰ ਆਖਿਆ, ਮੈਂ ਇਹ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ। 10 ੧੦ ਅਬੀਮਲਕ ਨੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਇਸ ਤਰ੍ਹਾਂ ਤਾਂ ਲੋਕਾਂ ਵਿੱਚੋਂ ਕੋਈ ਤੇਰੀ ਪਤਨੀ ਦੇ ਸੰਗ ਲੇਟਦਾ ਤਾਂ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ। 11 ੧੧ ਤਦ ਅਬੀਮਲਕ ਨੇ ਸਾਰਿਆਂ ਲੋਕਾਂ ਨੂੰ ਇਹ ਹੁਕਮ ਦਿੱਤਾ ਕਿ ਜੋ ਕੋਈ ਇਸ ਮਨੁੱਖ ਅਤੇ ਇਸ ਦੀ ਪਤਨੀ ਨੂੰ ਹੱਥ ਲਾਵੇਗਾ, ਉਹ ਜ਼ਰੂਰ ਮਾਰਿਆ ਜਾਵੇਗਾ। 12 ੧੨ ਇਸਹਾਕ ਨੇ ਉਸ ਧਰਤੀ ਵਿੱਚ ਬੀਜ ਬੀਜਿਆ ਅਤੇ ਉਸੇ ਸਾਲ ਸੌ ਗੁਣਾ ਫਲ ਪ੍ਰਾਪਤ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। 13 ੧੩ ਸੋ ਉਹ ਵੱਧ ਗਿਆ ਅਤੇ ਵੱਧਦਾ ਚਲਾ ਗਿਆ ਅਤੇ ਉਹ ਅੱਤ ਵੱਡਾ ਮਨੁੱਖ ਹੋ ਗਿਆ। 14 ੧੪ ਉਹ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਬਹੁਤ ਸਾਰੇ ਸੇਵਕਾਂ ਦਾ ਮਾਲਕ ਹੋ ਗਿਆ ਅਤੇ ਫ਼ਲਿਸਤੀ ਉਸ ਤੋਂ ਸੜਨ ਲੱਗੇ। 15 ੧੫ ਇਸ ਲਈ ਸਾਰੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸੇਵਕਾਂ ਨੇ ਉਸ ਦੇ ਜੀਉਂਦੇ ਜੀ ਪੁੱਟੇ ਸਨ, ਫ਼ਲਿਸਤੀਆਂ ਨੇ ਬੰਦ ਕਰ ਦਿੱਤੇ ਅਤੇ ਮਿੱਟੀ ਨਾਲ ਭਰ ਦਿੱਤੇ। 16 ੧੬ ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾ, ਕਿਉਂ ਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ ਹੈਂ। 17 ੧੭ ਤਦ ਇਸਹਾਕ ਉੱਥੋਂ ਚਲਾ ਗਿਆ ਅਤੇ ਗਰਾਰ ਦੀ ਘਾਟੀ ਵਿੱਚ ਆਪਣਾ ਤੰਬੂ ਲਾਇਆ ਅਤੇ ਉੱਥੇ ਰਹਿਣ ਲੱਗਾ। 18 ੧੮ ਤਦ ਇਸਹਾਕ ਨੇ ਪਾਣੀ ਦੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ, ਅਤੇ ਜਿਹੜੇ ਫ਼ਲਿਸਤੀਆਂ ਨੇ ਅਬਰਾਹਾਮ ਦੀ ਮੌਤ ਦੇ ਪਿੱਛੋਂ ਬੰਦ ਕਰ ਦਿੱਤੇ ਸਨ, ਦੁਬਾਰਾ ਪੁੱਟਿਆ ਅਤੇ ਉਸ ਨੇ ਉਨ੍ਹਾਂ ਖੂਹਾਂ ਦੇ ਨਾਮ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ। 19 ੧੯ ਇਸਹਾਕ ਦੇ ਸੇਵਕਾਂ ਨੂੰ ਘਾਟੀ ਵਿੱਚ ਪੁੱਟਦੇ ਹੋਏ, ਸੁੰਬ ਫੁੱਟਦੇ ਪਾਣੀ ਦਾ ਇੱਕ ਖੂਹ ਲੱਭਿਆ। 20 ੨੦ ਤਦ ਗਰਾਰ ਦੇ ਆਜੜੀਆਂ ਨੇ ਇਸਹਾਕ ਦੇ ਆਜੜੀਆਂ ਨੂੰ ਕੌੜੇ ਬਚਨ ਬੋਲੇ ਅਤੇ ਕਿਹਾ, ਇਹ ਪਾਣੀ ਸਾਡਾ ਹੈ। ਉਸ ਨੇ ਉਸ ਖੂਹ ਦਾ ਨਾਮ ਏਸਕ ਰੱਖਿਆ ਕਿਉਂ ਜੋ ਓਹ ਉਸ ਦੇ ਨਾਲ ਝਗੜਦੇ ਸਨ। 21 ੨੧ ਤਦ ਉਨ੍ਹਾਂ ਨੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਦੇ ਵਿਖੇ ਵੀ ਕੌੜੇ ਬਚਨ ਬੋਲੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ ਰੱਖਿਆ। 22 ੨੨ ਤਦ ਉਹ ਉੱਥੋਂ ਅੱਗੇ ਤੁਰ ਪਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਵਿਖੇ ਉਨ੍ਹਾਂ ਨੇ ਕੌੜੇ ਬਚਨ ਨਹੀਂ ਬੋਲੇ, ਇਸ ਲਈ ਉਹ ਨੇ ਉਸ ਖੂਹ ਦਾ ਨਾਮ ਇਹ ਆਖ ਕੇ ਰਹੋਬੋਥ ਰੱਖਿਆ ਕਿ ਹੁਣ ਯਹੋਵਾਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ। ਉਹ ਉੱਥੋਂ ਉਤਾਹਾਂ ਬਏਰਸ਼ਬਾ ਨੂੰ ਗਿਆ, 23 ੨੩ ਉਸੇ ਰਾਤ ਯਹੋਵਾਹ ਨੇ ਉਹ ਨੂੰ ਦਰਸ਼ਣ ਦਿੱਤਾ ਅਤੇ ਆਖਿਆ, ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ। 