< ਉਪਦੇਸ਼ਕ 4 >

1 ਤਦ ਮੈਂ ਫੇਰ ਮੁੜ ਕੇ ਸਾਰੇ ਹਨੇਰ ਨੂੰ ਵੇਖਿਆ ਜੋ ਸੂਰਜ ਦੇ ਹੇਠ ਹੁੰਦਾ ਹੈ ਅਤੇ ਵੇਖੋ ਸਤਾਇਆਂ ਹੋਇਆਂ ਦੇ ਹੰਝੂ ਵਗਦੇ ਸਨ ਅਤੇ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਉਹਨਾਂ ਉੱਤੇ ਹਨੇਰ ਕਰਨ ਵਾਲੇ ਬਲਵੰਤ ਸਨ ਪਰ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ। 2 ਇਸ ਲਈ ਮੈਂ ਮੁਰਦਿਆਂ ਦੀ ਜੋ ਪਹਿਲਾਂ ਮਰ ਚੁੱਕੇ ਸਨ, ਉਹਨਾਂ ਜੀਉਂਦਿਆਂ ਨਾਲੋਂ ਜੋ ਹੁਣ ਜੀਉਂਦੇ ਹਨ, ਸਰਾਹੁਣਾ ਕੀਤੀ 3 ਪਰ ਦੋਹਾਂ ਨਾਲੋਂ ਜ਼ਿਆਦਾ ਚੰਗਾ ਉਹ ਹੈ ਜੋ ਅਜੇ ਹੋਇਆ ਹੀ ਨਹੀਂ, ਜਿਸ ਨੇ ਹੁਣੇ ਤੱਕ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਵੇਖਿਆ। 4 ਇਸ ਤੋਂ ਬਾਅਦ ਮੈਂ ਸਾਰੀ ਮਿਹਨਤ ਅਤੇ ਸਾਰੀ ਕਾਮਯਾਬੀ ਨੂੰ ਵੇਖਿਆ, ਜੋ ਮਨੁੱਖ ਦੀ ਆਪਣੇ ਗੁਆਂਢੀ ਨਾਲ ਈਰਖਾ ਦੇ ਕਾਰਨ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ। 5 ਮੂਰਖ ਆਪਣੇ ਹੱਥ ਉੱਤੇ ਹੱਥ ਰੱਖਦਾ ਹੈ ਅਤੇ ਆਪਣਾ ਵਿਨਾਸ਼ ਆਪ ਹੀ ਕਰਦਾ ਹੈ । 6 ਸੁੱਖ ਦਾ ਇੱਕ ਮੁੱਠੀ ਭਰ ਉਨ੍ਹਾਂ ਦੋ ਮੁੱਠੀਆਂ ਨਾਲੋਂ ਚੰਗਾ ਹੈ, ਜਿਸ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ। 7 ਤਦ ਮੈਂ ਫੇਰ ਸੂਰਜ ਦੇ ਹੇਠ ਹੋਣ ਵਾਲੇ ਵਿਅਰਥ ਨੂੰ ਵੇਖਿਆ, 8 ਕੋਈ ਤਾਂ ਇਕੱਲਾ ਹੈ ਅਤੇ ਉਸ ਦੇ ਨਾਲ ਕੋਈ ਦੂਜਾ ਨਹੀਂ, ਨਾ ਉਸ ਦਾ ਪੁੱਤਰ ਹੈ ਨਾ ਭਰਾ, ਤਾਂ ਵੀ ਉਹ ਦੇ ਸਾਰੇ ਧੰਦੇ ਦਾ ਅੰਤ ਨਹੀਂ ਅਤੇ ਉਸ ਦੀ ਅੱਖ ਧਨ ਨਾਲ ਨਹੀਂ ਰੱਜਦੀ, ਨਾ ਹੀ ਉਹ ਆਖਦਾ ਹੈ ਕਿ ਮੈਂ ਕਿਸ ਦੇ ਲਈ ਮਿਹਨਤ ਕਰਦਾ ਹਾਂ ਅਤੇ ਆਪਣੀ ਜਿੰਦ ਦੇ ਸੁੱਖ ਨੂੰ ਗੁਆਉਂਦਾ ਹਾਂ? ਇਹ ਵੀ ਵਿਅਰਥ ਅਤੇ ਬੁਰਾ ਕਸ਼ਟ ਹੈ। 