< ਬਿਵਸਥਾ ਸਾਰ 15 >

1 “ਹਰੇਕ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਛੁਟਕਾਰਾ ਦਿਆ ਕਰੋ। 2 ਛੁਟਕਾਰੇ ਦਾ ਤਰੀਕਾ ਇਹ ਹੈ, ਹਰ ਲੈਣਦਾਰ ਆਪਣਾ ਉਹ ਕਰਜ਼ ਜਿਹੜਾ ਉਸ ਨੇ ਆਪਣੇ ਗੁਆਂਢੀ ਨੂੰ ਉਧਾਰ ਦਿੱਤਾ ਸੀ, ਛੱਡ ਦੇਵੇ। ਉਹ ਆਪਣੇ ਗੁਆਂਢੀ ਅਤੇ ਆਪਣੇ ਭਰਾ ਤੋਂ ਵਸੂਲੀ ਨਾ ਕਰੇ ਕਿਉਂ ਜੋ ਯਹੋਵਾਹ ਦੇ ਨਾਮ ਤੋਂ ਛੁਟਕਾਰੇ ਦੀ ਘੋਸ਼ਣਾ ਕੀਤੀ ਗਈ ਹੈ। 3 ਪਰਦੇਸੀ ਤੋਂ ਤੁਸੀਂ ਵਸੂਲੀ ਕਰ ਸਕਦੇ ਹੋ ਪਰ ਤੁਹਾਡਾ ਜੋ ਕੁਝ ਤੁਹਾਡੇ ਭਰਾ ਕੋਲ ਹੋਵੇ, ਉਹ ਤੁਸੀਂ ਆਪਣੇ ਆਪ ਛੱਡ ਦਿਓ। 4 ਤਦ ਤੁਹਾਡੇ ਵਿੱਚੋਂ ਕੋਈ ਕੰਗਾਲ ਨਾ ਰਹੇਗਾ ਕਿਉਂ ਜੋ ਯਹੋਵਾਹ ਤੁਹਾਨੂੰ ਉਸ ਦੇਸ਼ ਵਿੱਚ ਬਰਕਤ ਦੇਵੇਗਾ, ਜਿਹੜਾ ਉਹ ਤੁਹਾਨੂੰ ਅਧਿਕਾਰ ਕਰਨ ਲਈ ਵਿਰਾਸਤ ਵਿੱਚ ਦੇਣ ਵਾਲਾ ਹੈ। 5 ਪਰ ਜ਼ਰੂਰੀ ਹੈ ਕਿ ਤੁਸੀਂ ਮਨ ਲਾ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋ ਅਤੇ ਇਸ ਸਾਰੇ ਹੁਕਮਨਾਮੇ ਨੂੰ ਪੂਰਾ ਕਰਕੇ ਇਸ ਦੀ ਪਾਲਣਾ ਕਰੋ, ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ। 6 ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣੇ ਬਚਨ ਅਨੁਸਾਰ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਹਾਨੂੰ ਕਿਸੇ ਤੋਂ ਕਰਜ਼ ਲੈਣਾ ਨਾ ਪਵੇਗਾ। ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਉਹ ਤੁਹਾਡੇ ਉੱਤੇ ਰਾਜ ਨਾ ਕਰਨਗੀਆਂ। 7 “ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਉਸ ਦੇ ਕਿਸੇ ਵੀ ਫਾਟਕ ਦੇ ਅੰਦਰ ਜੇਕਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਕੋਲ ਕੋਈ ਕੰਗਾਲ ਹੋਵੇ ਤਾਂ ਤੁਸੀਂ ਆਪਣੇ ਕੰਗਾਲ ਭਰਾ ਲਈ ਆਪਣਾ ਮਨ ਕਠੋਰ ਨਾ ਕਰਿਓ ਅਤੇ ਨਾ ਹੀ ਆਪਣਾ ਹੱਥ ਰੋਕਿਓ, 8 ਪਰ ਤੁਸੀਂ ਆਪਣੇ ਹੱਥ ਉਸ ਦੇ ਲਈ ਜ਼ਰੂਰ ਹੀ ਖੁੱਲ੍ਹੇ ਰੱਖਿਓ ਅਤੇ ਉਸ ਨੂੰ ਉਸ ਦੀ ਲੋੜ ਅਨੁਸਾਰ ਜ਼ਰੂਰ ਹੀ ਉਧਾਰ ਦਿਓ। 