< ਦਾਨੀਏਲ 4 >

1 ਨਬੂਕਦਨੱਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ, ਤੁਹਾਨੂੰ ਸ਼ਾਂਤੀ ਮਿਲੇ! 2 ਮੈਂ ਇਹ ਭਲਾ ਜਾਣਿਆ ਜੋ ਉਹਨਾਂ ਨਿਸ਼ਾਨੀਆਂ ਤੇ ਅਚੰਭਿਆਂ ਨੂੰ ਪਰਗਟ ਕਰਾਂ, ਜਿਹੜੇ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਨਾਲ ਕਰ ਕੇ ਵਿਖਾਏ। 3 ਉਹ ਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ ਅਤੇ ਉਹ ਦੇ ਅਚੰਭੇ ਕਿਹੋ ਜਿਹੇ ਸ਼ਕਤੀਮਾਨ ਹਨ! ਉਹ ਦਾ ਰਾਜ ਸਦੀਪਕ ਰਾਜ ਹੈ, ਅਤੇ ਉਹ ਦੀ ਪ੍ਰਭੂਤਾ ਪੀੜ੍ਹੀਓਂ ਪੀੜੀ ਤੱਕ! 4 ਮੈਂ ਨਬੂਕਦਨੱਸਰ ਆਪਣੇ ਘਰ ਵਿੱਚ ਅਰਾਮ ਨਾਲ ਆਪਣੇ ਮਹਿਲ ਵਿੱਚ ਖੁਸ਼ਹਾਲ ਸੀ। 5 ਮੈਂ ਇੱਕ ਅਜਿਹਾ ਸੁਫ਼ਨਾ ਵੇਖਿਆ ਜਿਸ ਦੇ ਕਾਰਨ ਮੈਂ ਡਰਿਆ ਅਤੇ ਉਹਨਾਂ ਖ਼ਿਆਲਾਂ ਦੇ ਕਾਰਨ ਜੋ ਮੈਂ ਆਪਣੇ ਪਲੰਘ ਉੱਤੇ ਕੀਤੇ ਅਤੇ ਜਿਹਨਾਂ ਗੱਲਾਂ ਨੂੰ ਮੈਂ ਦੇਖਿਆ ਉਸ ਕਾਰਨ ਮੈਂ ਘਬਰਾ ਗਿਆ। 6 ਇਸ ਲਈ ਮੈਂ ਆਗਿਆ ਦਿੱਤੀ ਕਿ ਬਾਬਲ ਦੇ ਸਾਰੇ ਵਿਦਵਾਨ ਮੇਰੇ ਅੱਗੇ ਹਾਜ਼ਰ ਕੀਤੇ ਜਾਣ ਤਾਂ ਜੋ ਸੁਫ਼ਨੇ ਦਾ ਅਰਥ ਮੈਨੂੰ ਦੱਸਣ। 7 ਤਦ ਜਾਦੂਗਰ, ਜੋਤਸ਼ੀ, ਕਸਦੀ ਤੇ ਅਗੰਮ-ਵਾਚਕ ਹਾਜ਼ਰ ਹੋਏ ਤਾਂ ਮੈਂ ਸੁਫ਼ਨਾ ਉਹਨਾਂ ਦੇ ਅੱਗੇ ਸੁਣਾਇਆ ਪਰ ਉਹਨਾਂ ਨੇ ਮੈਨੂੰ ਉਹ ਦਾ ਅਰਥ ਨਾ ਦੱਸਿਆ। 8 ਅਖ਼ੀਰ ਨੂੰ ਦਾਨੀਏਲ ਜਿਸ ਦਾ ਨਾਮ ਮੇਰੇ ਦੇਵਤੇ ਦੇ ਨਾਮ ਦੇ ਅਨੁਸਾਰ ਬੇਲਟਸ਼ੱਸਰ ਹੈ, ਮੇਰੇ ਹਜ਼ੂਰ ਆਇਆ ਅਤੇ ਉਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ, ਸੋ ਮੈਂ ਉਹ ਦੇ ਅੱਗੇ ਸੁਫ਼ਨਾ ਸੁਣਾਇਆ ਤੇ ਆਖਿਆ, 9 ਹੇ ਬੇਲਟਸ਼ੱਸਰ, ਜਾਦੂਗਰਾਂ ਦੇ ਪ੍ਰਧਾਨ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਤੇਰੇ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੂੰ ਕਿਸੇ ਭੇਤ ਦੇ ਕਾਰਨ ਨਹੀਂ ਘਬਰਾਉਂਦਾ, ਤੂੰ ਮੇਰੇ ਸੁਫ਼ਨੇ ਨੂੰ ਜੋ ਮੈਂ ਵੇਖਿਆ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ। 