9 ਇੱਕ ਨਾਲੋਂ ਦੋ ਚੰਗੇ ਹਨ, ਕਿਉਂ ਜੋ ਉਨ੍ਹਾਂ ਦੀ ਮਿਹਨਤ ਤੋਂ ਚੰਗਾ ਫਲ ਮਿਲਦਾ ਹੈ, 10 ੧੦ ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ, ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ, ਕਿਉਂ ਜੋ ਉਸ ਦੇ ਲਈ ਕੋਈ ਦੂਜਾ ਨਹੀਂ ਜੋ ਉਹ ਨੂੰ ਚੁੱਕ ਕੇ ਖੜ੍ਹਾ ਕਰੇ! 11 ੧੧ ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਉਹ ਗਰਮ ਹੁੰਦੇ ਹਨ ਪਰ ਇਕੱਲਾ ਕਿਸ ਤਰ੍ਹਾਂ ਗਰਮ ਹੋ ਸਕਦਾ ਹੈ? 12 ੧੨ ਜੇ ਕੋਈ ਇੱਕ ਉੱਤੇ ਭਾਰੀ ਪੈ ਜਾਵੇ ਤਾਂ ਉਹ ਦੋਵੇਂ ਉਸ ਦਾ ਸਾਹਮਣਾ ਕਰ ਸਕਦੇ ਹਨ ਅਤੇ ਤੇਹਰੀ ਰੱਸੀ ਛੇਤੀ ਨਹੀਂ ਟੁੱਟਦੀ। 13 ੧੩ ਇੱਕ ਬੁੱਢੇ ਅਤੇ ਮੂਰਖ ਰਾਜਾ ਨਾਲੋਂ, ਜੋ ਸਿੱਖਿਆ ਦੀ ਸਹਾਰਨਾ ਕਰਨਾ ਨਾ ਜਾਣੇ, ਇੱਕ ਦੀਨ ਪਰ ਬੁੱਧਵਾਨ ਜੁਆਨ ਚੰਗਾ ਹੈ, 14 ੧੪ ਭਾਵੇਂ ਉਹ ਕੈਦਖ਼ਾਨੇ ਦੇ ਵਿੱਚੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਰਾਜ ਵਿੱਚ ਗਰੀਬ ਜੰਮਿਆ ਸੀ। 15 ੧੫ ਮੈਂ ਉਹਨਾਂ ਸਾਰੇ ਜੀਉਂਦਿਆਂ ਨੂੰ ਜੋ ਸੂਰਜ ਦੇ ਹੇਠ ਤੁਰਦੇ ਹਨ ਵੇਖਿਆ ਕਿ ਉਸ ਦੂਜੇ ਜੁਆਨ ਨਾਲ ਹੋ ਗਏ, ਜੋ ਉਸ ਦੀ ਥਾਂ ਲੈਣ ਲਈ ਖੜ੍ਹਾ ਹੋਇਆ। 16 ੧੬ ਉਹਨਾਂ ਸਾਰਿਆਂ ਲੋਕਾਂ ਦੀ ਕੋਈ ਹੱਦ ਨਹੀਂ ਜਿਨ੍ਹਾਂ ਉੱਤੇ ਉਹ ਪ੍ਰਧਾਨ ਹੋਇਆ, ਤਾਂ ਵੀ ਜਿਹੜੇ ਉਸ ਤੋਂ ਬਾਅਦ ਹੋਣਗੇ, ਉਹ ਉਸ ਨਾਲ ਖੁਸ਼ ਨਾ ਹੋਣਗੇ। ਸੱਚ-ਮੁੱਚ ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!

< ਉਪਦੇਸ਼ਕ 4 >