< ਹਿਜ਼ਕੀਏਲ 29 >

1 ਦਸਵੇਂ ਸਾਲ ਦੇ ਦਸਵੇਂ ਮਹੀਨੇ ਦੀ ਬਾਰ੍ਹਾਂ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਤੂੰ ਮਿਸਰ ਦੇ ਰਾਜਾ ਫ਼ਿਰਊਨ ਦੇ ਵਿਰੁੱਧ ਅਤੇ ਉਹ ਦੇ ਅਤੇ ਸਾਰੇ ਮਿਸਰ ਦੇਸ ਦੇ ਵਿਰੁੱਧ ਆਪਣਾ ਮੂੰਹ ਕਰ ਕੇ ਭਵਿੱਖਬਾਣੀ ਕਰ, 3 ਬੋਲ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮਿਸਰ ਦੇ ਰਾਜਾ ਫ਼ਿਰਊਨ, ਵੇਖ, ਮੈਂ ਤੇਰੇ ਵਿਰੁੱਧ ਹਾਂ! ਤੂੰ ਵੱਡਾ ਜਲ ਜੰਤੂ ਹੈਂ, ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟ ਰਹਿੰਦਾ ਹੈ, ਅਤੇ ਆਖਦਾ ਹੈ ਕਿ ਮੇਰਾ ਦਰਿਆ ਨੀਲ ਮੇਰਾ ਹੀ ਹੈ, ਅਤੇ ਮੈਂ ਉਹ ਨੂੰ ਆਪਣੇ ਲਈ ਬਣਾਇਆ ਹੈ। 4 ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿੰਬੇੜ ਦਿਆਂਗਾ, ਨਾਲੇ ਤੈਨੂੰ ਤੇਰਿਆਂ ਦਰਿਆਵਾਂ ਵਿੱਚੋਂ ਬਾਹਰ ਧੂਹ ਕੱਢਾਂਗਾ, ਨਾਲੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਵੀ, ਜਿਹੜੀਆਂ ਤੇਰੀ ਖੱਲ ਉੱਤੇ ਚਿੰਬੜੀਆਂ ਹੋਈਆਂ ਹਨ। 5 ਮੈਂ ਤੈਨੂੰ ਤੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ, ਤੂੰ ਖੁੱਲ੍ਹੇ ਖੇਤ ਵਿੱਚ ਪਿਆ ਰਹੇਂਗਾ, ਤੂੰ ਨਾ ਇੱਕ ਥਾਂ ਕੀਤਾ ਜਾਵੇਂਗਾ ਨਾ ਇਕੱਠਾ ਕੀਤਾ ਜਾਵੇਂਗਾ, ਮੈਂ ਤੈਨੂੰ ਧਰਤੀ ਦੇ ਦਰਿੰਦਿਆਂ ਅਤੇ ਅਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ। 6 ਮਿਸਰ ਦੇ ਸਾਰੇ ਵਾਸੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਇਸ ਲਈ ਕਿ ਉਹ ਇਸਰਾਏਲ ਦੇ ਘਰਾਣੇ ਲਈ ਕੇਵਲ ਕਾਨੇ ਦਾ ਸਹਾਰਾ ਸਨ। 7 ਜਦ ਉਹਨਾਂ ਨੇ ਤੈਨੂੰ ਹੱਥ ਵਿੱਚ ਫੜਿਆ ਤਾਂ ਤੂੰ ਟੁੱਟ ਗਿਆ ਅਤੇ ਉਹਨਾਂ ਸਾਰਿਆਂ ਦੇ ਮੋਢੇ ਫੱਟੜ ਕਰ ਦਿੱਤੇ, ਫੇਰ ਜਦੋਂ ਉਹਨਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੋਟੇ-ਟੋਟੇ ਹੋ ਗਿਆ, ਅਤੇ ਉਹਨਾਂ ਸਾਰਿਆਂ ਦੇ ਲੱਕ ਹਿੱਲ ਗਏ। 8 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ ਇੱਕ ਤਲਵਾਰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਵਿੱਚੋਂ ਆਦਮੀਆਂ ਅਤੇ ਪਸ਼ੂਆਂ ਨੂੰ ਵੱਢ ਸੁੱਟਾਂਗਾ। 9 ਮਿਸਰ ਦੇਸ ਉੱਜੜ ਜਾਵੇਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਕਿਉਂ ਜੋ ਉਹ ਨੇ ਆਖਿਆ ਹੈ ਕਿ ਨਦੀ ਮੇਰੀ ਹੀ ਹੈ ਅਤੇ ਮੈਂ ਹੀ ਉਹ ਨੂੰ ਬਣਾਇਆ ਹੈ। 10 ੧੦ ਇਸ ਲਈ ਵੇਖ, ਮੈਂ ਤੇਰਾ ਅਤੇ ਤੇਰੀਆਂ ਨਦੀਆਂ ਦਾ ਵਿਰੋਧੀ ਹਾਂ ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ। 