< ਉਪਦੇਸ਼ਕ 1 >

1 ਲੁੱਕ ਯਰੂਸ਼ਲਮ ਦੇ ਰਾਜਾ, ਦਾਊਦ ਦੇ ਪੁੱਤਰ ਉਪਦੇਸ਼ਕ ਦੇ ਬਚਨ। 2 ਉਪਦੇਸ਼ਕ ਆਖਦਾ ਹੈ, ਵਿਅਰਥ ਹੀ ਵਿਅਰਥ, ਵਿਅਰਥ ਹੀ ਵਿਅਰਥ, ਸਭ ਕੁਝ ਵਿਅਰਥ ਹੈ! 3 ਆਦਮੀ ਨੂੰ ਉਸ ਸਾਰੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ, ਜੋ ਉਹ ਸੂਰਜ ਦੇ ਹੇਠ ਕਰਦਾ ਹੈ? 4 ਇੱਕ ਪੀੜ੍ਹੀ ਚਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਰਹਿੰਦੀ ਹੈ। 5 ਸੂਰਜ ਚੜ੍ਹਦਾ ਹੈ ਅਤੇ ਸੂਰਜ ਲਹਿੰਦਾ ਹੈ ਅਤੇ ਆਪਣੇ ਉਸ ਸਥਾਨ ਵੱਲ ਤੇਜ਼ੀ ਨਾਲ ਜਾਂਦਾ ਹੈ, ਜਿੱਥੋਂ ਉਹ ਚੜ੍ਹਦਾ ਹੈ। 6 ਪੌਣ ਦੱਖਣ ਵੱਲ ਚਲੀ ਜਾਂਦੀ ਹੈ, ਫੇਰ ਉੱਤਰ ਵੱਲ ਮੁੜ ਪੈਂਦੀ ਹੈ, ਇਹ ਸਦਾ ਘੁੰਮਦੀ ਫਿਰਦੀ ਹੈ ਅਤੇ ਆਪਣੇ ਚੱਕਰ ਅਨੁਸਾਰ ਮੁੜ ਜਾਂਦੀ ਹੈ। 7 ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰਦਾ। ਉਹ ਓਸੇ ਸਥਾਨ ਨੂੰ ਮੁੜ ਜਾਂਦੀਆਂ ਹਨ, ਜਿੱਥੋਂ ਨਦੀਆਂ ਨਿੱਕਲਦੀਆਂ ਹਨ। 8 ਇਹ ਸਾਰੀਆਂ ਗੱਲਾਂ ਥਕਾਉਣ ਵਾਲੀਆਂ ਹਨ, ਮਨੁੱਖ ਇਨ੍ਹਾਂ ਦਾ ਬਿਆਨ ਨਹੀਂ ਕਰ ਸਕਦਾ, ਅੱਖ ਵੇਖਣ ਨਾਲ ਨਹੀਂ ਰੱਜਦੀ ਅਤੇ ਕੰਨ ਸੁਣਨ ਨਾਲ ਨਹੀਂ ਭਰਦਾ। 9 ਜੋ ਹੋਇਆ ਉਹੋ ਫੇਰ ਹੋਵੇਗਾ, ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ ਅਤੇ ਸੂਰਜ ਦੇ ਹੇਠ ਕੋਈ ਗੱਲ ਨਵੀਂ ਨਹੀਂ ਹੈ। 10 ੧੦ ਕੀ ਕੋਈ ਅਜਿਹੀ ਗੱਲ ਹੈ ਜਿਸ ਨੂੰ ਅਸੀਂ ਆਖ ਸਕੀਏ, ਵੇਖੋ, ਇਹ ਨਵੀਂ ਹੈ? ਉਹ ਤਾਂ ਪੁਰਾਣਿਆਂ ਸਮਿਆਂ ਵਿੱਚ ਹੋਈ, ਜੋ ਸਾਡੇ ਨਾਲੋਂ ਪਹਿਲਾਂ ਸਨ। 