< ਦਾਨੀਏਲ 9 >

1 ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦੇ ਰਾਜ ਦੇ ਪਹਿਲੇ ਸਾਲ ਵਿੱਚ ਜੋ ਮਾਦੀ ਵੰਸ਼ ਦਾ ਸੀ, ਅਤੇ ਕਸਦੀਆਂ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ। 2 ਉਹ ਦੇ ਰਾਜ ਦੇ ਪਹਿਲੇ ਸਾਲ ਵਿੱਚ ਮੈਂ ਦਾਨੀਏਲ ਨੇ ਪੋਥੀਆਂ ਵਿੱਚੋਂ ਉਹਨਾਂ ਸਾਲਾਂ ਦਾ ਲੇਖਾ ਜਾਣਿਆ ਜਿਹਨਾਂ ਲਈ ਯਹੋਵਾਹ ਦੀ ਬਾਣੀ ਯਿਰਮਿਯਾਹ ਨਬੀ ਨੂੰ ਆਈ ਸੀ, ਜੋ ਉਹ ਯਰੂਸ਼ਲਮ ਦੇ ਉੱਜੜਨ ਦੇ ਸੱਤਰ ਸਾਲ ਪੂਰੇ ਹੋਣ। 3 ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ੁਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰ ਕੇ ਵਰਤ ਰੱਖ ਕੇ, ਤੱਪੜ ਅਤੇ ਸੁਆਹ ਸਮੇਤ ਉਹ ਦੀ ਭਾਲ ਕੀਤੀ। 4 ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਮੈਂ ਪਾਪ ਨੂੰ ਮੰਨ ਲਿਆ ਅਤੇ ਆਖਿਆ, ਹੇ ਪ੍ਰਭੂ, ਜੋ ਮਹਾਨ ਅਤੇ ਡਰ ਮੰਨਣ ਯੋਗ ਪਰਮੇਸ਼ੁਰ ਹੈ ਅਤੇ ਉਸ ਨੇਮ ਨੂੰ ਆਪਣੇ ਪਿਆਰਿਆਂ ਦੇ ਨਾਲ ਅਤੇ ਜਿਹੜੇ ਉਸ ਦੇ ਆਗਿਆਕਾਰੀ ਹਨ, ਉਹਨਾਂ ਦੇ ਨਾਲ ਚੇਤੇ ਰੱਖਦਾ ਹੈਂ। 5 ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ, ਅਸੀਂ ਬਦੀ ਕੀਤੀ, ਅਸੀਂ ਵਿਰੋਧ ਕੀਤਾ, ਅਸੀਂ ਤੇਰੇ ਹੁਕਮਾਂ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ! 6 ਅਸੀਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ ਜਿਹਨਾਂ ਨੇ ਤੇਰਾ ਨਾਮ ਲੈ ਕੇ ਸਾਡੇ ਰਾਜਿਆਂ, ਸਾਡੇ ਹਾਕਮਾਂ ਅਤੇ ਸਾਡੇ ਪੁਰਖਿਆਂ ਅਤੇ ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸੁਣਾਈ। 7 ਹੇ ਪ੍ਰਭੂ, ਤੂੰ ਧਰਮੀ ਹੈ, ਪਰ ਸਾਡੇ ਲਈ ਅੱਜ ਦੇ ਦਿਨ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕਾਂ ਦੇ ਅਤੇ ਯਰੂਸ਼ਲਮ ਦੇ ਵੱਸਣ ਵਾਲਿਆਂ ਦੇ ਅਤੇ ਸਭਨਾਂ ਇਸਰਾਏਲੀਆਂ ਦੇ ਲਈ ਜੋ ਨੇੜੇ ਹਨ ਅਤੇ ਜਿਹੜੇ ਦੂਰ ਹਨ, ਉਹਨਾਂ ਸਭਨਾਂ ਦੇਸਾਂ ਵਿੱਚ ਜਿੱਥੇ ਕਿੱਥੇ ਤੂੰ ਉਹਨਾਂ ਦੇ ਔਗੁਣਾਂ ਦੇ ਕਾਰਨ ਜੋ ਉਹਨਾਂ ਨੇ ਤੇਰੇ ਅੱਗੇ ਕੀਤੇ, ਤੂੰ ਉਹਨਾਂ ਨੂੰ ਖਿੰਡਾ ਦਿੱਤਾ। 8 ਹੇ ਪ੍ਰਭੂ, ਅਸੀਂ ਸਾਡੇ ਰਾਜਿਆਂ ਅਤੇ ਹਾਕਮਾਂ ਅਤੇ ਸਾਡੇ ਪੁਰਖਿਆਂ ਦੇ ਨਾਲ ਤੇਰੇ ਵਿਰੁੱਧ ਪਾਪ ਕੀਤਾ ਹੈ ਇਸ ਲਈ ਅਸੀਂ ਸ਼ਰਮਿੰਦੇ ਹਾਂ। 9 ਪ੍ਰਭੂ ਸਾਡੇ ਪਰਮੇਸ਼ੁਰ ਦੇ ਕੋਲ ਦਇਆ ਅਤੇ ਮਾਫ਼ੀ ਹੈ, ਅਸੀਂ ਭਾਵੇਂ ਉਹ ਦੇ ਅੱਗੇ ਵਿਰੋਧ ਕੀਤਾ। 10 ੧੦ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ ਜੋ ਉਹ ਦੇ ਕਨੂੰਨਾਂ ਉੱਤੇ ਚੱਲੀਏ ਜਿਸ ਨੂੰ ਉਸ ਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ। 