10 ੧੦ ਜੋ ਦਰਸ਼ਣ ਮੈਂ ਆਪਣੇ ਪਲੰਘ ਉੱਤੇ ਦੇਖਿਆ ਇਸ ਤਰ੍ਹਾਂ ਹੈ, ਜਦ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਵਿਚਕਾਰ ਇੱਕ ਰੁੱਖ ਸੀ ਜਿਸ ਦੀ ਉਚਿਆਈ ਬਹੁਤ ਵੱਡੀ ਸੀ। 11 ੧੧ ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ ਅਤੇ ਉਹ ਦੀ ਚੋਟੀ ਅਕਾਸ਼ ਤੱਕ ਪਹੁੰਚ ਗਈ, ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦੇਣ ਲੱਗਾ। 12 ੧੨ ਉਹ ਦੇ ਪੱਤੇ ਸੋਹਣੇ ਅਤੇ ਉਹ ਦਾ ਫਲ ਬਹੁਤਾ ਸੀ ਤੇ ਉਹ ਦੇ ਵਿੱਚ ਸਭਨਾਂ ਲਈ ਭੋਜਨ ਸੀ। ਜੰਗਲੀ ਜਾਨਵਰ ਉਹ ਦੀ ਛਾਂ ਵਿੱਚ ਅਤੇ ਅਕਾਸ਼ ਦੇ ਪੰਛੀ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਸਨ ਅਤੇ ਸਾਰੇ ਪ੍ਰਾਣੀ ਉਸ ਤੋਂ ਪਾਲੇ ਜਾਂਦੇ ਸਨ। 13 ੧੩ ਮੈਂ ਆਪਣੇ ਪਲੰਘ ਉੱਤੇ ਦਰਸ਼ਣ ਵਿੱਚ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਰਾਖ਼ਾ, ਹਾਂ, ਇੱਕ ਪਵਿੱਤਰ ਜਨ ਅਕਾਸ਼ੋਂ ਉੱਤਰਿਆ 14 ੧੪ ਉਹ ਨੇ ਉੱਚੀ ਹਾਕ ਮਾਰ ਕੇ ਇਉਂ ਆਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹ ਦੀਆਂ ਟਹਿਣੀਆਂ ਛਾਂਗ ਸੁੱਟੋ ਅਤੇ ਉਹ ਦੇ ਪੱਤੇ ਝਾੜ ਲਓ ਅਤੇ ਉਹ ਦਾ ਫਲ ਖਿਲਾਰ ਦਿਓ! ਜਾਨਵਰ ਉਹ ਦੇ ਹੇਠੋਂ ਤੇ ਪੰਛੀ ਉਹ ਦੀਆਂ ਟਹਿਣੀਆਂ ਦੇ ਉੱਤੋਂ ਚੱਲੇ ਜਾਣ। 15 ੧੫ ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ। 16 ੧੬ ਉਹ ਦਾ ਮਨ ਬਦਲੇ ਅਤੇ ਮਨੁੱਖ ਜਿਹਾ ਨਾ ਰਹੇ ਸਗੋਂ ਉਹ ਪਸ਼ੂ ਜਿਹਾ ਹੋ ਜਾਵੇ ਅਤੇ ਉਸ ਉੱਤੇ ਸੱਤ ਸਾਲ ਬੀਤ ਜਾਣ। 17 ੧੭ ਇਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ। 