< ਬਿਵਸਥਾ ਸਾਰ 1 >

1 ਇਹ ਉਹ ਬਚਨ ਹਨ ਜਿਹੜੇ ਮੂਸਾ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰ ਉਜਾੜ ਵਿੱਚ ਆਖੇ, ਜੋ ਸੂਫ ਦੇ ਸਾਹਮਣੇ ਦੇ ਅਰਾਬਾਹ ਵਿੱਚ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ। 2 ਹੋਰੇਬ ਤੋਂ ਕਾਦੇਸ਼-ਬਰਨੇਆ ਤੱਕ ਸੇਈਰ ਪਰਬਤ ਦਾ ਗਿਆਰ੍ਹਾਂ ਦਿਨ ਦਾ ਸਫ਼ਰ ਹੈ। 3 ਅਜਿਹਾ ਹੋਇਆ ਕਿ ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੂਸਾ ਨੇ ਇਸਰਾਏਲੀਆਂ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ, ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਉਨ੍ਹਾਂ ਦੇ ਲਈ ਹੁਕਮ ਦਿੱਤਾ ਸੀ, 4 ਅਰਥਾਤ ਜਦ ਮੂਸਾ ਨੇ ਅਮੋਰੀਆਂ ਦੇ ਰਾਜਾ ਸੀਹੋਨ ਨੂੰ ਜਿਹੜਾ ਹਸ਼ਬੋਨ ਦਾ ਵਾਸੀ ਸੀ ਅਤੇ ਬਾਸ਼ਾਨ ਦੇ ਰਾਜਾ ਓਗ ਨੂੰ ਜਿਹੜਾ ਅਸ਼ਤਾਰੋਥ ਦਾ ਵਾਸੀ ਸੀ, ਅਦਰਈ ਵਿੱਚ ਮਾਰ ਦਿੱਤਾ, 5 ਤਦ ਯਰਦਨ ਦੇ ਪਾਰ ਮੋਆਬ ਦੇ ਦੇਸ਼ ਵਿੱਚ ਮੂਸਾ ਬਿਵਸਥਾ ਦੀ ਵਿਆਖਿਆ ਇਸ ਤਰ੍ਹਾਂ ਕਰਨ ਲੱਗਾ, 6 “ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿੱਚ ਸਾਨੂੰ ਕਿਹਾ ਸੀ, ਤੁਹਾਨੂੰ ਇਸ ਪਰਬਤ ਵਿੱਚ ਰਹਿੰਦੇ ਹੋਏ ਬਹੁਤ ਦਿਨ ਹੋ ਗਏ ਹਨ, 7 ਇਸ ਲਈ ਹੁਣ ਤੁਸੀਂ ਇੱਥੋਂ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਨੂੰ ਅਤੇ ਅਰਾਬਾਹ ਦੇ ਨੇੜੇ-ਤੇੜੇ ਦੇ ਸਥਾਨਾਂ ਵਿੱਚ, ਪਹਾੜੀ ਦੇਸ਼ ਵਿੱਚ, ਮੈਦਾਨ ਵਿੱਚ, ਦੱਖਣ ਵੱਲ ਅਤੇ ਸਮੁੰਦਰ ਦੇ ਕੰਢਿਆਂ ਉੱਤੇ, ਲਬਾਨੋਨ ਪਰਬਤ ਵਿੱਚ ਅਤੇ ਵੱਡੇ ਦਰਿਆ ਫ਼ਰਾਤ ਤੱਕ ਰਹਿਣ ਵਾਲੇ ਕਨਾਨੀਆਂ ਦੇ ਦੇਸ਼ ਵਿੱਚ ਚਲੇ ਜਾਓ। 8 ਵੇਖੋ, ਮੈਂ ਇਸ ਦੇਸ਼ ਨੂੰ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਜਿਸ ਦੇਸ਼ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਦੇ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿ ਮੈਂ ਇਸ ਦੇਸ਼ ਨੂੰ ਤੁਹਾਨੂੰ ਅਤੇ ਤੁਹਾਡੇ ਬਾਅਦ ਤੁਹਾਡੇ ਵੰਸ਼ ਨੂੰ ਦਿਆਂਗਾ, ਇਸ ਲਈ ਜਾਓ ਅਤੇ ਇਸ ਦੇਸ਼ ਨੂੰ ਆਪਣੇ ਅਧੀਨ ਕਰ ਲਓ।” 9 ਫਿਰ ਉਸੇ ਸਮੇਂ ਮੈਂ ਤੁਹਾਨੂੰ ਕਿਹਾ, “ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ, 10 ੧੦ ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਇਸ ਹੱਦ ਤੱਕ ਵਧਾਇਆ ਹੈ ਕਿ ਵੇਖੋ, ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗੂੰ ਹੋ ਗਏ ਹੋ। 11 ੧੧ ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ। 12 ੧੨ ਮੈਂ ਇਕੱਲਾ ਕਿਵੇਂ ਤੁਹਾਡੀਆਂ ਮੁਸੀਬਤਾਂ, ਤੁਹਾਡਾ ਭਾਰ ਅਤੇ ਤੁਹਾਡਾ ਕੁੜਕੁੜਾਉਣਾ ਸਹਿਣ ਕਰਾਂ? 13 ੧੩ ਤੁਸੀਂ ਆਪਣੇ ਵਿੱਚੋਂ ਬੁੱਧਵਾਨ, ਸਿਆਣੇ ਅਤੇ ਗਿਆਨ ਰੱਖਣ ਵਾਲੇ ਮਨੁੱਖ ਗੋਤਾਂ ਅਨੁਸਾਰ ਚੁਣ ਲਓ ਤਾਂ ਜੋ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਠਹਿਰਾਵਾਂ।” 14 ੧੪ ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, “ਇਹ ਚੰਗੀ ਗੱਲ ਹੈ, ਜਿਹੜੀ ਤੂੰ ਸਾਨੂੰ ਕਰਨ ਲਈ ਆਖੀ ਹੈ।” 15 ੧੫ ਇਸ ਲਈ ਮੈਂ ਤੁਹਾਡੇ ਗੋਤਾਂ ਦੇ ਪ੍ਰਧਾਨਾਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਗਿਆਨੀ ਮਨੁੱਖ ਸਨ ਅਤੇ ਤੁਹਾਡੇ ਉੱਤੇ ਪ੍ਰਧਾਨ ਠਹਿਰਾਇਆ ਅਰਥਾਤ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ, ਨਾਲ ਹੀ ਤੁਹਾਡੇ ਗੋਤਾਂ ਦੇ ਆਗੂਆਂ ਨੂੰ ਵੀ ਲਿਆ। 16 ੧੬ ਉਸੇ ਵੇਲੇ ਮੈਂ ਤੁਹਾਡੇ ਨਿਆਂਈਆਂ ਨੂੰ ਹੁਕਮ ਦੇ ਕੇ ਆਖਿਆ, “ਆਪਣੇ ਭਰਾਵਾਂ ਦੇ ਵਿਚਕਾਰਲੇ ਝਗੜੇ ਸੁਣੋ ਅਤੇ ਮਨੁੱਖ ਅਤੇ ਉਸ ਦੇ ਭਰਾ ਦਾ ਅਤੇ ਉਸ ਪਰਦੇਸੀ ਦਾ ਜਿਹੜਾ ਤੁਹਾਡੇ ਵਿੱਚ ਰਹਿੰਦਾ ਹੈ, ਧਰਮ ਨਾਲ ਨਿਆਂ ਕਰੋ। 17 ੧੭ ਨਿਆਂ ਕਰਨ ਦੇ ਵੇਲੇ ਕਿਸੇ ਦਾ ਪੱਖਪਾਤ ਨਾ ਕਰਿਓ। ਤੁਸੀਂ ਵੱਡੇ-ਛੋਟੇ ਦੀ ਗੱਲ ਨੂੰ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ, ਕਿਉਂ ਜੋ ਨਿਆਂ ਪਰਮੇਸ਼ੁਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਹੁਤ ਔਖੀ ਹੋਵੇ, ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਸ ਨੂੰ ਸੁਣਾਂਗਾ।” 18 ੧੮ ਮੈਂ ਉਸ ਵੇਲੇ ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਹੁਕਮ ਦਿੱਤਾ, ਜਿਹੜੀਆਂ ਤੁਹਾਡੇ ਕਰਨ ਦੀਆਂ ਸਨ। 19 ੧੯ ਫੇਰ ਅਸੀਂ ਹੋਰੇਬ ਤੋਂ ਕੂਚ ਕਰ ਕੇ ਉਸ ਵੱਡੀ ਅਤੇ ਭਿਆਨਕ ਉਜਾੜ ਵਿੱਚੋਂ ਦੀ ਗਏ ਜਿਹੜੀ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਦੇ ਕੋਲ ਵੇਖੀ ਸੀ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਅਸੀਂ ਕਾਦੇਸ਼-ਬਰਨੇਆ ਵਿੱਚ ਆਏ। 