< ਹਿਜ਼ਕੀਏਲ 16 >

1 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਨੂੰ ਉਹ ਦੇ ਘਿਣਾਉਣੇ ਕੰਮਾਂ ਦੇ ਬਾਰੇ ਦੱਸ 3 ਅਤੇ ਤੂੰ ਆਖ, ਪ੍ਰਭੂ ਯਹੋਵਾਹ ਯਰੂਸ਼ਲਮ ਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਤੇਰੀ ਜਨਮ ਭੂਮੀ ਕਨਾਨ ਦੀ ਧਰਤੀ ਸੀ। ਤੇਰਾ ਪਿਤਾ ਅਮੋਰੀ ਸੀ ਅਤੇ ਤੇਰੀ ਮਾਤਾ ਹਿੱਤੀ ਸੀ। 4 ਤੇਰਾ ਜਨਮ ਇਸ ਤਰ੍ਹਾਂ ਹੋਇਆ ਕਿ ਜਿਸ ਦਿਨ ਤੂੰ ਜਨਮ ਲਿਆ ਨਾ ਤੇਰਾ ਨਾੜੂ ਕੱਟਿਆ ਗਿਆ, ਨਾ ਤੈਨੂੰ ਪਾਣੀ ਨਾਲ ਨਵ੍ਹਾ ਕੇ ਸਾਫ਼ ਕੀਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਤੂੰ ਪੋਤੜਿਆਂ ਵਿੱਚ ਲਪੇਟੀ ਨਾ ਗਈ। 5 ਕਿਸੇ ਅੱਖ ਨੇ ਤੇਰੇ ਤੇ ਤਰਸ ਨਾ ਕੀਤਾ ਅਤੇ ਮਿਹਰਬਾਨੀ ਨਾ ਕੀਤੀ, ਤਾਂ ਜੋ ਇਹਨਾਂ ਕੰਮਾਂ ਵਿੱਚੋਂ ਤੇਰੇ ਲਈ ਇੱਕ ਵੀ ਕੰਮ ਕੀਤਾ ਜਾਂਦਾ, ਸਗੋਂ ਤੂੰ ਆਪਣੇ ਜਨਮ ਦੇ ਦਿਨ ਬਾਹਰ ਮੈਦਾਨ ਵਿੱਚ ਸੁੱਟ ਦਿੱਤੀ ਗਈ, ਕਿਉਂ ਜੋ ਤੇਰੇ ਤੋਂ ਘਿਰਣਾ ਕਰਦੇ ਸਨ। 6 ਜਦੋਂ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ! 7 ਮੈਂ ਤੈਨੂੰ ਖੇਤ ਦੇ ਪੌਦਿਆਂ ਵਾਂਗੂੰ ਵਧਾਇਆ, ਇਸ ਲਈ ਤੂੰ ਵਧੀ ਅਤੇ ਮੁਟਿਆਰ ਹੋਈ ਅਤੇ ਸੁੰਦਰ ਜੋਬਨ ਵਾਲੀ ਬਣੀ, ਤੇਰੀਆਂ ਛਾਤੀਆਂ ਸੁਡੌਲ ਹੋ ਗਈਆਂ ਅਤੇ ਤੇਰੇ ਵਾਲ਼ ਵਧੇ, ਪਰ ਤੂੰ ਨੰਗੀ ਧੜੰਗੀ ਸੀ। 8 ਫੇਰ ਜਦ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਵੇਖਿਆ, ਤਾਂ ਵੇਖੋ, ਤੇਰੇ ਲਈ ਪ੍ਰੇਮ ਦਾ ਸਮਾਂ ਆ ਗਿਆ ਸੀ। ਇਸ ਲਈ ਮੈਂ ਆਪਣਾ ਕੱਪੜਾ ਤੇਰੇ ਉੱਤੇ ਪਾਇਆ ਅਤੇ ਤੇਰੇ ਨੰਗੇਜ਼ ਨੂੰ ਢੱਕਿਆ, ਹਾਂ, ਸਹੁੰ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ ਅਤੇ ਤੂੰ ਮੇਰੀ ਹੋ ਗਈ, ਪ੍ਰਭੂ ਯਹੋਵਾਹ ਦਾ ਵਾਕ ਹੈ। 