9 ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਵਿੱਚ ਕੋਈ ਨਿਕੰਮਾ ਵਿਚਾਰ ਆ ਜਾਵੇ ਕਿ ਸੱਤਵਾਂ ਸਾਲ ਅਰਥਾਤ ਛੁਟਕਾਰੇ ਦਾ ਸਾਲ ਨੇੜੇ ਹੈ, ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਕੁਝ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਹੋਵਾਹ ਦੇ ਅੱਗੇ ਫ਼ਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਠਹਿਰੇ। 10 ੧੦ ਤੁਸੀਂ ਜ਼ਰੂਰ ਹੀ ਉਸ ਨੂੰ ਦਿਓ ਅਤੇ ਉਸ ਨੂੰ ਦਿੰਦੇ ਹੋਏ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਕਿਉਂ ਜੋ ਇਸੇ ਗੱਲ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਹੱਥ ਦੇ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ। 11 ੧੧ ਕੰਗਾਲ ਤਾਂ ਦੇਸ਼ ਵਿੱਚ ਹਮੇਸ਼ਾ ਹੀ ਰਹਿਣਗੇ, ਇਸ ਕਾਰਨ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਦੇਸ਼ ਵਿੱਚ ਆਪਣੇ ਲੋੜਵੰਦ ਅਤੇ ਕੰਗਾਲ ਭਰਾਵਾਂ ਲਈ ਆਪਣਾ ਹੱਥ ਜ਼ਰੂਰ ਹੀ ਖੁੱਲ੍ਹਾ ਰੱਖਿਓ। 12 ੧੨ “ਜੇਕਰ ਤੁਹਾਡਾ ਇਬਰਾਨੀ ਭਰਾ ਜਾਂ ਕੋਈ ਇਬਰਾਨਣ ਤੁਹਾਡੇ ਕੋਲ ਵੇਚੀ ਜਾਵੇ ਅਤੇ ਉਹ ਛੇ ਸਾਲ ਤੱਕ ਤੁਹਾਡੀ ਸੇਵਾ ਕਰੇ ਤਾਂ ਸੱਤਵੇਂ ਸਾਲ ਵਿੱਚ ਤੁਸੀਂ ਉਸ ਨੂੰ ਆਪਣੇ ਕੋਲੋਂ ਅਜ਼ਾਦ ਕਰ ਦੇਣਾ। 13 ੧੩ ਜਦ ਤੁਸੀਂ ਉਸ ਨੂੰ ਅਜ਼ਾਦ ਕਰਕੇ ਆਪਣੇ ਕੋਲੋਂ ਭੇਜੋ ਤਾਂ ਉਸ ਨੂੰ ਖਾਲੀ ਹੱਥ ਨਾ ਭੇਜਿਓ, 14 ੧੪ ਸਗੋਂ ਆਪਣੇ ਇੱਜੜ, ਪਿੜ ਅਤੇ ਦਾਖ਼ਰਸ ਦੇ ਕੋਹਲੂ ਵਿੱਚੋਂ ਦਿਲ ਖੋਲ੍ਹ ਕੇ ਉਸ ਨੂੰ ਦਿਓ। ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ, ਉਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਦਿਓ। 15 ੧੫ ਯਾਦ ਰੱਖੋ, ਤੁਸੀਂ ਵੀ ਮਿਸਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਛੁਟਕਾਰਾ ਦਿੱਤਾ, ਇਸ ਲਈ ਮੈਂ ਅੱਜ ਤੁਹਾਨੂੰ ਇਸ ਗੱਲ ਦਾ ਹੁਕਮ ਦਿੰਦਾ ਹਾਂ। 