20 ੨੦ ਫੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਕੋਲ ਪਹੁੰਚ ਗਏ ਹੋ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ। 21 ੨੧ ਵੇਖੋ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਇਹ ਦੇਸ਼ ਰੱਖਿਆ ਹੈ। ਅੱਗੇ ਵਧ ਕੇ ਹਮਲਾ ਕਰੋ ਅਤੇ ਇਸ ਨੂੰ ਅਧਿਕਾਰ ਵਿੱਚ ਲੈ ਲਓ, ਜਿਵੇਂ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਹੈ! ਨਾ ਡਰੋ ਅਤੇ ਨਾ ਘਬਰਾਓ!” 22 ੨੨ ਫਿਰ ਤੁਸੀਂ ਸਾਰੇ ਮੇਰੇ ਕੋਲ ਆ ਕੇ ਆਖਣ ਲੱਗੇ, “ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਭੇਜਾਂਗੇ ਤਾਂ ਜੋ ਉਹ ਸਾਡੇ ਲਈ ਉਸ ਦੇਸ਼ ਦਾ ਭੇਤ ਲੈਣ ਅਤੇ ਵਾਪਸ ਆ ਕੇ ਸਾਨੂੰ ਉਸ ਰਾਹ ਦਾ ਪਤਾ ਦੇਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਸਾਨੂੰ ਕਿਹੜੇ ਸ਼ਹਿਰਾਂ ਵਿੱਚ ਪਹੁੰਚਣਾ ਹੈ।” 23 ੨੩ ਇਹ ਗੱਲ ਮੈਨੂੰ ਚੰਗੀ ਲੱਗੀ, ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਮਨੁੱਖ ਅਰਥਾਤ ਹਰੇਕ ਗੋਤ ਤੋਂ ਇੱਕ-ਇੱਕ ਮਨੁੱਖ ਚੁਣ ਲਿਆ। 24 ੨੪ ਉਹ ਮੁੜ ਕੇ ਉਸ ਪਹਾੜੀ ਦੇਸ਼ ਨੂੰ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਉਸ ਦੇਸ਼ ਦਾ ਭੇਤ ਲਿਆ। 25 ੨੫ ਉਨ੍ਹਾਂ ਨੇ ਉਸ ਦੇਸ਼ ਦੇ ਫਲਾਂ ਵਿੱਚੋਂ ਕੁਝ ਆਪਣੇ ਹੱਥਾਂ ਵਿੱਚ ਲਿਆ ਅਤੇ ਉਸ ਨੂੰ ਸਾਡੇ ਕੋਲ ਲਿਆਏ ਅਤੇ ਸਾਨੂੰ ਖ਼ਬਰ ਦਿੰਦੇ ਹੋਏ ਆਖਿਆ, “ਉਹ ਦੇਸ਼ ਚੰਗਾ ਹੈ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।” 26 ੨੬ ਪਰ ਤੁਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਸੀ, ਸਗੋਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੇ ਵਿਰੁੱਧ ਹੋ ਗਏ 27 ੨੭ ਜਦ ਕਿ ਤੁਸੀਂ ਆਪਣੇ ਤੰਬੂਆਂ ਵਿੱਚ ਬੁੜਬੁੜ ਕਰਨ ਲੱਗ ਪਏ ਅਤੇ ਆਖਿਆ, “ਯਹੋਵਾਹ ਸਾਡੇ ਨਾਲ ਵੈਰ ਰੱਖਦਾ ਹੈ, ਇਸ ਲਈ ਸਾਨੂੰ ਮਿਸਰ ਦੇਸ਼ ਤੋਂ ਕੱਢ ਕੇ ਲੈ ਆਇਆ ਤਾਂ ਜੋ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦੇਵੇ, ਜੋ ਸਾਡਾ ਨਾਸ ਕਰ ਦੇਣ। 