9 ਫੇਰ ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਪਰ ਤੇਲ ਮਲਿਆ। 10 ੧੦ ਮੈਂ ਤੈਨੂੰ ਕਸੀਦਾਕਾਰੀ ਵਾਲੇ ਕੱਪੜੇ ਪਵਾਏ ਅਤੇ ਚਮੜੇ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਰੇਸ਼ਮ ਨਾਲ ਢੱਕਿਆ। 11 ੧੧ ਮੈਂ ਤੈਨੂੰ ਗਹਿਣਿਆਂ ਨਾਲ ਸਜਾਇਆ, ਤੇਰੇ ਹੱਥਾਂ ਵਿੱਚ ਕੜੇ ਪਾਏ ਅਤੇ ਤੇਰੇ ਗਲ਼ ਵਿੱਚ ਹਾਰ ਪਾਇਆ। 12 ੧੨ ਮੈਂ ਤੇਰੇ ਨੱਕ ਵਿੱਚ ਨੱਥ ਪਾਈ, ਤੇਰੇ ਕੰਨਾਂ ਵਿੱਚ ਵਾਲੀਆਂ ਪਾਈਆਂ ਅਤੇ ਇੱਕ ਸੁੰਦਰ ਤਾਜ ਤੇਰੇ ਸਿਰ ਉੱਤੇ ਰੱਖਿਆ। 13 ੧੩ ਤੂੰ ਸੋਨੇ, ਚਾਂਦੀ ਨਾਲ ਸੁੰਦਰ ਬਣ ਗਈ ਅਤੇ ਤੇਰੇ ਕੱਪੜੇ ਕਤਾਨੀ, ਰੇਸ਼ਮੀ ਅਤੇ ਕਸੀਦਾਕਾਰੀ ਦੇ ਸਨ ਅਤੇ ਤੂੰ ਮੈਦਾ, ਸ਼ਹਿਦ ਤੇ ਤੇਲ ਖਾਂਦੀ ਸੀ। ਤੂੰ ਬਹੁਤ ਸੁੰਦਰ ਸੀ ਅਤੇ ਤੂੰ ਰਾਣੀ ਬਣ ਗਈ। 14 ੧੪ ਤੇਰੀ ਸੁੰਦਰਤਾ ਦੀ ਚਰਚਾ ਕੌਮਾਂ ਵਿੱਚ ਹੋ ਗਈ ਹੈ ਕਿ ਤੂੰ ਮੇਰੇ ਉਸ ਪਰਤਾਪ ਨਾਲ ਜੋ ਮੈਂ ਤੈਨੂੰ ਬਖ਼ਸ਼ਿਆ ਸੀ, ਸੰਪੂਰਨ ਹੋ ਗਈ, ਪ੍ਰਭੂ ਯਹੋਵਾਹ ਦਾ ਵਾਕ ਹੈ। 15 ੧੫ ਪਰ ਤੂੰ ਆਪਣੀ ਸੁੰਦਰਤਾ ਤੇ ਭਰੋਸਾ ਕੀਤਾ ਅਤੇ ਆਪਣੀ ਮਸ਼ਹੂਰੀ ਕਰਕੇ ਵਿਭਚਾਰ ਕਰਨ ਲੱਗੀ। ਹਰੇਕ ਦੇ ਨਾਲ ਜਿਹੜਾ ਤੇਰੇ ਨੇੜਿਓਂ ਲੰਘਿਆ, ਉਸੇ ਨਾਲ ਤੂੰ ਵਿਭਚਾਰ ਕਰਕੇ ਤੂੰ ਉਸੇ ਦੀ ਹੀ ਬਣ ਗਈ। 16 ੧੬ ਤੂੰ ਆਪਣੇ ਕੱਪੜੇ ਲੈ ਕੇ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਉੱਚੇ ਸਥਾਨਾਂ ਨੂੰ ਸਜਾਇਆ ਅਤੇ ਉਹਨਾਂ ਉੱਚੇ ਸਥਾਨਾਂ ਉੱਤੇ ਅਜਿਹੇ ਵਿਭਚਾਰ ਕੀਤੇ, ਜੋ ਨਾ ਕਦੀ ਹੋਏ ਤੇ ਨਾ ਹੋਣਗੇ। 17 ੧੭ ਤੂੰ ਮੇਰੇ ਸੋਨੇ, ਚਾਂਦੀ ਦੇ ਕੀਮਤੀ ਗਹਿਣਿਆਂ ਤੋਂ ਜੋ ਮੈਂ ਤੈਨੂੰ ਦਿੱਤੇ ਸਨ, ਆਪਣੇ ਲਈ ਮਰਦਾਂ ਦੀਆਂ ਮੂਰਤੀਆਂ ਬਣਾਈਆਂ ਅਤੇ ਉਹਨਾਂ ਨਾਲ ਵਿਭਚਾਰ ਕੀਤਾ। 18 ੧੮ ਕਸੀਦਾਕਾਰੀ ਦੇ ਕੱਪੜੇ ਉਹਨਾਂ ਨੂੰ ਪਵਾਏ ਅਤੇ ਮੇਰਾ ਤੇਲ ਅਤੇ ਧੂਫ਼ ਉਹਨਾਂ ਦੇ ਸਾਹਮਣੇ ਰੱਖਿਆ। 19 ੧੯ ਮੇਰੀ ਰੋਟੀ ਜੋ ਮੈਂ ਤੈਨੂੰ ਦਿੱਤੀ ਅਰਥਾਤ ਮੈਦਾ, ਤੇਲ ਤੇ ਸ਼ਹਿਦ ਜੋ ਮੈਂ ਤੈਨੂੰ ਖੁਆਉਂਦਾ ਸੀ, ਤੂੰ ਉਹਨਾਂ ਦੇ ਸਾਹਮਣੇ ਸੁਗੰਧੀ ਦੇ ਲਈ ਰੱਖਿਆ, ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਇਸੇ ਤਰ੍ਹਾਂ ਹੀ ਹੋਇਆ ਹੈ। 20 ੨੦ ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ? 21 ੨੧ ਕਿ ਤੂੰ ਮੇਰੇ ਪੁੱਤਰਾਂ ਨੂੰ ਵੀ ਵੱਢਿਆ ਅਤੇ ਉਹਨਾਂ ਨੂੰ ਅੱਗ ਦੇ ਵਿੱਚੋਂ ਦੀ ਲੰਘਾਉਣ ਲਈ ਦਿੱਤਾ। 22 ੨੨ ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ। 23 ੨੩ ਇਸ ਤਰ੍ਹਾਂ ਹੋਇਆ ਕਿ ਇਹਨਾਂ ਸਾਰੀਆਂ ਬੁਰਿਆਈਆਂ ਤੋਂ ਬਾਅਦ - ਤੇਰੇ ਉੱਤੇ ਹਾਏ ਹਾਏ! - ਪ੍ਰਭੂ ਯਹੋਵਾਹ ਦਾ ਵਾਕ ਹੈ 24 ੨੪ ਕਿ ਤੂੰ ਆਪਣੇ ਲਈ ਗੁੰਬਦ ਬਣਾਇਆ ਅਤੇ ਹਰੇਕ ਚੌਂਕ ਵਿੱਚ ਉੱਚਾ ਸਥਾਨ ਤਿਆਰ ਕੀਤਾ। 25 ੨੫ ਤੂੰ ਰਾਹ ਦੇ ਹਰ ਖੂੰਜੇ ਉੱਤੇ ਆਪਣਾ ਉੱਚਾ ਸਥਾਨ ਬਣਾਇਆ ਅਤੇ ਆਪਣੀ ਸੁੰਦਰਤਾ ਨੂੰ ਘਿਰਣਾ ਯੋਗ ਕੀਤਾ, ਅਤੇ ਹਰੇਕ ਲੰਘਣ ਵਾਲੇ ਰਾਹੀ ਦੇ ਅੱਗੇ ਤੂੰ ਆਪਣੇ ਪੈਰ ਖਿਲਾਰੇ ਅਤੇ ਆਪਣੇ ਵਿਭਚਾਰ ਨੂੰ ਵਧਾਇਆ। 26 ੨੬ ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ। 27 ੨੭ ਇਸ ਲਈ ਵੇਖ! ਮੈਂ ਤੇਰੇ ਉੱਤੇ ਹੱਥ ਚੁੱਕਿਆ ਅਤੇ ਤੇਰੇ ਭੋਜਨ ਨੂੰ ਘੱਟ ਕਰ ਦਿੱਤਾ। ਤੈਨੂੰ ਤੇਰੀਆਂ ਦੁਸ਼ਮਣ ਫ਼ਲਿਸਤੀਆਂ ਦੀਆਂ ਧੀਆਂ ਦੇ ਅਧੀਨ ਕਰ ਦਿੱਤਾ ਜਿਹੜੀਆਂ, ਤੇਰੇ ਲੁੱਚਪੁਣੇ ਤੋਂ ਸ਼ਰਮਿੰਦਿਆਂ ਹੁੰਦੀਆਂ ਹਨ। 