< ਹਿਜ਼ਕੀਏਲ 24 >

1 ਫੇਰ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬਲ ਦੇ ਰਾਜੇ ਨੇ ਠੀਕ ਇਸੇ ਦਿਨ ਯਰੂਸ਼ਲਮ ਉੱਤੇ ਘੇਰਾ ਪਾਇਆ। 3 ਇਸ ਵਿਦਰੋਹੀ ਘਰਾਣੇ ਦੇ ਲਈ ਇੱਕ ਕਹਾਉਤ ਕਹਿ ਅਤੇ ਤੂੰ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਕੜਾਹਾ ਚੜ੍ਹਾ ਦੇ, ਹਾਂ, ਉਹ ਨੂੰ ਚਾੜ੍ਹ, ਤੇ ਉਸ ਵਿੱਚ ਪਾਣੀ ਭਰ ਦੇ, 4 ਇਹ ਦੇ ਵਿੱਚ ਟੋਟੇ ਇਕੱਠੇ ਕਰ, ਹਰੇਕ ਚੰਗਾ ਟੁੱਕੜਾ ਅਰਥਾਤ ਪੱਟ, ਮੋਢੇ, ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ, 5 ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ, ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ, ਅਤੇ ਚੰਗੀ ਤਰ੍ਹਾਂ ਉਬਾਲ, ਤਾਂ ਜੋ ਉਹ ਦੀਆਂ ਹੱਡੀਆਂ ਉਸ ਵਿੱਚ ਚੰਗੀ ਤਰ੍ਹਾਂ ਉੱਬਲ ਜਾਣ। 6 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਖੂਨੀ ਸ਼ਹਿਰ ਉੱਤੇ ਅਫ਼ਸੋਸ ਅਤੇ ਉਸ ਕੜਾਹੇ ਉੱਤੇ ਜਿਸ ਵਿੱਚ ਜੰਗਾਲ ਲੱਗਾ ਹੈ ਅਤੇ ਉਹ ਦਾ ਜੰਗਾਲ ਲਾਹਿਆ ਨਹੀਂ ਗਿਆ। ਇੱਕ-ਇੱਕ ਟੁੱਕੜਾ ਕਰਕੇ ਉਸ ਵਿੱਚੋਂ ਕੱਢ ਅਤੇ ਉਸ ਉੱਤੇ ਪਰਚੀਆਂ ਨਾ ਪਾਈਆਂ ਜਾਣ। 7 ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ। ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ, ਧਰਤੀ ਤੇ ਨਹੀਂ ਡੋਲ੍ਹਿਆ ਕਿ ਮਿੱਟੀ ਵਿੱਚ ਢੱਕਿਆ ਜਾਏ। 8 ਇਸ ਲਈ ਕਿ ਉਹ ਕਹਿਰ ਨੂੰ ਚੜ੍ਹਾਵੇ, ਤਾਂ ਕਿ ਬਦਲਾ ਲਿਆ ਜਾਵੇ, ਮੈਂ ਉਹ ਦਾ ਲਹੂ ਸੁੱਕੀ ਚੱਟਾਨ ਤੇ ਰੱਖਿਆ, ਤਾਂ ਜੋ ਉਹ ਢੱਕਿਆ ਨਾ ਜਾਵੇ। 9 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਖੂਨੀ ਸ਼ਹਿਰ ਉੱਤੇ ਹਾਏ ਹਾਏ! ਮੈਂ ਵੀ ਵੱਡਾ ਢੇਰ ਲਾਵਾਂਗਾ। 10 ੧੦ ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ, ਮਾਸ ਨੂੰ ਚੰਗੀ ਤਰ੍ਹਾਂ ਉਬਾਲ, ਤਰੀ ਨੂੰ ਸੰਘਣਾ ਕਰ ਅਤੇ ਹੱਡੀਆਂ ਸਾੜੀਆਂ ਜਾਣ। 11 ੧੧ ਤਦ ਉਹ ਨੂੰ ਖ਼ਾਲੀ ਕਰ ਕੇ ਅੰਗਿਆਰਿਆਂ ਤੇ ਰੱਖ, ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ ਅਤੇ ਪਿਘਲ ਜਾਵੇ। ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ ਅਤੇ ਉਹ ਦਾ ਜੰਗਾਲ ਸੜ ਜਾਵੇ। 12 ੧੨ ਉਹ ਸਖ਼ਤ ਮਿਹਨਤ ਤੋਂ ਥੱਕ ਗਈ, ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ। ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ। 13 ੧੩ ਤੇਰੀ ਗੰਦਗੀ ਵਿੱਚ ਲੁੱਚਪੁਣਾ ਹੈ ਕਿਉਂ ਜੋ ਮੈਂ ਤੈਨੂੰ ਸਾਫ਼ ਕਰਨਾ ਚਾਹੁੰਦਾ ਸੀ, ਪਰ ਤੂੰ ਪਾਕ ਹੋਣਾ ਨਹੀਂ ਚਾਹੁੰਦੀ। ਤੂੰ ਆਪਣੀ ਗੰਦਗੀ ਤੋਂ ਫੇਰ ਸਾਫ਼ ਨਹੀਂ ਹੋਵੇਂਗੀ, ਜਦ ਤੱਕ ਕਿ ਮੈਂ ਆਪਣਾ ਕਹਿਰ ਤੇਰੇ ਉੱਤੇ ਪੂਰਾ ਨਾ ਕਰ ਚੁੱਕਾਂ। 14 ੧੪ ਮੈਂ ਯਹੋਵਾਹ ਨੇ ਇਹ ਆਖਿਆ ਹੈ। ਅਜਿਹਾ ਹੋਵੇਗਾ ਅਤੇ ਮੈਂ ਇਹ ਨੂੰ ਕਰਾਂਗਾ, ਮੈਂ ਨਾ ਮੁੜਾਂਗਾ, ਮੈਂ ਨਾ ਛੱਡਾਂਗਾ, ਨਾ ਪਛਤਾਵਾਂਗਾ, ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਉਹ ਤੇਰਾ ਨਿਆਂ ਕਰਨਗੇ, ਪ੍ਰਭੂ ਯਹੋਵਾਹ ਦਾ ਵਾਕ ਹੈ। 