< ਹਿਜ਼ਕੀਏਲ 17 >

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ। 3 ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਆਰ ਰੁੱਖ ਦੀ ਟੀਸੀ ਲਈ। 4 ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਕਰਨ ਵਾਲੇ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ। 5 ਨਾਲੇ ਉਹ ਉਸ ਧਰਤੀ ਦਾ ਬੀਜ ਵੀ ਲੈ ਗਿਆ ਅਤੇ ਉਹ ਨੂੰ ਉਪਜਾਊ ਖੇਤ ਵਿੱਚ ਬੀਜਿਆ। ਉਸ ਨੇ ਉਹ ਨੂੰ ਬਹੁਤਿਆਂ ਪਾਣੀਆਂ ਦੇ ਕੰਢੇ ਬੇਦ ਦੇ ਰੁੱਖ ਵਾਂਗੂੰ ਲਾਇਆ। 6 ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਬੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆਂ। 7 ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ। 8 ਇਹ ਚੰਗੇ ਖੇਤ ਵਿੱਚ ਬਹੁਤੇ ਪਾਣੀਆਂ ਦੇ ਕੋਲ ਲਾਇਆ ਗਿਆ ਸੀ, ਤਾਂ ਜੋ ਉਸ ਦੀਆਂ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ। 9 ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ। 10 ੧੦ ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ। 11 ੧੧ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 12 ੧੨ ਇਸ ਵਿਦਰੋਹੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਹਨਾਂ ਗੱਲਾਂ ਦਾ ਅਰਥ ਨਹੀਂ ਜਾਣਦੇ? ਉਹਨਾਂ ਨੂੰ ਆਖ ਕਿ ਵੇਖੋ, ਬਾਬਲ ਦੇ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਉਸ ਦੇ ਰਾਜੇ ਨੂੰ ਅਤੇ ਉਸ ਦੇ ਹਾਕਮਾਂ ਨੂੰ ਫੜ੍ਹ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ। 13 ੧੩ ਉਹ ਨੇ ਸ਼ਾਹੀ ਵੰਸ਼ ਵਿੱਚੋਂ ਇੱਕ ਨੂੰ ਲੈ ਕੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ, 14 ੧੪ ਤਾਂ ਜੋ ਉਹ ਰਾਜ ਪੂਰੀ ਤਰ੍ਹਾਂ ਅਧੀਨ ਹੋ ਜਾਵੇ ਅਤੇ ਫਿਰ ਸਿਰ ਨਾ ਚੁੱਕੇ, ਸਗੋਂ ਉਹ ਦੇ ਨੇਮ ਨੂੰ ਕਾਇਮ ਰੱਖ ਕੇ ਖੜਾ ਰਹੇ। 15 ੧੫ ਪਰ ਉਹ ਨੇ ਬਹੁਤ ਸਾਰੇ ਮਨੁੱਖ ਤੇ ਘੋੜੇ ਲੈਣ ਲਈ ਮਿਸਰ ਵਿੱਚ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਵਿਦਰੋਹੀ ਹੋ ਗਿਆ। ਕੀ ਉਹ ਸਫ਼ਲ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਸਕਦਾ ਹੈ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ? 16 ੧੬ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ! ਉਹ ਉਸੇ ਥਾਂ ਜਿੱਥੇ ਉਸ ਰਾਜੇ ਦਾ ਵਾਸ ਹੈ, ਜਿਸ ਨੇ ਉਹ ਨੂੰ ਰਾਜਾ ਬਣਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਜਾਣਿਆ ਅਤੇ ਜਿਹੜਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ। 17 ੧੭ ਨਾ ਫ਼ਿਰਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੁਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ। 18 ੧੮ ਕਿਉਂ ਜੋ ਉਸ ਨੇ ਸਹੁੰ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ। 19 ੧੯ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਮੇਰੀ ਹੀ ਸਹੁੰ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ 20 ੨੦ ਅਤੇ ਮੈਂ ਆਪਣਾ ਜਾਲ਼ ਉਹ ਦੇ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਹ ਨੂੰ ਬਾਬਲ ਲੈ ਆਵਾਂਗਾ ਅਤੇ ਜਿਹੜੀ ਉਸ ਨੇ ਮੇਰੇ ਵਿਰੁੱਧ ਬੇਈਮਾਨੀ ਕੀਤੀ ਹੈ, ਉਹ ਦੀ ਬੇਈਮਾਨੀ ਦੇ ਬਾਰੇ ਉੱਥੇ ਉਸ ਦੇ ਕੋਲੋਂ ਪੁੱਛ-ਗਿੱਛ ਕਰਾਂਗਾ। 21 ੨੧ ਉਹ ਦੇ ਜੱਥੇ ਦੇ ਸਾਰੇ ਭਗੌੜੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੋ ਬਚ ਰਹਿਣਗੇ ਉਹ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰੇ ਜਾਣਗੇ ਭਈ ਤੁਸੀਂ ਜਾਣੋਗੇ, ਕਿ ਮੈਂ ਯਹੋਵਾਹ ਨੇ ਇਹ ਫ਼ਰਮਾਇਆ ਹੈ। 22 ੨੨ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋਟੀ ਤੇ ਲਾਵਾਂਗਾ। 23 ੨੩ ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ। 24 ੨੪ ਖੇਤ ਦੇ ਸਾਰੇ ਰੁੱਖ ਜਾਣਨਗੇ ਕਿ ਮੈਂ ਯਹੋਵਾਹ ਨੇ ਉੱਚੇ ਰੁੱਖ ਨੂੰ ਨਿੱਕਾ ਕੀਤਾ ਅਤੇ ਨਿੱਕੇ ਨੂੰ ਉੱਚਾ ਕੀਤਾ, ਹਰੇ ਰੁੱਖ ਨੂੰ ਸੁਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕੀਤਾ। ਮੈਂ ਯਹੋਵਾਹ ਨੇ ਆਖਿਆ ਅਤੇ ਕਰ ਵਿਖਾਇਆ।

< ਹਿਜ਼ਕੀਏਲ 17 >