28 ੨੮ ਫੇਰ ਅੱਸ਼ੂਰੀਆਂ ਨਾਲ ਵਿਭਚਾਰ ਕੀਤਾ ਕਿਉਂ ਜੋ ਤੂੰ ਰੱਜਦੀ ਨਹੀਂ ਸੀ, ਹਾਂ, ਤੂੰ ਉਹਨਾਂ ਨਾਲ ਵੀ ਵਿਭਚਾਰ ਕੀਤਾ, ਪਰ ਤੂੰ ਨਾ ਰੱਜੀ। 29 ੨੯ ਤੂੰ ਕਸਦੀਆਂ ਦੇ ਦੇਸ ਤੱਕ ਆਪਣੇ ਵਿਭਚਾਰ ਨੂੰ ਖਿਲਾਰਿਆ ਪਰ ਇਸ ਨਾਲ ਵੀ ਤੂੰ ਨਾ ਰੱਜੀ। 30 ੩੦ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਤੇਰਾ ਮਨ ਕਿੰਨ੍ਹਾਂ ਨਿਰਬਲ ਹੈ ਕਿ ਤੂੰ ਇਹ ਸਭ ਕੁਝ ਕਰਦੀ ਹੈਂ, ਜੋ ਇੱਕ ਬੇਸ਼ਰਮ ਅਤੇ ਵੇਸਵਾ ਦਾ ਕੰਮ ਹੈ। 31 ੩੧ ਇਸ ਲਈ ਕਿ ਤੂੰ ਹਰੇਕ ਸੜਕ ਦੇ ਸਿਰੇ ਤੇ ਆਪਣਾ ਗੁੰਬਦ ਬਣਾਉਂਦੀ ਹੈਂ ਅਤੇ ਹਰੇਕ ਚੌਂਕ ਵਿੱਚ ਆਪਣਾ ਉੱਚਾ ਸਥਾਨ ਤਿਆਰ ਕਰਦੀ ਹੈ, ਤੂੰ ਅਸਲ ਵਿੱਚ ਇੱਕ ਵੇਸਵਾ ਨਹੀਂ ਹੈਂ, ਕਿਉਂ ਜੋ ਆਪਣੇ ਕੰਮ ਲਈ ਖਰਚਾ ਨਹੀਂ ਲੈਂਦੀ। 32 ੩੨ ਤੂੰ ਵਿਭਚਾਰਨ ਇਸਰਤੀ ਹੈਂ, ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ! 33 ੩੩ ਲੋਕ ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਦਿੰਦੇ ਹਨ, ਪਰ ਤੂੰ ਆਪਣੇ ਮਿੱਤਰਾਂ ਨੂੰ ਤੋਹਫ਼ੇ ਅਤੇ ਰਿਸ਼ਵਤ ਦਿੰਦੀ ਹੈਂ, ਤਾਂ ਜੋ ਉਹ ਚੁਫ਼ੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ। 34 ੩੪ ਤੂੰ ਵਿਭਚਾਰ ਵਿੱਚ ਹੋਰਨਾਂ ਔਰਤਾਂ ਦੇ ਵਾਂਗੂੰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈਂ, ਸੋ ਤੂੰ ਓਪਰੀ ਹੈਂ! 35 ੩੫ ਇਸ ਲਈ ਹੇ ਵਿਭਚਾਰਨ! ਤੂੰ ਯਹੋਵਾਹ ਦਾ ਬਚਨ ਸੁਣ 36 ੩੬ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਕਿਉਂਕਿ ਤੂੰ ਆਪਣੀ ਲਾਲਸਾ ਨੂੰ ਵਧਾਇਆ ਅਤੇ ਆਪਣਾ ਨੰਗੇਜ਼ ਆਪਣੇ ਵਿਭਚਾਰ ਦੇ ਕਾਰਨ, ਤੂੰ ਆਪਣੇ ਯਾਰਾਂ ਅੱਗੇ ਖੋਲ੍ਹ ਦਿੱਤਾ ਅਤੇ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੂੰ ਉਹਨਾਂ ਦੇ ਅੱਗੇ ਚੜ੍ਹਾਇਆ, 37 ੩੭ ਇਸ ਲਈ ਵੇਖ, ਮੈਂ ਤੇਰੇ ਸਾਰੇ ਯਾਰਾਂ ਨੂੰ ਜਿਹਨਾਂ ਨਾਲ ਤੂੰ ਸੰਬੰਧ ਬਣਾਏ, ਉਹਨਾਂ ਸਾਰਿਆਂ ਨੂੰ ਜਿਹਨਾਂ ਨੂੰ ਤੂੰ ਪਿਆਰ ਕਰਦੀ ਸੀ ਅਤੇ ਉਹਨਾਂ ਸਾਰਿਆਂ ਨਾਲ ਜਿਹਨਾਂ ਨਾਲ ਤੂੰ ਵੈਰ ਰੱਖਦੀ ਸੀ, ਇਕੱਠਿਆਂ ਕਰਾਂਗਾ, ਮੈਂ ਉਹਨਾਂ ਨੂੰ ਚਾਰੇ ਪਾਸੇ ਤੋਂ ਤੇਰੀ ਵਿਰੋਧਤਾ ਲਈ ਇਕੱਠਿਆਂ ਕਰਾਂਗਾ। ਉਹਨਾਂ ਦੇ ਸਾਹਮਣੇ ਤੇਰਾ ਪੜਦਾ ਖੋਲ੍ਹਾਂਗਾ, ਤਾਂ ਜੋ ਉਹ ਤੇਰੇ ਸਾਰੇ ਨੰਗੇਜ਼ ਨੂੰ ਵੇਖਣ। 38 ੩੮ ਮੈਂ ਤੇਰਾ ਨਿਆਂ ਕਰਾਂਗਾ, ਜਿਵੇਂ ਵਿਭਚਾਰਨ ਔਰਤ ਦਾ ਅਤੇ ਲਹੂ ਵਗਦੀ ਔਰਤ ਦਾ ਨਿਆਂ ਕੀਤਾ ਜਾਂਦਾ ਹੈ ਅਤੇ ਮੈਂ ਕਹਿਰ ਅਤੇ ਅਣਖ ਦਾ ਲਹੂ ਤੇਰੇ ਉੱਤੇ ਲਿਆਵਾਂਗਾ। 39 ੩੯ ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ, ਉਹ ਤੇਰਾ ਗੁੰਬਦ ਢਾਹ ਸੁੱਟਣਗੇ, ਤੇਰੇ ਉੱਚੇ ਸਥਾਨ ਤੋੜ ਦੇਣਗੇ ਅਤੇ ਤੇਰੇ ਕੱਪੜੇ ਲਾਹ ਲੈਣਗੇ, ਨਾਲੇ ਤੇਰੇ ਕੀਮਤੀ ਗਹਿਣੇ ਖੋਹ ਲੈਣਗੇ ਅਤੇ ਤੈਨੂੰ ਨੰਗੀ ਧੜੰਗੀ ਕਰਕੇ ਛੱਡ ਜਾਣਗੇ। 40 ੪੦ ਉਹ ਤੇਰੇ ਵਿਰੁੱਧ ਇੱਕ ਭੀੜ ਚੜ੍ਹਾ ਲਿਆਉਣਗੇ, ਤੈਨੂੰ ਪੱਥਰਾਂ ਨਾਲ ਮਾਰ ਸੁੱਟਣਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵਿੰਨ੍ਹ ਸੁੱਟਣਗੇ। 41 ੪੧ ਉਹ ਤੇਰੇ ਘਰਾਂ ਨੂੰ ਅੱਗ ਨਾਲ ਫੂਕ ਦੇਣਗੇ, ਬਹੁਤ ਸਾਰੀਆਂ ਔਰਤਾਂ ਦੀ ਨਿਗਾਹ ਵਿੱਚ ਤੈਨੂੰ ਸਜ਼ਾ ਦੇਣਗੇ, ਮੈਂ ਤੈਨੂੰ ਵਿਭਚਾਰ ਤੋਂ ਰੋਕ ਦਿਆਂਗਾ ਅਤੇ ਤੂੰ ਫੇਰ ਕਿਸੇ ਹੋਰ ਨੂੰ ਖਰਚੀ ਨਾ ਦੇਵੇਂਗੀ। 42 ੪੨ ਤਦ ਮੇਰਾ ਕਹਿਰ ਤੇਰੇ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੇਰਾ ਕ੍ਰੋਧ ਤੇਰੇ ਉੱਤੋਂ ਹੱਟ ਜਾਵੇਗਾ, ਮੈਂ ਸ਼ਾਂਤੀ ਪਾਵਾਂਗਾ ਅਤੇ ਫੇਰ ਕ੍ਰੋਧ ਨਹੀਂ ਕਰਾਂਗਾ। 