15 ੧੫ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 16 ੧੬ ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਤੇਰੀਆਂ ਅੱਖਾਂ ਦੀ ਪ੍ਰੀਤਮਾ ਨੂੰ ਇੱਕ ਹੀ ਸੱਟ ਨਾਲ ਤੇਰੇ ਤੋਂ ਲੈ ਲਵਾਂਗਾ, ਤੂੰ ਨਾ ਸੋਗ ਕਰੀਂ, ਨਾ ਰੋਈਂ ਅਤੇ ਨਾ ਹੰਝੂ ਵਹਾਈਂ। 17 ੧੭ ਚੁੱਪ-ਚੁੱਪੀਤੇ ਹੌਂਕੇ ਭਰੀਂ, ਮੁਰਦੇ ਉੱਤੇ ਨਾ ਰੋਈਂ, ਸਿਰ ਉੱਤੇ ਆਪਣੀ ਪਗੜੀ ਬੰਨ੍ਹੀਂ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ। 18 ੧੮ ਇਸ ਲਈ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮ ਵੇਲੇ ਮੇਰੀ ਪਤਨੀ ਮਰ ਗਈ, ਅਤੇ ਸਵੇਰੇ ਮੈਂ ਉਹੀ ਕੀਤਾ ਜਿਵੇਂ ਮੈਨੂੰ ਹੁਕਮ ਮਿਲਿਆ ਸੀ। 19 ੧੯ ਇਸ ਲਈ ਲੋਕਾਂ ਨੇ ਮੈਨੂੰ ਆਖਿਆ ਕਿ ਜੋ ਤੂੰ ਕਰਦਾ ਹੈਂ, ਸਾਨੂੰ ਨਹੀਂ ਦੱਸੇਂਗਾ ਕਿ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ? 20 ੨੦ ਇਸ ਲਈ ਮੈਂ ਉਹਨਾਂ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 21 ੨੧ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ! ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਲਈ ਪਿਆਰਾ ਹੈ, ਜਿਸ ਲਈ ਤੁਹਾਡੀ ਜਾਨ ਤਰਸਦੀ ਹੈ, ਭਰਿਸ਼ਟ ਕਰਾਂਗਾ ਅਤੇ ਤੁਹਾਡੇ ਪੁੱਤਰਾਂ ਤੇ ਧੀਆਂ ਜਿਹਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ, ਤਲਵਾਰ ਨਾਲ ਡਿੱਗਣਗੇ। 22 ੨੨ ਤੁਸੀਂ ਇਸ ਤਰ੍ਹਾਂ ਹੀ ਕਰੋਗੇ ਜਿਵੇਂ ਮੈਂ ਕੀਤਾ। ਤੁਸੀਂ ਆਪਣੇ ਬੁੱਲ੍ਹਾਂ ਨੂੰ ਨਾ ਢੱਕੋਗੇ ਅਤੇ ਮਨੁੱਖਾਂ ਦੀ ਰੋਟੀ ਨਾ ਖਾਓਗੇ। 23 ੨੩ ਤੁਹਾਡੀਆਂ ਪਗੜੀਆਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਅਤੇ ਨਾ ਤੁਸੀਂ ਸੋਗ ਕਰੋਗੇ, ਪਰ ਆਪਣੇ ਪਾਪਾਂ ਵਿੱਚ ਪਿਘਲਦੇ ਰਹੋਗੇ, ਅਤੇ ਇੱਕ ਦੂਜੇ ਲਈ ਧਾਹਾਂ ਮਾਰੋਗੇ। 24 ੨੪ ਸੋ ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੈ। ਸਾਰਾ ਕੁਝ ਜੋ ਉਸ ਕੀਤਾ, ਤੁਸੀਂ ਵੀ ਕਰੋਗੇ ਅਤੇ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਤੁਸੀਂ ਜਾਣੋਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ! 25 ੨੫ ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਤੋਂ ਉਹਨਾਂ ਦੀ ਸ਼ਕਤੀ, ਖੁਸ਼ੀ ਅਤੇ ਪਰਤਾਪ, ਉਹਨਾਂ ਦੀਆਂ ਅੱਖਾਂ ਦੀ ਪ੍ਰੀਤਮਾ ਅਤੇ ਉਹਨਾਂ ਦੇ ਮਨਮੋਹਣੇ ਧੀਆਂ ਪੁੱਤਰ ਲੈ ਲਵਾਂਗਾ। 26 ੨੬ ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ। 27 ੨੭ ਉਸ ਦਿਨ ਉਸ ਬਚੇ ਹੋਏ ਲਈ ਤੇਰਾ ਮੂੰਹ ਖੁੱਲ੍ਹ ਜਾਵੇਗਾ ਅਤੇ ਤੂੰ ਬੋਲੇਂਗਾ ਅਤੇ ਫੇਰ ਗੂੰਗਾ ਨਾ ਰਹੇਂਗਾ, ਇਸ ਲਈ ਤੂੰ ਉਹਨਾਂ ਲਈ ਇੱਕ ਨਿਸ਼ਾਨ ਹੋਵੇਂਗਾ ਅਤੇ ਉਹ ਜਾਣਗੇ ਕਿ ਮੈਂ ਯਹੋਵਾਹ ਹਾਂ!

< ਹਿਜ਼ਕੀਏਲ 24 >