11 ੧੧ ਕਿਸੇ ਮਨੁੱਖ ਦਾ ਪੈਰ ਉਹ ਦੇ ਵਿੱਚ ਦੀ ਨਾ ਲੰਘੇਗਾ, ਨਾ ਕਿਸੇ ਪਸ਼ੂ ਦਾ ਖੁਰ ਉਹ ਦੇ ਵਿੱਚ ਲੰਘੇਗਾ, ਨਾ ਉਹ ਚਾਲ੍ਹੀ ਸਾਲ ਤੱਕ ਅਬਾਦ ਹੋਵੇਗਾ। 12 ੧੨ ਮੈਂ ਉੱਜੜੇ ਦੇਸਾਂ ਵਿੱਚ ਮਿਸਰ ਦੇਸ ਨੂੰ ਉਜਾੜ ਦਿਆਂਗਾ ਅਤੇ ਉੱਜੜੇ ਹੋਏ ਸ਼ਹਿਰਾਂ ਵਿੱਚ ਉਹ ਦੇ ਸ਼ਹਿਰ ਚਾਲ੍ਹੀ ਸਾਲ ਤੱਕ ਉਜਾੜ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ। 13 ੧੩ ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਚਾਲ੍ਹੀ ਸਾਲ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਲੋਕਾਂ ਵਿੱਚੋਂ ਜਿੱਥੇ ਉਹ ਖਿੱਲਰ ਗਏ ਸਨ, ਫੇਰ ਇਕੱਠਾ ਕਰਾਂਗਾ। 14 ੧੪ ਮੈਂ ਮਿਸਰ ਦੇ ਦੇਸ ਨਿਕਾਲੇ ਵਾਲਿਆਂ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਜਨਮ ਭੂਮੀ ਵਿੱਚ ਅਰਥਾਤ ਪਥਰੋਸ ਦੇ ਦੇਸ ਵਿੱਚ ਮੋੜ ਲਿਆਵਾਂਗਾ ਅਤੇ ਉੱਥੇ ਉਹਨਾਂ ਦਾ ਨਿੱਕਾ ਜਿਹਾ ਰਾਜ ਬਣੇਗਾ 15 ੧੫ ਇਹ ਰਾਜਾਂ ਵਿੱਚੋਂ ਨਿੱਕਾ ਜਿਹਾ ਹੋਵੇਗਾ ਅਤੇ ਫੇਰ ਕੌਮਾਂ ਉੱਤੇ ਆਪਣੇ ਆਪ ਨੂੰ ਉੱਚਾ ਨਾ ਕਰ ਸਕੇਗਾ, ਕਿਉਂ ਜੋ ਮੈਂ ਉਹਨਾਂ ਨੂੰ ਨੀਵਾਂ ਕਰਾਂਗਾ, ਤਾਂ ਜੋ ਫੇਰ ਕੌਮਾਂ ਉੱਪਰ ਹਕੂਮਤ ਨਾ ਕਰਨ 16 ੧੬ ਅਤੇ ਉਹ ਅੱਗੇ ਲਈ ਇਸਰਾਏਲ ਦੇ ਘਰਾਣੇ ਦਾ ਭਰੋਸਾ ਨਹੀਂ ਹੋਵੇਗਾ। ਜਦੋਂ ਉਹ ਉਹਨਾਂ ਦੇ ਅੰਤ ਵੱਲ ਵੇਖਣਗੇ, ਤਾਂ ਉਹਨਾਂ ਦੇ ਪਾਪ ਉਹਨਾਂ ਨੂੰ ਚੇਤੇ ਆਉਣਗੇ ਅਤੇ ਉਹ ਜਾਣਨਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ! 17 ੧੭ ਸਤਾਈਵੇਂ ਸਾਲ ਦੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਵਾਕ ਮੇਰੇ ਕੋਲ ਆਇਆ ਤੇ ਆਖਿਆ ਕਿ 18 ੧੮ ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ। ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਹਨਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ, ਸੂਰ ਤੋਂ ਕੁਝ ਫਲ ਪ੍ਰਾਪਤ ਕੀਤਾ। 19 ੧੯ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦਾ ਦੇਸ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਦੇ ਦਿਆਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ। 20 ੨੦ ਮੈਂ ਮਿਸਰ ਦਾ ਦੇਸ ਉਸ ਸੇਵਾ ਦੇ ਬਦਲੇ ਜੋ ਉਸ ਕੀਤੀ ਉਹ ਨੂੰ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ। 21 ੨੧ ਮੈਂ ਉਸ ਵੇਲੇ ਇਸਰਾਏਲ ਦੇ ਘਰਾਣੇ ਦਾ ਸਿੰਗ ਉਗਾਵਾਂਗਾ ਅਤੇ ਉਹਨਾਂ ਦੇ ਵਿੱਚ ਤੇਰਾ ਮੂੰਹ ਖੋਲ੍ਹਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

< ਹਿਜ਼ਕੀਏਲ 29 >