< 2 ਰਾਜਿਆਂ 11 >

1 ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ ਕਿ ਉਹ ਦਾ ਪੁੱਤਰ ਮਰ ਗਿਆ ਤਾਂ ਉਸ ਨੇ ਉੱਠ ਕੇ ਸਾਰੇ ਰਾਜਵੰਸ਼ ਦਾ ਨਾਸ ਕਰ ਦਿੱਤਾ। 2 ਪਰ ਯੋਰਾਮ ਰਾਜਾ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲਿਆ ਅਤੇ ਉਹ ਨੂੰ ਰਾਜਾ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਬਚਾ ਲਿਆ। ਉਹ ਨੇ ਉਹ ਦੀ ਦਾਈ ਸਮੇਤ ਅੱਗੋਂ ਅਜਿਹਾ ਲੁਕਾਇਆ ਕਿ ਉਹ ਮਾਰਿਆ ਨਾ ਗਿਆ। 3 ਪਰਮੇਸ਼ੁਰ ਦੇ ਭਵਨ ਵਿੱਚ ਉਸ ਦੇ ਨਾਲ ਛੇ ਸਾਲ ਲੁੱਕਿਆ ਰਿਹਾ ਅਤੇ ਅਥਲਯਾਹ ਦੇਸ ਉੱਤੇ ਰਾਜ ਕਰਦੀ ਰਹੀ। 4 ਪਰੰਤੂ ਸੱਤਵੇਂ ਸਾਲ ਯਹੋਯਾਦਾ ਨੇ ਕਾਰੀਆਂ ਤੇ ਪਹਿਰੇਦਾਰਾਂ ਦੇ ਸੌ-ਸੌ ਦੇ ਸਰਦਾਰਾਂ ਨੂੰ ਸੱਦਾ ਭੇਜਿਆ ਅਤੇ ਉਨ੍ਹਾਂ ਨੂੰ ਆਪਣੇ ਕੋਲ ਯਹੋਵਾਹ ਦੇ ਭਵਨ ਵਿੱਚ ਲਿਆਇਆ। ਜਦ ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਅਤੇ ਯਹੋਵਾਹ ਦੇ ਭਵਨ ਵਿੱਚ ਉਨ੍ਹਾਂ ਨੂੰ ਸਹੁੰ ਖਵਾਈ ਤਦ ਉਸ ਨੇ ਉਨ੍ਹਾਂ ਨੂੰ ਰਾਜਾ ਦਾ ਪੁੱਤਰ ਵਿਖਾਇਆ। 5 ਉਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਇਹ ਕੰਮ ਕਰਨਾ। ਤੁਹਾਡੇ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਰਾਜਾ ਦੇ ਮਹਿਲ ਉੱਤੇ ਪਹਿਰਾ ਦੇਣਗੇ। 6 ਇੱਕ ਤਿਹਾਈ ਸੂਰ ਨਾਮਕ ਫਾਟਕ ਉੱਤੇ ਅਤੇ ਇੱਕ ਤਿਹਾਈ ਪਹਿਰੇਦਾਰਾਂ ਦੇ ਪਿੱਛਲੇ ਪਾਸੇ ਦੇ ਫਾਟਕ ਉੱਤੇ। ਇਸ ਤਰ੍ਹਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ। 7 ਅਤੇ ਤੁਹਾਡੇ ਦੋ ਜੱਥੇ ਉਹ ਸਭ ਜਿਹੜੇ ਸਬਤ ਨੂੰ ਬਾਹਰ ਨਿੱਕਲਦੇ ਹਨ, ਰਾਜਾ ਦੇ ਨੇੜੇ ਰਹਿ ਕੇ ਯਹੋਵਾਹ ਦੇ ਭਵਨ ਦੀ ਰਾਖੀ ਕਰਨ। 8 ਇਸ ਤਰ੍ਹਾਂ ਤੁਸੀਂ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਰਾਜੇ ਨੂੰ ਚੁਫ਼ੇਰਿਓਂ ਘੇਰੀਂ ਰੱਖਿਓ ਅਤੇ ਜੇ ਕੋਈ ਕਤਾਰਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ। ਤੁਸੀਂ ਰਾਜੇ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ-ਨਾਲ ਰਹਿਣਾ। 9 ਤਦ ਸੌ-ਸੌ ਦੇ ਸਰਦਾਰਾਂ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਲਿਆ ਅਤੇ ਯਹੋਯਾਦਾ ਜਾਜਕ ਕੋਲ ਆਏ। 10 ੧੦ ਅਤੇ ਜਾਜਕ ਨੇ ਦਾਊਦ ਰਾਜਾ ਦੇ ਬਰਛੇ ਅਤੇ ਢਾਲਾਂ ਜੋ ਯਹੋਵਾਹ ਦੇ ਭਵਨ ਵਿੱਚ ਸਨ ਸੌ-ਸੌ ਦੇ ਸਰਦਾਰਾਂ ਨੂੰ ਦਿੱਤੀਆਂ। 11 ੧੧ ਪਹਿਰੇਦਾਰ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਭਵਨ ਦੇ ਸੱਜੇ ਖੂੰਜੇ ਦੇ ਨੇੜੇ ਰਾਜਾ ਦੇ ਚੁਫ਼ੇਰੇ ਖੜ੍ਹੇ ਹੋ ਗਏ। 