24 ੨੪ ਨਾ ਡਰ ਕਿਉਂ ਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਤੇ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ। 25 ੨੫ ਇਸ ਲਈ ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਦਾ ਨਾਮ ਪੁਕਾਰਿਆ ਅਤੇ ਉੱਥੇ ਆਪਣਾ ਤੰਬੂ ਖੜ੍ਹਾ ਕੀਤਾ ਅਤੇ ਉੱਥੇ ਇਸਹਾਕ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ। 26 ੨੬ ਤਦ ਅਬੀਮਲਕ ਆਪਣੇ ਮਿੱਤਰ ਅਹੁੱਜ਼ਥ ਅਤੇ ਆਪਣੇ ਸੈਨਾਪਤੀ ਫ਼ੀਕੋਲ ਨੂੰ ਨਾਲ ਲੈ ਕੇ ਗਰਾਰ ਤੋਂ ਉਹ ਦੇ ਕੋਲ ਆਏ। 27 ੨੭ ਪਰ ਇਸਹਾਕ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਮੇਰੇ ਕੋਲ ਆਏ ਹੋ, ਜਦ ਕਿ ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਆਪਣੇ ਵਿੱਚੋਂ ਕੱਢ ਦਿੱਤਾ ਸੀ? 28 ੨੮ ਤਦ ਉਨ੍ਹਾਂ ਨੇ ਆਖਿਆ, ਹੁਣ ਅਸੀਂ ਸਾਫ਼-ਸਾਫ਼ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ ਇਸ ਲਈ ਅਸੀਂ ਸੋਚਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਤੇ ਤੁਹਾਡੇ ਵਿੱਚ ਇੱਕ ਸਮਝੌਤਾ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨ੍ਹੀਏ। 29 ੨੯ ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਤੇ ਤੁਹਾਡੇ ਨਾਲ ਭਲਿਆਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ, ਉਸੇ ਤਰ੍ਹਾਂ ਤੁਸੀਂ ਵੀ ਸਾਡੇ ਨਾਲ ਬੁਰਿਆਈ ਨਾ ਕਰਿਓ। ਹੁਣ ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ। 30 ੩੦ ਤਦ ਉਸ ਨੇ ਉਹਨਾਂ ਦੀ ਦਾਵਤ ਕੀਤੀ ਅਤੇ ਉਨ੍ਹਾਂ ਨੇ ਖਾਧਾ ਪੀਤਾ। 31 ੩੧ ਸਵੇਰੇ ਉੱਠ ਕੇ ਹਰ ਇੱਕ ਨੇ ਆਪਣੇ ਭਰਾ ਨਾਲ ਸਹੁੰ ਖਾਧੀ ਅਤੇ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚਲੇ ਗਏ। 32 ੩੨ ਉਸੇ ਦਿਨ ਇਹ ਹੋਇਆ ਕਿ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਦੇ ਵਿਖੇ ਜਿਹੜਾ ਉਨ੍ਹਾਂ ਪੁੱਟਿਆ ਸੀ, ਉਹ ਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਿਆ ਹੈ। 33 ੩੩ ਤਦ ਉਸ ਨੇ ਉਸ ਖੂਹ ਦਾ ਨਾਮ ਸ਼ਿਬਆਹ ਰੱਖਿਆ। ਇਸ ਕਾਰਨ ਉਸ ਨਗਰ ਦਾ ਨਾਮ ਅੱਜ ਤੱਕ ਬਏਰਸ਼ਬਾ ਹੈ। 34 ੩੪ ਜਦ ਏਸਾਓ ਚਾਲ੍ਹੀ ਸਾਲ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਤੇ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ। 35 ੩੫ ਅਤੇ ਇਹ ਗੱਲ ਇਸਹਾਕ ਅਤੇ ਰਿਬਕਾਹ ਦੇ ਮਨਾਂ ਲਈ ਕੁੜੱਤਣ ਸੀ।

< ਉਤਪਤ 26 >