18 ੧੮ ਮੈਂ ਨਬੂਕਦਨੱਸਰ ਰਾਜਾ ਨੇ ਇਹ ਸੁਫ਼ਨਾ ਵੇਖਿਆ ਹੈ। ਤੂੰ ਹੇ ਬੇਲਟਸ਼ੱਸਰ, ਉਹ ਦਾ ਅਰਥ ਦੱਸ ਕਿਉਂ ਜੋ ਮੇਰੇ ਰਾਜ ਦੇ ਸਭ ਵਿਦਵਾਨ ਮੈਨੂੰ ਇਹ ਦਾ ਅਰਥ ਦੱਸ ਨਹੀਂ ਸਕੇ ਪਰ ਤੂੰ ਦੱਸ ਸਕਦਾ ਹੈਂ ਕਿਉਂ ਜੋ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ! 19 ੧੯ ਤਦ ਦਾਨੀਏਲ ਜਿਸ ਦਾ ਨਾਮ ਬੇਲਟਸ਼ੱਸਰ ਵੀ ਸੀ ਕੁਝ ਦੇਰ ਤੱਕ ਚੁੱਪ ਰਿਹਾ ਅਤੇ ਆਪਣੇ ਖ਼ਿਆਲਾਂ ਤੋਂ ਘਬਰਾਇਆ। ਰਾਜੇ ਨੇ ਉੱਤਰ ਦੇ ਕੇ ਉਸ ਨੂੰ ਆਖਿਆ, ਹੇ ਬੇਲਟਸ਼ੱਸਰ ਸੁਫ਼ਨੇ ਤੋਂ ਤੇ ਉਹ ਦੇ ਅਰਥ ਤੋਂ ਨਾ ਘਬਰਾ! ਬੇਲਟਸ਼ੱਸਰ ਨੇ ਉੱਤਰ ਦੇ ਕੇ ਆਖਿਆ, ਹੇ ਮੇਰੇ ਸੁਆਮੀ, ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ! 20 ੨੦ ਉਹ ਰੁੱਖ ਜੋ ਤੁਸੀਂ ਦੇਖਿਆ ਜੋ ਉਹ ਵਧਿਆ ਤੇ ਤਕੜਾ ਹੋਇਆ ਜਿਸ ਦੀ ਚੋਟੀ ਅਕਾਸ਼ ਤੱਕ ਪਹੁੰਚੀ ਤੇ ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦਿੰਦਾ ਸੀ। 21 ੨੧ ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤਾ ਸੀ ਜਿਸ ਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਸ ਦੇ ਹੇਠ ਜੰਗਲੀ ਜਾਨਵਰ ਬਹਿੰਦੇ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਵਸੇਰਾ ਕਰਦੇ ਸਨ। 22 ੨੨ ਹੇ ਰਾਜਾ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਮਹਿਮਾ ਵਧੀ ਤੇ ਸਵਰਗ ਤੱਕ ਪਹੁੰਚ ਗਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੱਕ ਫੈਲਿਆ ਹੈ। 23 ੨੩ ਹੇ ਰਾਜਾ, ਤੁਸੀਂ ਜੋ ਇੱਕ ਰਾਖੇ ਨੂੰ, ਪਵਿੱਤਰ ਜਨ ਨੂੰ ਅਕਾਸ਼ੋਂ ਉਤਰਦੇ ਅਤੇ ਇਹ ਆਖਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ, ਉਹ ਦਾ ਸੱਤਿਆਨਾਸ ਕਰ ਸੁੱਟੋ ਤਾਂ ਵੀ ਜ਼ਮੀਨ ਵਿੱਚ ਉਹ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ। ਸਗੋਂ ਉਹ ਨੂੰ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਕਿ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ, ਜਦ ਤੱਕ ਸੱਤ ਜੁੱਗ ਉਹ ਦੇ ਉੱਤੇ ਨਾ ਬੀਤਣ, ਉਹ ਦਾ ਹਿੱਸਾ ਖੇਤ ਦੇ ਪਸ਼ੂਆਂ ਨਾਲ ਹੋਵੇ। 