43 ੪੩ ਕਿਉਂ ਜੋ ਤੂੰ ਆਪਣੀ ਜੁਆਨੀ ਦੇ ਦਿਨਾਂ ਨੂੰ ਯਾਦ ਨਾ ਕੀਤਾ ਅਤੇ ਇਹਨਾਂ ਸਾਰੀਆਂ ਗੱਲਾਂ ਨਾਲ ਮੈਨੂੰ ਕ੍ਰੋਧਿਤ ਕੀਤਾ, ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਮੈਂ ਤੇਰੇ ਕੁਰਾਹੇ ਪੈਣ ਦਾ ਫਲ ਤੈਨੂੰ ਦਿਆਂਗਾ ਅਤੇ ਤੂੰ ਅੱਗੇ ਲਈ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਲੁੱਚਪੁਣੇ ਨਾਲ ਕਰਦੀ ਹੀ ਨਾ ਜਾਵੇਂਗੀ। 44 ੪੪ ਵੇਖ, ਸਾਰੇ ਕਹਾਉਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ “ਜਿਹੀ ਮਾਂ ਤੇਹੀ ਧੀ।” 45 ੪੫ ਤੂੰ ਆਪਣੀ ਉਸ ਮਾਂ ਦੀ ਧੀ ਹੈਂ, ਜਿਹੜੀ ਆਪਣੇ ਪਤੀ ਅਤੇ ਆਪਣੇ ਬੱਚਿਆਂ ਤੋਂ ਘਿਣ ਕਰਦੀ ਸੀ ਅਤੇ ਤੂੰ ਆਪਣੀਆਂ ਉਹਨਾਂ ਭੈਣਾਂ ਦੀ ਭੈਣ ਹੈਂ, ਜਿਹੜੀਆਂ ਆਪਣੇ ਪਤੀਆਂ ਅਤੇ ਬੱਚਿਆਂ ਤੋਂ ਘਿਣ ਕਰਦੀਆਂ ਸਨ, ਤੇਰੀ ਮਾਂ ਹਿੱਤੀ ਅਤੇ ਤੇਰਾ ਪਿਓ ਅਮੋਰੀ ਸੀ। 46 ੪੬ ਤੇਰੀ ਵੱਡੀ ਭੈਣ ਸਾਮਰਿਯਾ ਹੈ, ਜੋ ਤੇਰੇ ਖੱਬੇ ਪਾਸੇ ਵੱਸਦੀ ਹੈ, ਉਹ ਅਤੇ ਉਹ ਦੀਆਂ ਧੀਆਂ, ਅਤੇ ਤੇਰੀ ਛੋਟੀ ਭੈਣ ਜੋ ਤੇਰੇ ਸੱਜੇ ਪਾਸੇ ਵੱਸਦੀ ਹੈ, ਸਦੂਮ ਅਤੇ ਉਸ ਦੀਆਂ ਧੀਆਂ ਹਨ। 47 ੪੭ ਪਰ ਤੂੰ ਕੇਵਲ ਉਹਨਾਂ ਦੇ ਰਾਹਾਂ ਉੱਤੇ ਨਹੀਂ ਤੁਰ੍ਹੀ ਅਤੇ ਕੇਵਲ ਉਹਨਾਂ ਵਰਗੇ ਘਿਣਾਉਣੇ ਕੰਮ ਨਹੀਂ ਕੀਤੇ, ਜਾਣੋ ਇਹ ਤਾਂ ਇੱਕ ਨਿੱਕੀ ਜਿਹੀ ਗੱਲ ਸੀ, ਸਗੋਂ ਤੂੰ ਉਹਨਾਂ ਨਾਲੋਂ ਆਪਣਿਆਂ ਸਾਰਿਆਂ ਮਾਰਗਾਂ ਵਿੱਚ ਬਹੁਤ ਭੈੜੀ ਨਿੱਕਲੀ। 48 ੪੮ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਕਿ ਤੇਰੀ ਭੈਣ ਸਦੂਮ ਨੇ ਇਸ ਤਰ੍ਹਾਂ ਨਹੀਂ ਕੀਤਾ, ਨਾ ਉਹ ਨੇ, ਨਾ ਉਹਨਾਂ ਦੀਆਂ ਧੀਆਂ ਨੇ, ਜਿਹਾ ਤੂੰ ਅਤੇ ਤੇਰੀਆਂ ਧੀਆਂ ਨੇ ਕੀਤਾ ਹੈ। 