12 ੧੨ ਤਦ ਉਸ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਤੇ ਸਾਖੀ ਪੱਤਰ ਵੀ ਦਿੱਤਾ ਇਸ ਲਈ ਉਨ੍ਹਾਂ ਨੇ ਉਸ ਨੂੰ ਰਾਜਾ ਬਣਾਇਆ ਅਤੇ ਉਹ ਨੂੰ ਮਸਹ ਕੀਤਾ, ਤਾੜੀਆਂ ਵਜਾਈਆਂ ਅਤੇ ਆਖਿਆ, “ਰਾਜਾ ਜੀਉਂਦਾ ਰਹੇ!।” 13 ੧੩ ਅਥਲਯਾਹ ਨੇ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲ਼ਾ ਸੁਣਿਆ ਤਦ ਉਹ ਲੋਕਾਂ ਕੋਲ ਯਹੋਵਾਹ ਦੇ ਭਵਨ ਵਿੱਚ ਆਈ। 14 ੧੪ ਜਦ ਨਿਗਾਹ ਕੀਤੀ ਤਾਂ ਵੇਖੋ, ਰੀਤੀ ਅਨੁਸਾਰ ਰਾਜਾ ਥੰਮ੍ਹ ਦੇ ਕੋਲ ਖੜ੍ਹਾ ਸੀ, ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ, ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ ਅਤੇ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਅਤੇ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ! 15 ੧੫ ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ, ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਤੇ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਕਿ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ। 16 ੧੬ ਉਨ੍ਹਾਂ ਨੇ ਉਹ ਦੇ ਲਈ ਰਾਹ ਛੱਡ ਦਿੱਤਾ ਅਤੇ ਉਹ ਉਸੇ ਰਸਤੇ ਗਈ, ਜਿਸ ਰਾਹ ਘੋੜੇ ਰਾਜਾ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਅਤੇ ਉਹ ਉੱਥੇ ਮਾਰੀ ਗਈ। 17 ੧੭ ਯਹੋਯਾਦਾ ਨੇ ਯਹੋਵਾਹ, ਰਾਜਾ ਅਤੇ ਲੋਕਾਂ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ, ਰਾਜਾ ਅਤੇ ਲੋਕਾਂ ਦੇ ਵਿਚਕਾਰ ਵੀ ਨੇਮ ਬੰਨ੍ਹਿਆ। 18 ੧੮ ਦੇਸ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਤੇ ਉਸ ਨੂੰ ਢਾਹ ਦਿੱਤਾ। ਉਹ ਦੀਆਂ ਜਗਵੇਦੀਆਂ ਅਤੇ ਮੂਰਤਾਂ ਨੂੰ ਪੂਰੀ ਤਰ੍ਹਾਂ ਹੀ ਚਕਨਾ-ਚੂਰ ਕਰ ਸੁੱਟਿਆ ਅਤੇ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ ਅਤੇ ਜਾਜਕ ਨੇ ਯਹੋਵਾਹ ਦੇ ਭਵਨ ਉੱਤੇ ਦੇਖਭਾਲ ਕਰਨ ਵਾਲੇ ਠਹਿਰਾਏ 19 ੧੯ ਉਹ ਨੇ ਸੌ-ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ। ਉਹ ਰਾਜਾ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਰਾਜਾ ਦੇ ਮਹਿਲ ਵਿੱਚ ਆਏ ਫਿਰ ਉਹ ਰਾਜਾ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ। 20 ੨੦ ਅਤੇ ਦੇਸ ਦੇ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ, ਜਦ ਉਨ੍ਹਾਂ ਨੇ ਅਥਲਯਾਹ ਨੂੰ ਰਾਜਾ ਦੇ ਮਹਿਲ ਵਿੱਚ ਤਲਵਾਰ ਨਾਲ ਵੱਢ ਸੁੱਟਿਆ ਤਾਂ ਸ਼ਹਿਰ ਵਿੱਚ ਅਮਨ ਹੋ ਗਿਆ। 21 ੨੧ ਜਦ ਯੋਆਸ਼ ਰਾਜ ਕਰਨ ਲੱਗਾ ਤਦ ਉਹ ਸੱਤ ਸਾਲਾਂ ਦਾ ਸੀ।

< 2 ਰਾਜਿਆਂ 11 >