28 ੨੮ ਅਸੀਂ ਕਿੱਧਰ ਜਾਈਏ? ਸਾਡੇ ਭਰਾਵਾਂ ਨੇ ਇਹ ਆਖ ਕੇ ਸਾਡਾ ਹੌਂਸਲਾ ਤੋੜ ਦਿੱਤਾ ਹੈ ਕਿ ਉਹ ਲੋਕ ਸਾਡੇ ਤੋਂ ਵੱਡੇ ਅਤੇ ਉੱਚੇ-ਲੰਮੇ ਹਨ! ਉਹਨਾਂ ਦੇ ਸ਼ਹਿਰ ਵੱਡੇ ਅਤੇ ਅਕਾਸ਼ ਤੱਕ ਉੱਚੇ ਗੜ੍ਹਾਂ ਵਾਲੇ ਹਨ ਅਤੇ ਅਸੀਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ ਹੈ!” 29 ੨੯ ਤਦ ਮੈਂ ਤੁਹਾਨੂੰ ਆਖਿਆ, “ਤੁਸੀਂ ਉਨ੍ਹਾਂ ਤੋਂ ਨਾ ਘਬਰਾਓ ਅਤੇ ਨਾ ਹੀ ਡਰੋ। 30 ੩੦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਂਦਾ ਹੈ। ਉਹ ਤੁਹਾਡੇ ਲਈ ਲੜੇਗਾ, ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਿਸਰ ਵਿੱਚ ਕੀਤਾ 31 ੩੧ ਅਤੇ ਉਜਾੜ ਵਿੱਚ ਵੀ, ਜਿੱਥੇ ਤੁਸੀਂ ਵੇਖਿਆ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਚੁੱਕਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੇ ਸਾਰੇ ਰਾਹਾਂ ਵਿੱਚ ਜਿੱਥੇ ਤੁਸੀਂ ਜਾਂਦੇ ਸੀ ਚੁੱਕ ਕੇ ਰੱਖਿਆ, ਜਦ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚੇ।” 32 ੩੨ ਪਰ ਇਸ ਗੱਲ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕੀਤਾ, 33 ੩੩ ਜੋ ਰਾਹ ਵਿੱਚ ਤੁਹਾਡੇ ਅੱਗੇ-ਅੱਗੇ ਚੱਲਦਾ ਸੀ ਤਾਂ ਜੋ ਉਹ ਤੁਹਾਡੇ ਲਈ ਡੇਰੇ ਲਾਉਣ ਦਾ ਸਥਾਨ ਲੱਭੇ, ਰਾਤ ਨੂੰ ਅੱਗ ਵਿੱਚ ਅਤੇ ਦਿਨ ਨੂੰ ਬੱਦਲ ਵਿੱਚ ਹੋ ਕੇ ਉਹ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ, ਜਿਸ ਵਿੱਚ ਤੁਸੀਂ ਜਾਣਾ ਹੁੰਦਾ ਸੀ। 34 ੩੪ ਯਹੋਵਾਹ ਨੇ ਤੁਹਾਡੀਆਂ ਗੱਲਾਂ ਦਾ ਰੌਲ਼ਾ ਸੁਣਿਆ, ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਸ ਨੇ ਇਹ ਆਖ ਕੇ ਸਹੁੰ ਖਾਧੀ, 35 ੩੫ “ਇਸ ਬੁਰੀ ਪੀੜ੍ਹੀ ਵਿੱਚੋਂ ਇੱਕ ਵੀ ਮਨੁੱਖ ਉਸ ਚੰਗੇ ਦੇਸ਼ ਨੂੰ ਨਾ ਵੇਖੇਗਾ, ਜਿਸ ਨੂੰ ਦੇਣ ਦੀ ਸਹੁੰ ਮੈਂ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ। 36 ੩੬ ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਦੇਸ਼ ਨੂੰ ਵੇਖੇਗਾ ਅਤੇ ਮੈਂ ਉਹ ਦੇਸ਼ ਜਿੱਥੇ ਉਸ ਨੇ ਪੈਰ ਰੱਖੇ ਹਨ, ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ।” 37 ੩੭ ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਵੀ ਇਹ ਆਖ ਕੇ ਗੁੱਸੇ ਹੋਇਆ, “ਤੂੰ ਵੀ ਉੱਥੇ ਨਹੀਂ ਜਾਵੇਂਗਾ। 