49 ੪੯ ਵੇਖ, ਤੇਰੀ ਭੈਣ ਸਦੂਮ ਦਾ ਅਪਰਾਧ ਇਹ ਸੀ ਕਿ ਉਹ ਆਪਣੀਆਂ ਧੀਆਂ ਸਮੇਤ ਘਮੰਡ ਕਰਦੀ, ਬੇਪਰਵਾਹ ਸੀ ਅਤੇ ਬਿਨਾਂ ਚਿੰਤਾ ਤੋਂ ਰਹਿੰਦੀ ਸੀ, ਪਰ ਉਹਨਾਂ ਨੇ ਗ਼ਰੀਬ ਤੇ ਲੋੜਵੰਦ ਨੂੰ ਸਹਾਰਾ ਨਾ ਦਿੱਤਾ। 50 ੫੦ ਉਹ ਹੰਕਾਰਨਾਂ ਸਨ ਅਤੇ ਉਹਨਾਂ ਨੇ ਮੇਰੇ ਸਾਹਮਣੇ ਘਿਣਾਉਣੇ ਕੰਮ ਕੀਤੇ, ਇਸ ਲਈ ਜਦੋਂ ਮੈਂ ਵੇਖਿਆ ਤਾਂ ਉਹਨਾਂ ਨੂੰ ਦੂਰ ਕਰ ਦਿੱਤਾ। 51 ੫੧ ਸਾਮਰਿਯਾ ਨੇ ਤੇਰੇ ਨਾਲੋਂ ਅੱਧੇ ਪਾਪ ਵੀ ਨਹੀਂ ਕੀਤੇ, ਪਰ ਤੂੰ ਉਹਨਾਂ ਦੇ ਨਾਲੋਂ ਬਹੁਤ ਘਿਣਾਉਣੇ ਕੰਮ ਕੀਤੇ ਹਨ, ਇਸ ਲਈ ਤੇਰੇ ਨਾਲੋਂ ਤੇਰੀਆਂ ਭੈਣਾਂ ਨਿਰਦੋਸ਼ੀ ਹਨ। 52 ੫੨ ਇਸ ਲਈ ਤੂੰ ਆਪ ਜੋ ਆਪਣੀਆਂ ਭੈਣਾਂ ਨੂੰ ਦੋਸ਼ਣਾਂ ਦੱਸਦੀ ਹੈਂ, ਇਹਨਾਂ ਪਾਪਾਂ ਦੇ ਕਾਰਨ ਜੋ ਤੂੰ ਕੀਤੇ, ਜੋ ਉਹਨਾਂ ਦੇ ਪਾਪਾਂ ਨਾਲੋਂ ਬਹੁਤ ਘਿਣਾਉਣੇ ਹਨ, ਤੂੰ ਸ਼ਰਮਿੰਦੀ ਹੋ। ਉਹ ਤੇਰੇ ਨਾਲੋਂ ਧਰਮੀ ਹਨ, ਇਸ ਲਈ ਤੂੰ ਸ਼ਰਮਿੰਦੀ ਹੋ ਅਤੇ ਸ਼ਰਮ ਕਰ ਕਿਉਂ ਜੋ ਤੇਰੀਆਂ ਭੈਣਾਂ ਤੇਰੇ ਨਾਲੋਂ ਧਰਮੀ ਜਾਪਦੀਆਂ ਹਨ। 53 ੫੩ ਮੈਂ ਉਹਨਾਂ ਦੀ ਗੁਲਾਮੀ ਨੂੰ ਖ਼ਤਮ ਕਰ ਦਿਆਂਗਾ ਅਰਥਾਤ ਸਦੂਮ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ, ਸਾਮਰਿਯਾ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ ਅਤੇ ਉਹਨਾਂ ਦੇ ਵਿੱਚ ਤੇਰੇ ਗੁਲਾਮਾਂ ਦੀ ਗੁਲਾਮੀ ਨੂੰ, 54 ੫੪ ਤਾਂ ਜੋ ਤੂੰ ਆਪਣੀ ਨਮੋਸ਼ੀ ਆਪ ਚੁੱਕੇ ਅਤੇ ਆਪਣੇ ਸਾਰੇ ਕੰਮਾਂ ਤੋਂ ਸ਼ਰਮਿੰਦੀ ਹੋਵੇ, ਕਿਉਂ ਜੋ ਇਹ ਉਹਨਾਂ ਲਈ ਤਸੱਲੀ ਦਾ ਕਾਰਨ ਹੋਵੇਗਾ। 55 ੫੫ ਤੇਰੀਆਂ ਭੈਣਾਂ ਸਦੂਮ ਅਤੇ ਸਾਮਰਿਯਾ ਆਪਣੀਆਂ-ਆਪਣੀਆਂ ਧੀਆਂ ਸਮੇਤ ਮੁੜ ਪਹਿਲੀ ਹਾਲਤ ਤੇ ਆ ਜਾਣਗੀਆਂ, ਤੂੰ ਅਤੇ ਤੇਰੀਆਂ ਧੀਆਂ ਮੁੜ ਆਪਣੀ ਪਹਿਲੀ ਹਾਲਤ ਤੇ ਆ ਜਾਣਗੀਆਂ। 