16 ੧੬ ਪਰ ਜੇਕਰ ਉਹ ਤੁਹਾਨੂੰ ਆਖੇ, ਮੈਂ ਤੇਰੇ ਕੋਲੋਂ ਨਹੀਂ ਜਾਂਵਾਂਗਾ ਕਿਉਂ ਜੋ ਤੁਹਾਡੇ ਨਾਲ ਅਤੇ ਤੁਹਾਡੇ ਘਰਾਣੇ ਨਾਲ ਪ੍ਰੇਮ ਕਰਦਾ ਹੈ ਅਤੇ ਤੁਹਾਡੇ ਨਾਲ ਖੁਸ਼ੀ ਨਾਲ ਰਹਿੰਦਾ ਹੈ, 17 ੧੭ ਤਾਂ ਤੁਸੀਂ ਆਰ ਲੈ ਕੇ ਉਸ ਦੇ ਕੰਨ ਨੂੰ ਚੁਗਾਠ ਨਾਲ ਵਿੰਨ੍ਹ ਦੇਣਾ, ਤਾਂ ਉਹ ਸਦਾ ਲਈ ਤੁਹਾਡਾ ਦਾਸ ਬਣ ਜਾਵੇਗਾ, ਤੁਸੀਂ ਆਪਣੀ ਦਾਸੀ ਨਾਲ ਵੀ ਅਜਿਹਾ ਹੀ ਕਰਨਾ। 18 ੧੮ ਜਦ ਤੁਸੀਂ ਉਸ ਨੂੰ ਆਪਣੇ ਕੋਲੋਂ ਅਜ਼ਾਦ ਕਰਕੇ ਭੇਜ ਦਿਓ, ਤਾਂ ਉਸ ਨੂੰ ਛੱਡਣਾ ਤੁਹਾਨੂੰ ਬਹੁਤਾ ਔਖਾ ਨਾ ਲੱਗੇ, ਕਿਉਂ ਜੋ ਉਸ ਨੇ ਛੇ ਸਾਲਾਂ ਤੱਕ ਮਜ਼ਦੂਰ ਦੀ ਦੁੱਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਹੈ। ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ। 19 ੧੯ “ਤੁਸੀਂ ਆਪਣੇ ਚੌਣੇ ਅਤੇ ਇੱਜੜ ਦੇ ਜੰਮੇ ਹੋਏ ਸਾਰੇ ਪਹਿਲੌਠੇ ਨਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਵਿੱਤਰ ਰੱਖੋ, ਤੁਸੀਂ ਆਪਣੇ ਚੌਣੇ ਦੇ ਕਿਸੇ ਪਹਿਲੌਠੇ ਤੋਂ ਕੋਈ ਕੰਮ ਨਾ ਲੈਣਾ ਅਤੇ ਨਾ ਹੀ ਆਪਣੇ ਇੱਜੜ ਦੇ ਕਿਸੇ ਪਹਿਲੌਠੇ ਦੀ ਉੱਨ ਕਤਰਨਾ। 20 ੨੦ ਤੁਸੀਂ ਅਤੇ ਤੁਹਾਡਾ ਘਰਾਣਾ ਉਸ ਨੂੰ ਸਾਲ ਦੇ ਸਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਖਾਵੇ, ਜਿਹੜਾ ਯਹੋਵਾਹ ਚੁਣੇਗਾ, 21 ੨੧ ਪਰ ਜੇਕਰ ਉਸ ਵਿੱਚ ਕੋਈ ਦੋਸ਼ ਹੋਵੇ ਅਰਥਾਤ ਉਹ ਲੰਗੜਾ ਜਾਂ ਅੰਨ੍ਹਾ ਹੋਵੇ ਜਾਂ ਕੋਈ ਹੋਰ ਬੁਰਾ ਦੋਸ਼ ਹੋਵੇ ਤਾਂ ਤੁਸੀਂ ਉਸ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਨਾ ਚੜ੍ਹਾਇਓ। 22 ੨੨ ਤੁਸੀਂ ਉਸ ਨੂੰ ਆਪਣੇ ਫਾਟਕਾਂ ਦੇ ਅੰਦਰ ਖਾਇਓ। ਅਸ਼ੁੱਧ ਅਤੇ ਸ਼ੁੱਧ ਦੋਵੇਂ ਮਨੁੱਖ ਜਿਵੇਂ ਚਿਕਾਰਾ ਅਤੇ ਹਿਰਨ ਦਾ ਮਾਸ ਖਾਂਦੇ ਹਨ, ਉਸ ਨੂੰ ਵੀ ਖਾ ਸਕਦੇ ਹਨ। 23 ੨੩ ਪਰ ਤੁਸੀਂ ਉਸ ਨੂੰ ਲਹੂ ਸਮੇਤ ਨਾ ਖਾਇਓ, ਸਗੋਂ ਉਸ ਦੇ ਲਹੂ ਨੂੰ ਪਾਣੀ ਵਾਂਗੂੰ ਧਰਤੀ ਉੱਤੇ ਡੋਲ੍ਹ ਦਿਓ।”

< ਬਿਵਸਥਾ ਸਾਰ 15 >