11 ੧੧ ਹਾਂ, ਸਾਰਾ ਇਸਰਾਏਲ ਤੇਰੀ ਬਿਵਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ ਹੈ ਜੋ ਤੇਰੇ ਆਖੇ ਨੂੰ ਨਾ ਮੰਨੇ ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆ ਪਈ ਅਤੇ ਉਹ ਸਹੁੰ ਵੀ ਜੋ ਪਰਮੇਸ਼ੁਰ ਦੇ ਸੇਵਕ ਮੂਸਾ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ, ਇਸ ਲਈ ਜੋ ਅਸੀਂ ਉਸ ਦੇ ਵਿਰੁੱਧ ਪਾਪ ਕੀਤਾ। 12 ੧੨ ਉਹ ਨੇ ਆਪਣੀਆਂ ਉਹ ਗੱਲਾਂ ਜੋ ਉਸ ਨੇ ਸਾਡੇ ਲੋਕਾਂ ਦੇ ਨਾਲ ਅਤੇ ਸਾਡੇ ਨਿਆਂਈਆਂ ਦੇ ਨਾਲ ਜਿਹੜੇ ਸਾਡਾ ਨਿਆਂ ਕਰਦੇ ਸਨ ਆਖੀਆਂ ਸਨ, ਸੋ ਪੂਰੀਆਂ ਕੀਤੀਆਂ ਜੋ ਉਹ ਨੇ ਸਾਡੇ ਉੱਤੇ ਵੱਡੀ ਬਿਪਤਾ ਪਾਈ ਕਿਉਂ ਜੋ ਸਾਰੇ ਅਕਾਸ਼ ਦੇ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯਰੂਸ਼ਲਮ ਨਾਲ ਹੋਈ ਹੈ। 13 ੧੩ ਜਿਸ ਤਰ੍ਹਾਂ ਮੂਸਾ ਦੀ ਬਿਵਸਥਾ ਵਿੱਚ ਲਿਖੀਆਂ ਹੋਈਆਂ ਹਨ, ਉਸੇ ਤਰ੍ਹਾਂ ਇਹ ਸਾਰੀਆਂ ਬਿਪਤਾਵਾਂ ਸਾਡੇ ਉੱਤੇ ਆਣ ਪਈਆਂ, ਤਦ ਵੀ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਬੇਨਤੀ ਨਾ ਕੀਤੀ ਜੋ ਅਸੀਂ ਆਪਣਿਆਂ ਟੇਢਿਆਂ ਕੰਮਾਂ ਤੋਂ ਹਟੀਏ ਅਤੇ ਤੇਰੀ ਸਚਿਆਈ ਵਿੱਚ ਸੁਚੇਤ ਹੋਈਏ। 14 ੧੪ ਇਸ ਲਈ ਯਹੋਵਾਹ ਬਦੀ ਨੂੰ ਤੱਕਦਾ ਰਿਹਾ ਅਤੇ ਉਹ ਨੇ ਸਾਡੇ ਉੱਤੇ ਉਹ ਪਾ ਦਿੱਤੀ ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਪਣਿਆਂ ਸਭਨਾਂ ਕੰਮਾਂ ਵਿੱਚ ਜੋ ਕਰਦਾ ਹੈ ਸੱਚਾ ਹੈ, ਪਰ ਅਸੀਂ ਉਹ ਦਾ ਕਹਿਣਾ ਨਾ ਮੰਨਿਆ। 15 ੧੫ ਹੁਣ ਹੇ ਪ੍ਰਭੂ ਸਾਡੇ ਪਰਮੇਸ਼ੁਰ, ਜਿਸ ਬਲਵੰਤ ਬਾਂਹ ਨਾਲ ਆਪਣੀ ਪਰਜਾ ਨੂੰ ਮਿਸਰ ਦੇ ਦੇਸ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਤੂੰ ਆਪਣਾ ਨਾਮ ਵੱਡਾ ਕੀਤਾ ਜਿਵੇਂ ਅੱਜ ਦੇ ਦਿਨ ਹੈ, ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ! 16 ੧੬ ਹੇ ਪ੍ਰਭੂ, ਤੂੰ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਕ੍ਰੋਧ ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੈ ਜੋ ਪਵਿੱਤਰ ਪਰਬਤ ਹੈ ਮੂੰਹ ਮੋੜ ਕਿਉਂ ਜੋ ਸਾਡਿਆਂ ਪਾਪਾਂ ਦੇ ਅਤੇ ਸਾਡੇ ਪੁਰਖਿਆਂ ਦੇ ਟੇਢਿਆਂ ਕੰਮਾਂ ਦੇ ਕਾਰਨ ਯਰੂਸ਼ਲਮ ਅਤੇ ਤੇਰੀ ਪਰਜਾ ਉਹਨਾਂ ਸਭਨਾਂ ਲੋਕਾਂ ਦੇ ਅੱਗੇ ਜੋ ਚੁਫ਼ੇਰੇ ਵੱਸਦੇ ਹਨ ਉਲਾਂਭਿਆਂ ਜੋਗ ਹੋਈ! 17 ੧੭ ਹੁਣ ਹੇ ਸਾਡੇ ਪਰਮੇਸ਼ੁਰ, ਆਪਣੇ ਸੇਵਕ ਦੀ ਅਰਦਾਸ ਅਤੇ ਬੇਨਤੀ ਸੁਣ ਅਤੇ ਆਪਣੇ ਮੂੰਹ ਦੇ ਪ੍ਰਕਾਸ਼ ਨੂੰ ਪ੍ਰਭੂ ਦੇ ਲਈ ਆਪਣੇ ਪਵਿੱਤਰ ਥਾਂ ਉੱਤੇ ਜਿਹੜਾ ਉੱਜੜਿਆ ਪਿਆ ਹੈ ਚਮਕਾ। 18 ੧੮ ਹੇ ਮੇਰੇ ਪਰਮੇਸ਼ੁਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ 19 ੧੯ ਹੇ ਪ੍ਰਭੂ, ਸੁਣ! ਹੇ ਪ੍ਰਭੂ, ਬਖ਼ਸ਼ ਦੇਹ! ਹੇ ਪ੍ਰਭੂ, ਸੁਣ ਲੈ ਅਤੇ ਕੰਮ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿੱਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ। 