56 ੫੬ ਤੂੰ ਆਪਣੇ ਘਮੰਡ ਦੇ ਦਿਨਾਂ ਵਿੱਚ ਆਪਣੀ ਭੈਣ ਸਦੂਮ ਦਾ ਨਾਮ ਆਪਣੇ ਮੂੰਹ ਨਾਲ ਨਹੀਂ ਲੈਂਦੀ ਸੀ। 57 ੫੭ ਜਦ ਤੱਕ ਤੇਰੀ ਬੁਰਾਈ ਪਰਗਟ ਨਹੀਂ ਹੋਈ, ਜਦੋਂ ਅਰਾਮ ਦੀਆਂ ਧੀਆਂ ਨੇ ਅਤੇ ਉਹਨਾਂ ਸਾਰੀਆਂ ਨੇ ਜੋ ਉਹਨਾਂ ਦੇ ਆਲੇ-ਦੁਆਲੇ ਸਨ ਤੈਨੂੰ ਨਫ਼ਰਤ ਕੀਤੀ ਅਤੇ ਫ਼ਲਿਸਤੀਆਂ ਦੀਆਂ ਧੀਆਂ ਨੇ ਚਾਰੇ ਪਾਸਿਓਂ ਤੋਂ ਤੈਨੂੰ ਬੁਰਾ ਆਖਿਆ। 58 ੫੮ ਯਹੋਵਾਹ ਦਾ ਵਾਕ ਹੈ, ਤੂੰ ਆਪਣੇ ਲੁੱਚਪੁਣੇ ਨੂੰ ਅਤੇ ਘਿਰਣਾ ਜੋਗ ਕੰਮਾਂ ਨੂੰ ਚੁੱਕਿਆ ਹੈ। 59 ੫੯ ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਤੇਰੇ ਨਾਲ ਇਹੋ ਜਿਹਾ ਵਰਤਾਓ ਕਰਾਂਗਾ ਜਿਹੋ ਜਿਹੇ ਕੰਮ ਤੂੰ ਕੀਤੇ, ਇਸ ਲਈ ਕਿ ਤੂੰ ਨੇਮ ਦੇ ਤੋੜਨ ਵਿੱਚ ਸਹੁੰ ਨੂੰ ਤੁੱਛ ਸਮਝਿਆ, 60 ੬੦ ਤਾਂ ਵੀ ਮੈਂ ਆਪਣੇ ਉਸ ਨੇਮ ਨੂੰ ਜੋ ਤੇਰੀ ਜੁਆਨੀ ਦੇ ਦਿਨਾਂ ਵਿੱਚ ਤੇਰੇ ਨਾਲ ਸੀ, ਚੇਤੇ ਰੱਖਾਂਗਾ ਅਤੇ ਸਦਾ ਦਾ ਨੇਮ ਤੇਰੇ ਨਾਲ ਕਾਇਮ ਕਰਾਂਗਾ। 61 ੬੧ ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ, ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦੀ ਹੋਵੇਂਗੀ ਅਤੇ ਮੈਂ ਉਹਨਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ, ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ ਹੈ। 62 ੬੨ ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ ਅਤੇ ਤੂੰ ਜਾਣੇਗੀ ਕਿ ਯਹੋਵਾਹ ਮੈਂ ਹਾਂ, 63 ੬੩ ਤਾਂ ਜੋ ਤੂੰ ਚੇਤੇ ਕਰਕੇ ਸ਼ਰਮ ਕਰੇਂ ਅਤੇ ਸ਼ਰਮ ਦੇ ਮਾਰੇ ਫੇਰ ਕਦੇ ਆਪਣਾ ਮੂੰਹ ਨਾ ਖੋਲ੍ਹੇਂ, ਜਦੋਂ ਕਿ ਮੈਂ ਸਭੋ ਕੁਝ ਜੋ ਤੂੰ ਕੀਤਾ ਹੈ ਮਾਫ਼ ਕਰ ਦਿਆਂ, ਪ੍ਰਭੂ ਯਹੋਵਾਹ ਦਾ ਵਾਕ ਹੈ।

< ਹਿਜ਼ਕੀਏਲ 16 >