11 ੧੧ ਪਹਿਲੀਆਂ ਗੱਲਾਂ ਦਾ ਕੁਝ ਚੇਤਾ ਨਹੀਂ ਅਤੇ ਆਉਣ ਵਾਲੀਆਂ ਗੱਲਾਂ ਦਾ ਉਹਨਾਂ ਤੋਂ ਬਾਅਦ ਆਉਣ ਵਾਲਿਆਂ ਨੂੰ ਕੋਈ ਚੇਤਾ ਨਾ ਰਹੇਗਾ। 12 ੧੨ ਮੈਂ ਉਪਦੇਸ਼ਕ ਯਰੂਸ਼ਲਮ ਵਿੱਚ ਇਸਰਾਏਲ ਦਾ ਰਾਜਾ ਸੀ। 13 ੧੩ ਮੈਂ ਆਪਣਾ ਮਨ ਲਾਇਆ ਤਾਂ ਕਿ ਜੋ ਕੁਝ ਅਕਾਸ਼ ਦੇ ਹੇਠ ਹੁੰਦਾ ਹੈ, ਬੁੱਧ ਨਾਲ ਉਸ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ੁਰ ਨੇ ਮਨੁੱਖ ਦੇ ਵੰਸ਼ ਨੂੰ ਵੱਡਾ ਕਸ਼ਟ ਦਿੱਤਾ ਹੈ, ਜਿਸ ਦੇ ਵਿੱਚ ਉਹ ਲੱਗੇ ਰਹਿਣ। 14 ੧੪ ਮੈਂ ਉਹਨਾਂ ਸਾਰਿਆਂ ਕੰਮਾਂ ਨੂੰ ਵੇਖਿਆ ਹੈ ਜੋ ਅਕਾਸ਼ ਦੇ ਹੇਠ ਹੁੰਦੇ ਹਨ ਅਤੇ ਵੇਖੋ, ਸਾਰੇ ਦੇ ਸਾਰੇ ਕੰਮ ਹੀ ਵਿਅਰਥ ਅਤੇ ਹਵਾ ਦਾ ਫੱਕਣਾ ਹਨ! 15 ੧੫ ਜੋ ਟੇਢਾ ਹੈ, ਉਹ ਸਿੱਧਾ ਨਹੀਂ ਬਣ ਸਕਦਾ ਅਤੇ ਜਿਹੜਾ ਹੈ ਹੀ ਨਹੀਂ, ਉਹ ਦਾ ਲੇਖਾ ਨਹੀਂ ਹੋ ਸਕਦਾ। 16 ੧੬ ਮੈਂ ਆਪਣੇ ਮਨ ਨਾਲ ਇਹ ਗੱਲ ਕੀਤੀ ਭਈ ਵੇਖ, ਮੈਂ ਵੱਡਾ ਵਾਧਾ ਕੀਤਾ, ਸਗੋਂ ਉਹਨਾਂ ਸਾਰਿਆਂ ਨਾਲੋਂ ਜੋ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਜ਼ਿਆਦਾ ਬੁੱਧ ਪਾਈ। ਹਾਂ, ਮੇਰੇ ਮਨ ਨੇ ਬਹੁਤ ਬੁੱਧ ਅਤੇ ਗਿਆਨ ਪ੍ਰਾਪਤ ਕੀਤਾ। 17 ੧੭ ਪਰ ਜਦ ਮੈਂ ਆਪਣੇ ਮਨ ਨੂੰ ਬੁੱਧ ਨੂੰ ਜਾਨਣ ਵਿੱਚ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਸਮਝਣ ਵਿੱਚ ਲਾਇਆ ਤਾਂ ਮੈਂ ਸਮਝਿਆ ਕਿ ਇਹ ਵੀ ਹਵਾ ਦਾ ਫੱਕਣਾ ਹੀ ਹੈ! 18 ੧੮ ਜ਼ਿਆਦਾ ਬੁੱਧ ਨਾਲ ਜ਼ਿਆਦਾ ਚਿੰਤਾ ਹੁੰਦੀ ਹੈ ਅਤੇ ਜਿਹੜਾ ਗਿਆਨ ਵਧਾਉਂਦਾ ਹੈ, ਉਹ ਸਿਰ ਦਰਦੀ ਵਧਾਉਂਦਾ ਹੈ।

< ਉਪਦੇਸ਼ਕ 1 >