< ਉਤਪਤ 16 >

1 ਅਬਰਾਮ ਦੀ ਪਤਨੀ ਸਾਰਈ ਦੇ ਕੋਈ ਸੰਤਾਨ ਨਹੀਂ ਸੀ। ਉਹ ਦੇ ਕੋਲ ਇੱਕ ਮਿਸਰੀ ਦਾਸੀ ਸੀ, ਜਿਸ ਦਾ ਨਾਮ ਹਾਜ਼ਰਾ ਸੀ। 2 ਸਾਰਈ ਨੇ ਅਬਰਾਮ ਨੂੰ ਆਖਿਆ, ਵੇਖ, ਯਹੋਵਾਹ ਨੇ ਮੇਰੀ ਕੁੱਖ ਨੂੰ ਬੰਦ ਕਰ ਰੱਖਿਆ ਹੈ। ਕਿਰਪਾ ਕਰਕੇ ਮੇਰੀ ਦਾਸੀ ਕੋਲ ਜਾ, ਸ਼ਾਇਦ ਮੈਂ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ। ਅਬਰਾਮ ਨੇ ਸਾਰਈ ਦੀ ਗੱਲ ਮੰਨ ਲਈ। 3 ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵੱਸਦਿਆਂ ਦੱਸ ਸਾਲ ਹੋ ਗਏ, ਤਦ ਅਬਰਾਮ ਦੀ ਪਤਨੀ ਸਾਰਈ ਨੇ ਆਪਣੀ ਮਿਸਰੀ ਦਾਸੀ ਹਾਜ਼ਰਾ ਨੂੰ ਲੈ ਕੇ ਆਪਣੇ ਪਤੀ ਅਬਰਾਮ ਨੂੰ ਦਿੱਤਾ, ਕਿ ਉਹ ਉਸ ਦੀ ਪਤਨੀ ਹੋਵੇ। 4 ਉਹ ਹਾਜ਼ਰਾ ਕੋਲ ਗਿਆ ਅਤੇ ਉਹ ਗਰਭਵਤੀ ਹੋਈ। ਜਦ ਉਸ ਨੇ ਜਾਣਿਆ ਕਿ ਉਹ ਗਰਭਵਤੀ ਹੈ, ਤਦ ਉਹ ਦੀ ਮਾਲਕਣ ਉਹ ਦੀਆਂ ਅੱਖਾਂ ਵਿੱਚ ਤੁੱਛ ਹੋ ਗਈ। 5 ਸਾਰਈ ਨੇ ਅਬਰਾਮ ਨੂੰ ਆਖਿਆ, ਜੋ ਮੇਰੇ ਨਾਲ ਹੋਇਆ ਉਸਦਾ ਕਾਰਨ ਤੂੰ ਹੈ। ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਜਦ ਉਸ ਨੇ ਜਾਣਿਆ ਕਿ ਉਹ ਗਰਭਵਤੀ ਹੈ ਤਾਂ ਮੇਰੀ ਕਦਰ ਉਹ ਦੀਆਂ ਅੱਖਾਂ ਵਿੱਚ ਘੱਟ ਗਈ। ਇਸ ਲਈ ਯਹੋਵਾਹ ਮੇਰਾ ਅਤੇ ਤੇਰਾ ਨਿਆਂ ਕਰੇ। 6 ਅਬਰਾਮ ਨੇ ਸਾਰਈ ਨੂੰ ਆਖਿਆ, ਵੇਖ, ਤੇਰੀ ਦਾਸੀ ਤੇਰੇ ਵੱਸ ਵਿੱਚ ਹੈ, ਜੋ ਤੇਰੀ ਨਿਗਾਹ ਵਿੱਚ ਚੰਗਾ ਹੈ ਤੂੰ ਉਸ ਨਾਲ ਉਹੀ ਕਰ। ਉਪਰੰਤ ਸਾਰਈ ਨੇ ਉਸ ਨਾਲ ਸਖ਼ਤੀ ਕੀਤੀ ਅਤੇ ਉਹ ਉਸ ਦੇ ਕੋਲੋਂ ਭੱਜ ਗਈ। 7 ਪਰ ਯਹੋਵਾਹ ਦੇ ਦੂਤ ਨੇ ਉਹ ਨੂੰ ਸ਼ੂਰ ਵਾਲੇ ਰਾਹ ਤੇ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ। 