24 ੨੪ ਹੇ ਰਾਜਾ, ਉਹ ਦਾ ਅਰਥ ਜੋ ਅੱਤ ਮਹਾਨ ਨੇ ਠਹਿਰਾਇਆ ਹੈ ਕਿ ਰਾਜਾ ਨਾਲ ਘਟੇ, ਇਹੋ ਹੈ 25 ੨੫ ਭਈ ਤੁਸੀਂ ਮਨੁੱਖਾਂ ਵਿੱਚੋਂ ਹੱਕੇ ਜਾਓਗੇ, ਖੇਤ ਦੇ ਪਸ਼ੂਆਂ ਵਿੱਚ ਵੱਸੋਗੇ। ਤੁਹਾਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ, ਅਕਾਸ਼ ਦੀ ਤ੍ਰੇਲ ਨਾਲ ਤਰ ਕੀਤੇ ਜਾਓਗੇ। ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ! 26 ੨੬ ਅਤੇ ਇਹ ਜੋ ਉਹਨਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਅਰਥ ਇਹ ਹੈ ਭਈ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਰਾਜ ਦਾ ਅਧਿਕਾਰ ਅਕਾਸ਼ੋਂ ਹੁੰਦਾ ਹੈ ਤਾਂ ਤੁਹਾਡਾ ਰਾਜ ਤੁਹਾਡੇ ਲਈ ਫੇਰ ਪੱਕਾ ਕੀਤਾ ਜਾਵੇਗਾ। 27 ੨੭ ਇਸ ਕਾਰਨ ਹੇ ਰਾਜਾ, ਮੇਰੀ ਸਲਾਹ ਤੁਹਾਡੇ ਮਨ ਪਸੰਦ ਹੋਵੇ! ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਯਾ ਕਰਨ ਨਾਲ ਟਾਲ ਦਿਓ। ਸ਼ਾਇਦ ਅਜਿਹਾ ਹੋਵੇ ਕਿ ਤੁਹਾਡਾ ਸੁੱਖ ਚਿਰ ਤੱਕ ਕਾਇਮ ਰਹੇ। 28 ੨੮ ਇਹ ਸੱਭੋ ਕੁਝ ਨਬੂਕਦਨੱਸਰ ਰਾਜਾ ਉੱਤੇ ਬੀਤਿਆ। 29 ੨੯ ਬਾਰਾਂ ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ 30 ੩੦ ਤਦ ਰਾਜੇ ਨੇ ਆਖਿਆ, ਕੀ ਇਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ? 31 ੩੧ ਰਾਜਾ ਇਹ ਗੱਲ ਕਰ ਰਿਹਾ ਸੀ ਕਿ ਅਕਾਸ਼ੋਂ ਇੱਕ ਅਵਾਜ਼ ਆਈ ਕਿ ਹੇ ਨਬੂਕਦਨੱਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਰੇ ਕੋਲੋਂ ਲੈ ਲਿਆ ਗਿਆ ਹੈ। 32 ੩੨ ਤੂੰ ਮਨੁੱਖਾਂ ਵਿੱਚੋਂ ਛੇਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਤੇ ਸੱਤ ਸਮੇਂ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲੱਗੇਗਾ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ! 