< ਅਸਤਰ 7 >

1 ਰਾਜਾ ਅਤੇ ਹਾਮਾਨ ਰਾਣੀ ਅਸਤਰ ਦੇ ਭੋਜ ਲਈ ਆ ਗਏ। 2 ਰਾਜੇ ਨੇ ਦੂਜੇ ਦਿਨ ਵੀ ਮਧ ਪੀਂਦੇ ਹੋਏ ਅਸਤਰ ਤੋਂ ਫਿਰ ਪੁੱਛਿਆ, “ਹੇ ਰਾਣੀ ਅਸਤਰ, ਤੇਰੀ ਕੀ ਬੇਨਤੀ ਹੈ? ਉਹ ਪੂਰੀ ਕੀਤੀ ਜਾਵੇਗੀ। ਤੂੰ ਕੀ ਮੰਗਦੀ ਹੈਂ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ!” 3 ਅਸਤਰ ਰਾਣੀ ਨੇ ਉੱਤਰ ਦੇ ਕੇ ਕਿਹਾ, “ਹੇ ਰਾਜਾ! ਜੇਕਰ ਤੂੰ ਮੇਰੇ ਤੋਂ ਪ੍ਰਸੰਨ ਹੈਂ, ਅਤੇ ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਮੇਰੀ ਬੇਨਤੀ ਉੱਤੇ ਮੇਰੀ ਜਾਨ ਬਖ਼ਸ਼ੀ ਜਾਵੇ ਅਤੇ ਮੇਰੇ ਮੰਗਣ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ। 4 ਕਿਉਂਕਿ ਮੈਂ ਅਤੇ ਮੇਰੇ ਲੋਕ ਨਾਸ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇਕਰ ਅਸੀਂ ਸਿਰਫ਼ ਦਾਸ-ਦਾਸੀਆਂ ਹੋਣ ਲਈ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਵੈਰੀ ਰਾਜਾ ਦੇ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ!” 5 ਤਦ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਤੋਂ ਪੁੱਛਿਆ, “ਉਹ ਕੌਣ ਹੈ, ਅਤੇ ਕਿੱਥੇ ਹੈ ਜਿਸਨੇ ਆਪਣੇ ਮਨ ਵਿੱਚ ਅਜਿਹਾ ਕਰਨ ਦਾ ਸੋਚਿਆ?” 6 ਅਸਤਰ ਨੇ ਉੱਤਰ ਦਿੱਤਾ, “ਉਹ ਵਿਰੋਧੀ ਅਤੇ ਵੈਰੀ ਇਹੋ ਦੁਸ਼ਟ ਹਾਮਾਨ ਹੈ!” ਤਦ ਹਾਮਾਨ ਰਾਜਾ ਅਤੇ ਰਾਣੀ ਦੇ ਸਾਹਮਣੇ ਡਰ ਗਿਆ। 7 ਅਤੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਮਧ ਪੀਣੀ ਛੱਡ ਕੇ ਉੱਠਿਆ ਅਤੇ ਸ਼ਾਹੀ ਬਾਗ਼ ਵਿੱਚ ਚਲਾ ਗਿਆ ਪਰ ਹਾਮਾਨ ਰਾਣੀ ਅਸਤਰ ਕੋਲ ਆਪਣੀ ਜਾਨ ਬਖ਼ਸ਼ਾਉਣ ਲਈ ਖੜ੍ਹਾ ਹੋ ਗਿਆ, ਕਿਉਂਕਿ ਉਸ ਨੇ ਵੇਖਿਆ ਕਿ ਰਾਜਾ ਨੇ ਮੇਰੀ ਹਾਨੀ ਕਰਨ ਦਾ ਇਰਾਦਾ ਬਣਾ ਲਿਆ ਹੈ। 8 ਜਦੋਂ ਰਾਜਾ ਸ਼ਾਹੀ ਬਾਗ਼ ਤੋਂ ਮਧ ਪੀਣ ਦੇ ਸਥਾਨ ਨੂੰ ਮੁੜ ਕੇ ਆਇਆ, ਤਾਂ ਕੀ ਵੇਖਿਆ ਕਿ ਹਾਮਾਨ ਉਸ ਚੌਂਕੀ ਉੱਤੇ ਜਿਹ ਦੇ ਉੱਤੇ ਅਸਤਰ ਬੈਠੀ ਹੋਈ ਸੀ, ਝੁਕਿਆ ਹੋਇਆ ਸੀ, ਤਦ ਰਾਜਾ ਨੇ ਕਿਹਾ, “ਕੀ ਇਹ ਘਰ ਵਿੱਚ ਮੇਰੇ ਹੀ ਸਾਹਮਣੇ ਰਾਣੀ ਉੱਤੇ ਜ਼ਬਰਦਸਤੀ ਕਰਨਾ ਚਾਹੁੰਦਾ ਹੈ?” ਇਹ ਗੱਲ ਰਾਜਾ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਸਿਪਾਹੀਆਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ। 9 ਫਿਰ ਰਾਜਾ ਦੇ ਸਾਹਮਣੇ ਖੜ੍ਹੇ ਰਹਿਣ ਵਾਲੇ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾ ਨੇ ਰਾਜਾ ਨੂੰ ਕਿਹਾ, “ਮਹਾਰਾਜ! ਹਾਮਾਨ ਦੇ ਘਰ ਪੰਜਾਹ ਹੱਥ ਉੱਚਾ ਫਾਂਸੀ ਲਾਉਣ ਦਾ ਇੱਕ ਥੰਮ੍ਹ ਖੜ੍ਹਾ ਕੀਤਾ ਗਿਆ ਹੈ ਜੋ ਉਸ ਨੇ ਮਾਰਦਕਈ ਦੇ ਲਈ ਬਣਵਾਇਆ ਹੈ, ਜਿਸ ਨੇ ਰਾਜਾ ਦਾ ਭਲਾ ਕੀਤਾ ਸੀ।” ਰਾਜਾ ਨੇ ਕਿਹਾ, “ਇਸ ਨੂੰ ਹੀ ਉਹ ਦੇ ਉੱਤੇ ਚੜ੍ਹਾ ਦਿਉ!” 10 ੧੦ ਤਦ ਹਾਮਾਨ ਉਸੇ ਥੰਮ੍ਹ ਉੱਤੇ ਜਿਹੜਾ ਉਸ ਨੇ ਮਾਰਦਕਈ ਲਈ ਬਣਵਾਇਆ ਸੀ, ਲਟਕਾ ਦਿੱਤਾ ਗਿਆ। ਤਦ ਰਾਜਾ ਦਾ ਗੁੱਸਾ ਸ਼ਾਂਤ ਹੋਇਆ।

< ਅਸਤਰ 7 >