8 ਉਸ ਨੇ ਆਖਿਆ, ਹੇ ਹਾਜ਼ਰਾ ਸਾਰਈ ਦੀ ਦਾਸੀ, ਤੂੰ ਕਿੱਥੋਂ ਆਈ ਹੈਂ? ਅਤੇ ਕਿੱਧਰ ਜਾਣਾ ਹੈ? ਤਦ ਉਸ ਨੇ ਆਖਿਆ ਮੈਂ ਆਪਣੀ ਮਾਲਕਣ ਸਾਰਈ ਕੋਲੋਂ ਭੱਜ ਆਈ ਹਾਂ। 9 ਫੇਰ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਆਪਣੀ ਮਾਲਕਣ ਕੋਲ ਮੁੜ ਜਾ ਅਤੇ ਆਪਣੇ ਆਪ ਨੂੰ ਉਸ ਦੇ ਅਧੀਨ ਕਰ ਦੇ। 10 ੧੦ ਯਹੋਵਾਹ ਦੇ ਦੂਤ ਨੇ ਉਹ ਨੂੰ ਇਹ ਵੀ ਆਖਿਆ, ਮੈਂ ਤੇਰੀ ਅੰਸ ਨੂੰ ਐਨਾ ਵਧਾਵਾਂਗਾ ਕਿ ਉਹ ਵਾਧੇ ਦੇ ਕਾਰਨ ਗਿਣੀ ਨਾ ਜਾਵੇਗੀ। 11 ੧੧ ਅਤੇ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਵੇਖ, ਤੂੰ ਗਰਭਵਤੀ ਹੈਂ ਅਤੇ ਪੁੱਤਰ ਜਣੇਂਗੀ। ਤੂੰ ਉਸ ਦਾ ਨਾਮ ਇਸਮਾਏਲ ਰੱਖੀਂ ਕਿਉਂ ਜੋ ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ। 12 ੧੨ ਪਰ ਉਹ ਮਨੁੱਖਾਂ ਵਿੱਚ ਜੰਗਲੀ ਗਧੇ ਜਿਹਾ ਹੋਵੇਗਾ। ਉਹ ਦਾ ਹੱਥ ਹਰ ਇੱਕ ਦੇ ਵਿਰੁੱਧ ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੁੱਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵੱਸੇਗਾ। 13 ੧੩ ਤਦ ਉਸ ਨੇ ਯਹੋਵਾਹ ਦਾ ਨਾਮ ਜੋ ਉਹ ਦੇ ਨਾਲ ਗੱਲਾਂ ਕਰਦਾ ਸੀ, ਅਤਾਏਲਰੋਈ ਰੱਖਿਆ ਕਿ ਉਸ ਨੇ ਆਖਿਆ ਕੀ ਮੈਂ ਉਹ ਨੂੰ ਵੇਖਣ ਦੇ ਮਗਰੋਂ ਵੀ ਜਿਉਂਦੀ ਹਾਂ? 14 ੧੪ ਇਸ ਲਈ ਉਹ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਆਖਦੇ ਹਨ। ਵੇਖੋ ਓਹ ਕਾਦੇਸ਼ ਅਤੇ ਬਰਦ ਦੇ ਵਿਚਕਾਰ ਹੈ। 15 ੧੫ ਹਾਜ਼ਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਹਾਜ਼ਰਾ ਨੇ ਜਨਮ ਦਿੱਤਾ, ਇਸਮਾਏਲ ਰੱਖਿਆ। 16 ੧੬ ਜਦ ਹਾਜ਼ਰਾ ਨੇ ਇਸਮਾਏਲ ਨੂੰ ਜਨਮ ਦਿੱਤਾ ਉਸ ਵੇਲੇ ਅਬਰਾਮ ਦੀ ਉਮਰ ਛਿਆਸੀ ਸਾਲ ਸੀ।

< ਉਤਪਤ 16 >