< ਉਤਪਤ 14 >

1 ਸ਼ਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਏਲਾਮ ਦੇ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ 2 ਕਿ ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ, ਅਮੂਰਾਹ ਦੇ ਰਾਜਾ ਬਿਰਸਾ, ਅਦਮਾਹ ਦੇ ਰਾਜਾ ਸਿਨਾਬ, ਸਬੋਈਮ ਦੇ ਰਾਜਾ ਸਮੇਬਰ ਅਤੇ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਯੁੱਧ ਕੀਤਾ। 3 ਇਹ ਸਾਰੇ ਸਿੱਦੀਮ ਦੀ ਘਾਟੀ ਵਿੱਚ ਜੋ ਖਾਰਾ ਸਮੁੰਦਰ ਹੈ, ਇਕੱਠੇ ਹੋਏ। 4 ਬਾਰਾਂ ਸਾਲ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਰ੍ਹਵੇਂ ਸਾਲ ਵਿੱਚ ਵਿਦਰੋਹੀ ਹੋ ਗਏ। 5 ਚੌਧਵੇਂ ਸਾਲ ਵਿੱਚ ਕਦਾਰਲਾਓਮਰ ਅਤੇ ਉਹ ਰਾਜੇ ਜੋ ਉਹ ਦੇ ਨਾਲ ਆਏ ਸਨ, ਅਤੇ ਉਨ੍ਹਾਂ ਨੇ ਰਫ਼ਾਈਆਂ ਨੂੰ, ਅਸਤਰੋਥ-ਕਰਨਇਮ ਵਿੱਚ ਅਤੇ ਜ਼ੂਜ਼ੀਆਂ ਨੂੰ ਹਾਮ ਵਿੱਚ, ਅਤੇ ਏਮੀਆਂ ਨੂੰ ਸਾਵੇਹ ਕਿਰਯਾਤਾਇਮ ਵਿੱਚ, 6 ਅਤੇ ਹੋਰੀਆਂ ਨੂੰ ਉਨ੍ਹਾਂ ਦੇ ਪਰਬਤ ਸੇਈਰ ਵਿੱਚ ਏਲ-ਪਾਰਾਨ ਤੱਕ, ਜੋ ਉਜਾੜ ਕੋਲ ਹੈ, ਮਾਰਿਆ। 7 ਉਹ ਉੱਥੋਂ ਮੁੜ ਕੇ ਏਨ ਮਿਸਪਾਟ ਅਰਥਾਤ ਕਾਦੇਸ਼ ਨੂੰ ਆਏ ਅਤੇ ਉਨ੍ਹਾਂ ਨੇ ਅਮਾਲੇਕੀਆਂ ਦੇ ਸਾਰੇ ਦੇਸ਼ ਨੂੰ, ਅਤੇ ਅਮੋਰੀਆਂ ਨੂੰ ਵੀ ਜੋ ਹਸਸੋਨ ਤਾਮਾਰ ਵਿੱਚ ਵੱਸਦੇ ਸਨ, ਮਾਰਿਆ। 8 ਤਦ ਸਦੂਮ, ਅਮੂਰਾਹ, ਅਦਮਾਹ, ਸਬੋਈਮ, ਬਲਾ ਅਰਥਾਤ ਸੋਆਰ ਦੇ ਰਾਜੇ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਘਾਟੀ ਵਿੱਚ ਲੜਨ ਲਈ ਕਤਾਰਾਂ ਬੰਨ੍ਹੀਆਂ। 9 ਅਰਥਾਤ ਏਲਾਮ ਦੇ ਰਾਜਾ ਕਦਾਰਲਾਓਮਰ, ਗੋਈਮ ਦੇ ਰਾਜਾ ਤਿਦਾਲ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਇਹਨਾਂ ਚਾਰ ਰਾਜਿਆਂ ਦੇ ਵਿਰੁੱਧ ਉਹਨਾਂ ਪੰਜਾਂ ਨੇ ਕਤਾਰ ਬੰਨ੍ਹੀ। 10 ੧੦ ਸਿੱਦੀਮ ਦੀ ਘਾਟੀ ਵਿੱਚ ਜਿੱਥੇ ਚਿੱਕੜ ਦੇ ਟੋਏ ਹੀ ਟੋਏ ਸਨ, ਸਦੂਮ ਅਤੇ ਅਮੂਰਾਹ ਦੇ ਰਾਜੇ ਭੱਜੇ ਅਤੇ ਉਹਨਾਂ ਵਿੱਚ ਡਿੱਗ ਪਏ ਅਤੇ ਜਿਹੜੇ ਬਚ ਗਏ ਉਹ ਪਰਬਤ ਵੱਲ ਨੂੰ ਭੱਜੇ। 11 ੧੧ ਤਦ ਉਹ ਸਦੂਮ ਅਤੇ ਅਮੂਰਾਹ ਦਾ ਸਾਰਾ ਮਾਲ ਧਨ ਅਤੇ ਉਨ੍ਹਾਂ ਦੀਆਂ ਸਾਰੀਆਂ ਭੋਜਨ ਵਸਤਾਂ ਲੁੱਟ ਕੇ ਚਲੇ ਗਏ। 12 ੧੨ ਉਹ ਅਬਰਾਮ ਦੇ ਭਤੀਜੇ ਲੂਤ ਨੂੰ, ਜੋ ਸਦੂਮ ਵਿੱਚ ਵੱਸਦਾ ਸੀ ਅਤੇ ਉਸ ਦੇ ਮਾਲ ਧਨ ਨੂੰ ਵੀ ਲੁੱਟ ਕੇ ਨਾਲ ਲੈ ਗਏ। 13 ੧੩ ਤਦ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ, ਅਬਰਾਮ ਮਮਰੇ ਅਮੋਰੀ ਜੋ ਅਸ਼ਕੋਲ ਅਤੇ ਆਨੇਰ ਦੇ ਭਰਾ ਸੀ, ਉਸ ਦੇ ਬਲੂਤਾਂ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਸੀ। 