33 ੩੩ ਉਸੇ ਘੜੀ ਉਹ ਗੱਲ ਨਬੂਕਦਨੱਸਰ ਉੱਤੇ ਪੂਰੀ ਹੋਈ। ਉਹ ਮਨੁੱਖਾਂ ਵਿੱਚੋਂ ਛੇਕਿਆ ਗਿਆ ਤੇ ਬਲਦਾਂ ਵਾਂਗੂੰ ਘਾਹ ਖਾਣ ਲੱਗ ਪਿਆ ਅਤੇ ਉਹ ਦੀ ਦੇਹੀ ਅਕਾਸ਼ ਦੀ ਤ੍ਰੇਲ ਨਾਲ ਤਰ ਹੋਈ ਐਥੋਂ ਤੱਕ ਉਹ ਦੇ ਵਾਲ਼ ਉਕਾਬਾਂ ਦੇ ਪਰਾਂ ਵਾਂਗੂੰ ਅਤੇ ਉਹ ਦੇ ਨੌਂਹ ਪੰਛੀਆਂ ਦੇ ਨੌਂਹਾਂ ਵਰਗੇ ਵੱਧ ਗਏ! 34 ੩੪ ਉਹਨਾਂ ਦਿਨਾਂ ਦੇ ਬੀਤਣ ਮਗਰੋਂ ਮੈਂ ਨਬੂਕਦਨੱਸਰ ਨੇ ਆਪਣੀਆਂ ਅੱਖੀਆਂ ਅਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ ਤਾਂ ਮੈਂ ਅੱਤ ਮਹਾਨ ਦਾ ਧੰਨਵਾਦ ਕੀਤਾ ਅਤੇ ਉਹ ਦਾ ਜੋ ਸਦਾ ਜੀਉਂਦਾ ਹੈ ਵਡਿਆਈ ਤੇ ਆਦਰ ਕੀਤਾ। ਜਿਹ ਦੀ ਪ੍ਰਭੂਤਾ ਸਦਾ ਦੀ ਹੈ, ਅਤੇ ਜਿਹ ਦਾ ਰਾਜ ਪੀੜ੍ਹੀਓਂ ਪੀੜ੍ਹੀ ਤੱਕ ਹੈ! 35 ੩੫ ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ, ਅਤੇ ਉਹ ਸਵਰਗ ਦੀਆਂ ਫ਼ੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸਕੇ, ਜਾਂ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈ? 36 ੩੬ ਉਸੇ ਵੇਲੇ ਮੇਰੀ ਸਮਝ ਮੇਰੇ ਵਿੱਚ ਫਿਰ ਮੁੜ ਆਈ, ਮੇਰੇ ਰਾਜ ਦੇ ਪਰਤਾਪ ਲਈ ਮੇਰਾ ਆਦਰ, ਮੇਰਾ ਦਬਕਾ ਫਿਰ ਮੇਰੇ ਵਿੱਚ ਆ ਗਿਆ, ਮੇਰੇ ਸਲਾਹਕਾਰਾਂ ਤੇ ਪਰਧਾਨਾਂ ਨੇ ਮੈਨੂੰ ਫਿਰ ਲੱਭ ਲਿਆ, ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਅਤੇ ਚੰਗਾ ਪਰਤਾਪ ਮੈਨੂੰ ਮਿਲਦਾ ਜਾਂਦਾ ਸੀ। 37 ੩੭ ਹੁਣ ਮੈਂ ਨਬੂਕਦਨੱਸਰ ਅਕਾਸ਼ ਦੇ ਮਹਾਰਾਜੇ ਦੀ ਵਡਿਆਈ, ਮਹਿਮਾ ਤੇ ਆਦਰ ਕਰਦਾ ਹਾਂ ਕਿਉਂ ਜੋ ਉਹ ਆਪਣੇ ਸਭਨਾਂ ਕੰਮਾਂ ਵਿੱਚ ਸੱਚਾ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਆਈਂ ਹੈ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ!

< ਦਾਨੀਏਲ 4 >