20 ੨੦ ਮੈਂ ਇਹ ਕਹਿੰਦਾ ਹੋਇਆ ਬੇਨਤੀ ਕਰਦਾ ਸੀ ਅਤੇ ਆਪਣਿਆਂ ਪਾਪਾਂ, ਆਪਣੇ ਲੋਕਾਂ ਦੇ ਪਾਪਾਂ ਨੂੰ ਮੰਨਦਾ ਹੀ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਪਰਮੇਸ਼ੁਰ ਦੇ ਪਵਿੱਤਰ ਪਰਬਤ ਲਈ ਆਪਣੇ ਤਰਲੇ ਪਾਉਂਦਾ ਹੀ ਸੀ। 21 ੨੧ ਹਾਂ, ਬੇਨਤੀ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ ਜਾਂ ਉਹ ਜਣਾ ਅਰਥਾਤ ਜ਼ਿਬਰਾਏਲ, ਜਿਹ ਨੂੰ ਮੈਂ ਪਹਿਲੋਂ ਪਹਿਲ ਦਰਸ਼ਣ ਵਿੱਚ ਡਿੱਠਾ ਸੀ ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੂਹਿਆ। ਇਹ ਤ੍ਰਿਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਦੇ ਲੱਗਭੱਗ ਸੀ 22 ੨੨ ਅਤੇ ਉਹ ਨੇ ਮੈਨੂੰ ਖ਼ਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਏਲ, ਹੁਣ ਮੈਂ ਇਸ ਲਈ ਨਿੱਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ। 23 ੨੩ ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿੱਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ ਕਿਉਂ ਜੋ ਤੂੰ ਵੱਡਾ ਪਿਆਰਾ ਹੈਂ, ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਣ ਨੂੰ ਸਮਝ। 24 ੨੪ ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਦੇ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪ੍ਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਤੇ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤਰ ਸਥਾਨ ਨੂੰ ਮਸਹ ਕਰੇ। 25 ੨੫ ਇਸ ਲਈ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰੀ ਉਸਾਰਨ ਦੀ ਆਗਿਆ ਨਿੱਕਲੇਗੀ ਚੁਣੇ ਹੋਏ ਦੇ ਰਾਜ ਤੱਕ ਸੱਤਰ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਸ਼ਹਿਰਪਨਾਹ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ 26 ੨੬ ਅਤੇ ਬਾਹਠਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਵੇਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹ ਦਾ ਛੇਕੜ ਹੋਵੇਗਾ ਅਤੇ ਅੰਤ ਤੱਕ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ। 27 ੨੭ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਦੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਤੇ ਠਹਿਰਾਏ ਹੋਏ ਅੰਤ ਤੱਕ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਵੇਗਾ।

< ਦਾਨੀਏਲ 9 >