38 ੩੮ ਨੂਨ ਦਾ ਪੁੱਤਰ ਯਹੋਸ਼ੁਆ ਜਿਹੜਾ ਤੇਰੇ ਅੱਗੇ ਖੜ੍ਹਾ ਰਹਿੰਦਾ ਹੈ, ਉਹ ਉੱਥੇ ਜਾਵੇਗਾ। ਉਹ ਨੂੰ ਹੌਂਸਲਾ ਦੇ ਕਿਉਂ ਜੋ ਉਹ ਇਸਰਾਏਲ ਨੂੰ ਉਸ ਦੀ ਵਿਰਾਸਤ ਦੁਆਵੇਗਾ।” 39 ੩੯ ਫਿਰ ਤੁਹਾਡੇ ਬੱਚੇ ਜਿਨ੍ਹਾਂ ਦੇ ਵਿਖੇ ਤੁਸੀਂ ਆਖਦੇ ਸੀ ਕਿ ਉਹ ਲੁੱਟ ਵਿੱਚ ਚਲੇ ਜਾਣਗੇ ਅਤੇ ਤੁਹਾਡੇ ਪੁੱਤਰ ਜੋ ਹੁਣੇ ਭਲੇ ਬੁਰੇ ਦੀ ਸਿਆਣ ਨਹੀਂ ਰੱਖਦੇ, ਉਹ ਉੱਥੇ ਪ੍ਰਵੇਸ਼ ਕਰਨਗੇ ਅਤੇ ਮੈਂ ਉਹ ਦੇਸ਼ ਉਹਨਾਂ ਨੂੰ ਦਿਆਂਗਾ ਅਤੇ ਉਹ ਉਸ ਨੂੰ ਅਧਿਕਾਰ ਵਿੱਚ ਲੈ ਲੈਣਗੇ। 40 ੪੦ ਪਰ ਤੁਸੀਂ ਘੁੰਮ ਕੇ ਕੂਚ ਕਰੋ ਅਤੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਜਾਓ। 41 ੪੧ ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, “ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਹੁਣ ਅਸੀਂ ਉੱਪਰ ਜਾ ਕੇ ਲੜਾਂਗੇ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਹੈ।” ਫਿਰ ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਯੁੱਧ ਦੇ ਸ਼ਸਤਰ ਬੰਨ੍ਹੇ ਅਤੇ ਪਹਾੜੀ ਦੇਸ਼ ਉੱਤੇ ਹਮਲਾ ਕਰਨ ਨੂੰ ਇੱਕ ਛੋਟੀ ਜਿਹੀ ਗੱਲ ਜਾਣਿਆ। 42 ੪੨ ਪਰ ਯਹੋਵਾਹ ਨੇ ਮੈਨੂੰ ਆਖਿਆ, “ਉਨ੍ਹਾਂ ਨੂੰ ਆਖ ਕਿ ਉੱਪਰ ਨਾ ਜਾਓ ਅਤੇ ਨਾ ਲੜੋ ਕਿਉਂ ਜੋ ਮੈਂ ਤੁਹਾਡੇ ਨਾਲ ਨਹੀਂ ਹਾਂ, ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਮਾਰੇ ਜਾਓ।” 43 ੪੩ ਮੈਂ ਤੁਹਾਨੂੰ ਇਹ ਗੱਲ ਆਖ ਦਿੱਤੀ, ਪਰ ਤੁਸੀਂ ਨਾ ਸੁਣਿਆ ਸਗੋਂ ਤੁਸੀਂ ਯਹੋਵਾਹ ਦੇ ਹੁਕਮ ਦੇ ਵਿਰੁੱਧ ਹੋ ਗਏ ਅਤੇ ਢਿਠਾਈ ਨਾਲ ਪਹਾੜੀ ਦੇਸ਼ ਵਿੱਚ ਚੜ੍ਹ ਗਏ। 44 ੪੪ ਤਦ ਅਮੋਰੀਆਂ ਨੇ ਜਿਹੜੇ ਉਸ ਪਹਾੜੀ ਦੇਸ਼ ਵਿੱਚ ਵੱਸਦੇ ਸਨ, ਨਿੱਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਭਜਾਇਆ, ਜਿਵੇਂ ਸ਼ਹਿਦ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਾਰਮਾਹ ਤੱਕ ਮਾਰਦੇ ਗਏ। 45 ੪੫ ਫੇਰ ਤੁਸੀਂ ਵਾਪਸ ਆ ਕੇ ਯਹੋਵਾਹ ਅੱਗੇ ਰੋਏ, ਪਰ ਯਹੋਵਾਹ ਨੇ ਤੁਹਾਡੀ ਅਵਾਜ਼ ਨਾ ਸੁਣੀ ਅਤੇ ਨਾ ਹੀ ਆਪਣਾ ਕੰਨ ਤੁਹਾਡੇ ਵੱਲ ਲਾਇਆ। 46 ੪੬ ਇਸ ਲਈ ਤੁਸੀਂ ਕਾਦੇਸ਼ ਵਿੱਚ ਬਹੁਤ ਦਿਨਾਂ ਤੱਕ ਟਿਕੇ ਰਹੇ, ਸਗੋਂ ਬਹੁਤ ਹੀ ਲੰਮੇ ਸਮੇਂ ਤੱਕ ਟਿਕੇ ਰਹੇ।

< ਬਿਵਸਥਾ ਸਾਰ 1 >