14 ੧੪ ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਤੀਜਾ ਬੰਦੀ ਬਣਾ ਲਿਆ ਗਿਆ ਹੈ, ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਜੁਆਨਾਂ ਨੂੰ ਲਿਆ, ਜੋ ਉਸ ਦੇ ਘਰਾਣੇ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਨ੍ਹਾਂ ਦਾ ਪਿੱਛਾ ਕੀਤਾ। 15 ੧੫ ਉਸ ਨੇ ਆਪਣੇ ਜੁਆਨਾਂ ਦੇ ਜੱਥੇ ਬਣਾਏ ਅਤੇ ਰਾਤ ਨੂੰ ਉਨ੍ਹਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ, ਅਤੇ ਹੋਬਾਹ ਤੱਕ ਜਿਹੜਾ ਦੰਮਿਸ਼ਕ ਦੇ ਉੱਤਰ ਵੱਲ ਹੈ, ਉਨ੍ਹਾਂ ਦਾ ਪਿੱਛਾ ਕੀਤਾ। 16 ੧੬ ਉਹ ਸਾਰੇ ਮਾਲ ਧਨ ਨੂੰ, ਅਤੇ ਆਪਣੇ ਭਤੀਜੇ ਲੂਤ ਅਤੇ ਉਸ ਦੇ ਸਾਰੇ ਮਾਲ-ਧਨ ਨੂੰ ਅਤੇ ਇਸਤਰੀਆਂ ਅਤੇ ਸਾਰੇ ਬੰਦੀਆਂ ਨੂੰ ਵੀ ਮੋੜ ਲੈ ਆਇਆ। 17 ੧੭ ਜਦ ਉਹ ਕਦਾਰਲਾਓਮਰ ਅਤੇ ਉਹਨਾਂ ਰਾਜਿਆਂ ਨੂੰ ਜਿਹੜੇ ਉਸ ਦੇ ਨਾਲ ਸਨ ਜਿੱਤ ਕੇ ਮੁੜਿਆ, ਤਦ ਸਦੂਮ ਦਾ ਰਾਜਾ ਸ਼ਾਵੇਹ ਦੀ ਘਾਟੀ ਵਿੱਚ ਜੋ ਬਾਦਸ਼ਾਹੀ ਘਾਟੀ ਵੀ ਅਖਵਾਉਂਦੀ ਹੈ, ਉਸ ਨੂੰ ਮਿਲਣ ਲਈ ਨਿੱਕਲ ਆਇਆ। 18 ੧੮ ਤਦ ਸ਼ਾਲੇਮ ਦਾ ਰਾਜਾ ਮਲਕਿਸਿਦਕ ਰੋਟੀ ਅਤੇ ਮਧ ਲੈ ਆਇਆ, ਉਹ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ। 19 ੧੯ ਉਸ ਨੇ ਇਹ ਆਖ ਕੇ ਅਬਰਾਮ ਨੂੰ ਅਸੀਸ ਦਿੱਤੀ, ਅੱਤ ਮਹਾਨ ਪਰਮੇਸ਼ੁਰ ਦੀ ਵੱਲੋਂ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਅਬਰਾਮ ਮੁਬਾਰਕ ਹੋਵੇ। 20 ੨੦ ਅਤੇ ਮੁਬਾਰਕ ਹੈ ਅੱਤ ਮਹਾਨ ਪਰਮੇਸ਼ੁਰ, ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤਦ ਅਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ। 21 ੨੧ ਤਦ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਹ ਮਾਲ-ਡੰਗਰ ਤਾਂ ਮੈਨੂੰ ਦੇ, ਪਰ ਮਾਲ-ਧਨ ਆਪ ਰੱਖ ਲੈ। 22 ੨੨ ਪਰ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਉਸ ਦੇ ਅੱਗੇ ਪ੍ਰਣ ਕੀਤਾ ਹੈ 23 ੨੩ ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸੱਲੂ ਤੱਕ, ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ, ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ। 24 ੨੪ ਪਰ ਜੋ ਇਨ੍ਹਾਂ ਗੱਭਰੂਆਂ ਨੇ ਖਾ ਲਿਆ ਹੈ, ਅਤੇ ਉਨ੍ਹਾਂ ਦਾ ਹਿੱਸਾ ਜਿਹੜੇ ਮਨੁੱਖ ਮੇਰੇ ਨਾਲ ਗਏ ਸਨ ਅਰਥਾਤ ਆਨੇਰ, ਅਸ਼ਕੋਲ ਅਤੇ ਮਮਰੇ, ਮੈਂ ਵਾਪਿਸ ਨਹੀਂ ਕਰਾਂਗਾ, ਉਹ ਆਪਣਾ-ਆਪਣਾ ਹਿੱਸਾ ਲੈ ਲੈਣ।

< ਉਤਪਤ 14 >