< 2 ਇਤਿਹਾਸ 29 >

1 ਹਿਜ਼ਕੀਯਾਹ ਪੱਚੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਅਬਿਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ 2 ਅਤੇ ਸਭ ਕੁਝ ਜੋ ਉਸ ਦੇ ਪਿਉ ਦਾਊਦ ਨੇ ਕੀਤਾ ਸੀ ਉਸ ਨੇ ਉਸੇ ਤਰ੍ਹਾਂ ਉਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ। 3 ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲਿਆ ਅਤੇ ਉਨ੍ਹਾਂ ਦੀ ਮੁਰੰਮਤ ਕੀਤੀ 4 ਉਹ ਜਾਜਕਾਂ ਅਤੇ ਲੇਵੀਆਂ ਨੂੰ ਲੈ ਆਇਆ ਅਤੇ ਉਨ੍ਹਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਿਆਂ ਕੀਤਾ 5 ਅਤੇ ਉਨ੍ਹਾਂ ਨੂੰ ਆਖਿਆ, ਹੇ ਲੇਵੀਓ, ਮੇਰੀ ਸੁਣੋ! ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਇਸ ਭਵਨ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ਼ ਨੂੰ ਕੱਢ ਕੇ ਬਾਹਰ ਲੈ ਜਾਓ 6 ਕਿਉਂ ਜੋ ਸਾਡੇ ਪੁਰਖਿਆਂ ਨੇ ਬੇਈਮਾਨੀ ਕੀਤੀ ਅਤੇ ਜੋ ਯਹੋਵਾਹ ਸਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਾ ਹੈ ਸੋ ਹੀ ਕੀਤਾ ਅਤੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ ਅਤੇ ਯਹੋਵਾਹ ਦੇ ਡੇਰੇ ਵੱਲੋਂ ਆਪਣਾ ਮੂੰਹ ਮੋੜ ਲਿਆ ਸੀ ਅਤੇ ਉਹ ਦੀ ਵੱਲ ਆਪਣੀ ਪਿੱਠ ਕਰ ਦਿੱਤੀ 7 ਉਨ੍ਹਾਂ ਨੇ ਡਿਉੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ ਉਨ੍ਹਾਂ ਨੇ ਧੂਪ ਨਹੀਂ ਧੁਖਾਈ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਹੋਮ ਦੀ ਬਲੀ ਨਹੀਂ ਚੜ੍ਹਾਈ 8 ਇਸ ਲਈ ਯਹੋਵਾਹ ਦਾ ਕਹਿਰ ਯਹੂਦਾਹ ਅਤੇ ਯਰੂਸ਼ਲਮ ਉੱਤੇ ਆ ਪਿਆ ਹੈ, ਅਤੇ ਉਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ ਅਤੇ ਉਨ੍ਹਾਂ ਨੂੰ ਹੌਲ ਅਤੇ ਹੈਰਾਨੀ ਅਤੇ ਧਿਤਕਾਰ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ 9 ਵੇਖੋ, ਇਸੇ ਕਰਕੇ ਸਾਡੇ ਪਿਉ-ਦਾਦੇ ਤਲਵਾਰ ਨਾਲ ਮਾਰੇ ਗਏ ਅਤੇ ਸਾਡੇ ਮੁੰਡੇ ਕੁੜੀਆਂ ਅਤੇ ਸਾਡੀਆਂ ਔਰਤਾਂ ਗ਼ੁਲਾਮੀ ਵਿੱਚ ਹਨ 10 ੧੦ ਹੁਣ ਮੇਰੇ ਦਿਲ ਵਿੱਚ ਹੈ ਕਿ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨਾਲ ਨੇਮ ਬੰਨ੍ਹਿਆ ਤਾਂ ਜੋ ਉਸ ਦਾ ਘੋਰ ਕਹਿਰ ਸਾਡੇ ਉੱਤੋਂ ਟਲ ਜਾਵੇ 11 ੧੧ ਹੇ ਮੇਰੇ ਪੁੱਤਰੋ, ਤੁਸੀਂ ਹੁਣ ਢਿੱਲੇ ਨਾ ਪੈਣਾ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਚੁਣ ਲਿਆ ਹੈ ਕਿ ਉਹ ਦੇ ਸਨਮੁਖ ਖੜ੍ਹੇ ਹੋਵੋ ਅਤੇ ਉਹ ਦੀ ਸੇਵਾ ਕਰੋ ਅਤੇ ਉਹ ਦੇ ਸੇਵਾਦਾਰ ਬਣੋ ਅਤੇ ਧੂਪ ਧੁਖਾਓ। 12 ੧੨ ਤਦ ਇਹ ਲੇਵੀ ਉੱਠੇ ਅਰਥਾਤ ਕਹਾਥੀਆਂ ਵਿੱਚੋਂ ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ ਅਤੇ ਮਰਾਰੀਆਂ ਵਿੱਚੋਂ ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲਏਲ ਦਾ ਪੁੱਤਰ ਅਜ਼ਰਯਾਹ ਅਤੇ ਗੇਰਸ਼ੋਨੀਆਂ ਵਿੱਚੋਂ ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਏਦਨ 13 ੧੩ ਅਤੇ ਅਲੀਸਾਫ਼ਾਨੀਆਂ ਵਿੱਚੋਂ ਸ਼ਿਮਰੀ, ਯਿਏਲ ਅਤੇ ਆਸਾਫ਼ੀਆਂ ਵਿੱਚੋਂ ਜ਼ਕਰਯਾਹ ਅਤੇ ਮੱਤਨਯਾਹ 14 ੧੪ ਅਤੇ ਹੇਮਾਨੀਆਂ ਵਿੱਚੋਂ ਯਹੀਏਲ ਅਤੇ ਸ਼ਮਈ ਅਤੇ ਯਦੂਥੂਨੀਆਂ ਵਿੱਚੋਂ ਸ਼ਮਅਯਾਹ ਅਤੇ ਉੱਜ਼ੀਏਲ 15 ੧੫ ਉਨ੍ਹਾਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕਰ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਪਾਤਸ਼ਾਹ ਦੇ ਹੁਕਮ ਨਾਲ ਜਿਹੜਾ ਯਹੋਵਾਹ ਦੇ ਵਾਕ ਅਨੁਸਾਰ ਸੀ ਯਹੋਵਾਹ ਦੇ ਭਵਨ ਨੂੰ ਸਾਫ਼ ਕਰਨ ਲਈ ਅੰਦਰ ਗਏ 16 ੧੬ ਅਤੇ ਜਾਜਕ ਯਹੋਵਾਹ ਦੇ ਭਵਨ ਨੂੰ ਸਾਫ਼ ਕਰਨ ਲਈ ਯਹੋਵਾਹ ਦੇ ਭਵਨ ਦੇ ਅੰਦਰਲੇ ਥਾਂ ਵਿੱਚ ਗਏ ਅਤੇ ਉਹ ਸਾਰੀ ਮੈਲ਼ ਕੁਚੈਲ ਜੋ ਉਨ੍ਹਾਂ ਨੂੰ ਯਹੋਵਾਹ ਦੀ ਹੈਕਲ ਵਿੱਚੋਂ ਲੱਭੀ ਬਾਹਰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਲੈ ਆਏ ਤਾਂ ਲੇਵੀਆਂ ਨੇ ਉਹ ਨੂੰ ਲੈ ਲਿਆ ਅਤੇ ਕਿਦਰੋਨ ਦੇ ਤਲਾਬ ਵਿੱਚ ਬਾਹਰ ਸੁੱਟ ਦਿੱਤਾ 17 ੧੭ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਨ੍ਹਾਂ ਨੇ ਪਵਿੱਤਰ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਉਸ ਮਹੀਨੇ ਦੇ ਅੱਠਵੇਂ ਦਿਨ ਯਹੋਵਾਹ ਦੀ ਡਿਉੜੀ ਤੱਕ ਪਹੁੰਚੇ। ਉਨ੍ਹਾਂ ਨੇ ਅੱਠਾਂ ਦਿਨਾਂ ਵਿੱਚ ਯਹੋਵਾਹ ਦੇ ਭਵਨ ਨੂੰ ਪਵਿੱਤਰ ਕਰ ਲਿਆ ਸੋ ਪਹਿਲੇ ਮਹੀਨੇ ਦੀ ਸੋਲਾਂ ਤਾਰੀਖ਼ ਨੂੰ ਉਹ ਕੰਮ ਪੂਰਾ ਹੋ ਗਿਆ 18 ੧੮ ਤਦ ਉਨ੍ਹਾਂ ਨੇ ਹਿਜ਼ਕੀਯਾਹ ਪਾਤਸ਼ਾਹ ਦੇ ਸਾਹਮਣੇ ਜਾ ਕੇ ਆਖਿਆ ਕਿ ਅਸੀਂ ਯਹੋਵਾਹ ਦੇ ਸਾਰੇ ਭਵਨ ਨੂੰ ਅਤੇ ਹੋਮ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ, ਉਸ ਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ 19 ੧੯ ਅਤੇ ਉਨ੍ਹਾਂ ਸਾਰਿਆਂ ਭਾਂਡਿਆਂ ਨੂੰ ਜਿਨ੍ਹਾਂ ਨੂੰ ਆਹਾਜ਼ ਪਾਤਸ਼ਾਹ ਨੇ ਆਪਣੇ ਰਾਜ ਵਿੱਚ ਬੇਈਮਾਨੀ ਦੇ ਕਾਰਨ ਰੱਦ ਕਰ ਛੱਡਿਆ ਸੀ ਅਸੀਂ ਪਵਿੱਤਰ ਕਰ ਦਿੱਤਾ ਅਤੇ ਵੇਖੋ, ਉਹ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਹਨ। 20 ੨੦ ਤਾਂ ਹਿਜ਼ਕੀਯਾਹ ਪਾਤਸ਼ਾਹ ਸਵੇਰੇ ਉੱਠਿਆ ਅਤੇ ਆਪਣੇ ਸ਼ਹਿਰ ਦੇ ਸਰਦਾਰਾਂ ਨੂੰ ਲੈ ਕੇ ਯਹੋਵਾਹ ਦੇ ਭਵਨ ਨੂੰ ਚੜ੍ਹ ਗਿਆ 21 ੨੧ ਤਾਂ ਉਹ ਸੱਤ ਬਲ਼ਦ, ਸੱਤ ਛੱਤਰੇ, ਸੱਤ ਭੇਡਾਂ ਅਤੇ ਸੱਤ ਬੱਕਰੇ ਰਾਜ ਦੇ ਲਈ, ਪਵਿੱਤਰ ਸਥਾਨ ਦੇ ਲਈ ਅਤੇ ਯਹੂਦਾਹ ਦੇ ਲਈ ਪਾਪ ਬਲੀ ਨੂੰ ਲੈ ਆਏ ਅਤੇ ਉਹ ਨੇ ਹਾਰੂਨ ਦੀ ਵੰਸ਼ ਦੇ ਜਾਜਕਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਯਹੋਵਾਹ ਦੀ ਜਗਵੇਦੀ ਉੱਤੇ ਬਲੀ ਲਈ ਚੜ੍ਹਾਓ 22 ੨੨ ਸੋ ਉਨ੍ਹਾਂ ਨੇ ਬਲ਼ਦਾਂ ਨੂੰ ਕੱਟ ਦਿੱਤਾ ਅਤੇ ਜਾਜਕਾਂ ਨੇ ਲਹੂ ਨੂੰ ਲੈ ਕੇ ਜਗਵੇਦੀ ਉੱਤੇ ਛਿੜਕਿਆ ਅਤੇ ਛੱਤ੍ਰਿਆਂ ਨੂੰ ਵੀ ਕੱਟਿਆ ਅਤੇ ਲਹੂ ਲੈ ਕੇ ਜਗਵੇਦੀ ਉੱਤੇ ਛਿੜਕਿਆ ਅਤੇ ਉਨ੍ਹਾਂ ਨੇ ਭੇਡਾਂ ਲੈ ਕੇ ਕੱਟੀਆਂ ਅਤੇ ਉਹਨਾਂ ਦੇ ਲਹੂ ਨੂੰ ਜਗਵੇਦੀ ਉੱਤੇ ਛਿੜਕਿਆ 23 ੨੩ ਤਾਂ ਉਹ ਬੱਕਰਿਆਂ ਨੂੰ ਪਾਤਸ਼ਾਹ ਅਤੇ ਸਭਾ ਦੇ ਨੇੜੇ ਪਾਪ ਬਲੀ ਲਈ ਲਿਆਏ ਅਤੇ ਉਨ੍ਹਾਂ ਨੇ ਆਪਣੇ ਹੱਥ ਉਹਨਾਂ ਦੇ ਉੱਤੇ ਰੱਖੇ 24 ੨੪ ਜਾਜਕਾਂ ਨੇ ਉਹਨਾਂ ਨੂੰ ਕੱਟਿਆ ਅਤੇ ਉਹਨਾਂ ਦੇ ਲਹੂ ਨੂੰ ਪਾਪ ਬਲੀ ਲਈ ਜਗਵੇਦੀ ਉੱਤੇ ਛਿੜਕਿਆ ਕਿ ਸਾਰੇ ਇਸਰਾਏਲ ਦਾ ਪ੍ਰਾਸਚਿਤ ਕੀਤਾ ਜਾਵੇ ਕਿਉਂ ਜੋ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਭੇਟ ਅਤੇ ਪਾਪ ਬਲੀ ਸਾਰੇ ਇਸਰਾਏਲ ਵੱਲੋਂ ਚੜ੍ਹਾਈ ਜਾਵੇ 25 ੨੫ ਅਤੇ ਉਸ ਨੇ ਯਹੋਵਾਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਤੇ ਬਰਬਤਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ ਅਤੇ ਪਾਤਸ਼ਾਹ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਹੋਵਾਹ ਵੱਲੋਂ ਇਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ 26 ੨੬ ਤਾਂ ਲੇਵੀ ਦਾਊਦ ਦੇ ਵਾਜਿਆਂ ਨੂੰ ਲੈ ਕੇ ਖੜ੍ਹੇ ਸਨ ਅਤੇ ਜਾਜਕ ਨਰਸਿੰਗੇ ਫੂਕਦੇ ਸਨ 27 ੨੭ ਅਤੇ ਹਿਜ਼ਕੀਯਾਹ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਦੇ ਚੜ੍ਹਾਉਣ ਦਾ ਹੁਕਮ ਦਿੱਤਾ ਅਤੇ ਜਦ ਹੋਮ ਦੀਆਂ ਬਲੀਆਂ ਦਾ ਅਰੰਭ ਹੋਇਆ ਤਾਂ ਯਹੋਵਾਹ ਦਾ ਗੀਤ ਨਰਸਿੰਗਿਆਂ ਅਤੇ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਵਾਜਿਆਂ ਨਾਲ ਸ਼ੁਰੂ ਹੋਇਆ 28 ੨੮ ਅਤੇ ਸਾਰੀ ਸਭਾ ਨੇ ਮੱਥਾ ਟੇਕਿਆ, ਤਾਂ ਗਾਉਣ ਵਾਲੇ ਗਾਉਣ ਲੱਗੇ ਅਤੇ ਨਰਸਿੰਗਿਆਂ ਵਾਲੇ ਨਰਸਿੰਗੇ ਫੂਕਣ ਲੱਗੇ। ਜਦ ਤੱਕ ਹੋਮ ਦੀ ਬਲੀ ਦਾ ਜਲਣਾ ਪੂਰਾ ਨਾ ਹੋਇਆ ਇਹ ਸਭ ਕੁਝ ਹੁੰਦਾ ਰਿਹਾ 29 ੨੯ ਜਦ ਉਹ ਹੋਮ ਦੀ ਬਲੀ ਚੜ੍ਹਾ ਚੁੱਕੇ ਤਾਂ ਪਾਤਸ਼ਾਹ ਅਤੇ ਉਹ ਦੇ ਨਾਲ ਦੇ ਸਾਰਿਆਂ ਨੇ ਝੁੱਕ ਕੇ ਮੱਥਾ ਟੇਕਿਆ 30 ੩੦ ਤਾਂ ਹਿਜ਼ਕੀਯਾਹ ਪਾਤਸ਼ਾਹ ਨੇ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਆਖਿਆ ਕਿ ਦਾਊਦ ਅਤੇ ਆਸਾਫ਼ ਗੈਬਦਾਨ ਦੇ ਵਾਕਾਂ ਵਿੱਚ ਯਹੋਵਾਹ ਦੀ ਉਸਤਤ ਗਾਓ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਉਹ ਦੀ ਉਸਤਤ ਕੀਤੀ ਅਤੇ ਉਨ੍ਹਾਂ ਨੇ ਸੀਸ ਨਿਵਾ ਕੇ ਮੱਥਾ ਟੇਕਿਆ 31 ੩੧ ਹਿਜ਼ਕੀਯਾਹ ਆਖਣ ਲੱਗਾ, ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰ ਲਿਆ ਹੈ ਸੋ ਤੁਸੀਂ ਨੇੜੇ ਆਓ ਅਤੇ ਯਹੋਵਾਹ ਦੇ ਭਵਨ ਵਿੱਚ ਬਲੀਦਾਨ ਅਤੇ ਧੰਨਵਾਦ ਦੇ ਚੜ੍ਹਾਵੇ ਲਿਆਓ। ਤਦ ਸਭਾ ਨੇ ਬਲੀਦਾਨ ਅਤੇ ਧੰਨਵਾਦ ਦੀਆਂ ਭੇਟਾਂ ਲਿਆਂਦੀਆਂ ਅਤੇ ਹਰ ਇੱਕ ਜਿਹ ਦੇ ਮਨ ਨੇ ਉਹ ਨੂੰ ਪਰੇਰਿਆ ਹੋਮ ਦੀਆਂ ਬਲੀਆਂ ਲਿਆਇਆ 32 ੩੨ ਅਤੇ ਹੋਮ ਬਲੀਆਂ ਜੋ ਸਭਾ ਲਿਆਈ ਉਹਨਾਂ ਦੀ ਗਿਣਤੀ ਇਹ ਸੀ, ਸੱਤਰ ਬਲ਼ਦ, ਇੱਕ ਸੌ ਛੱਤਰੇ ਅਤੇ ਦੋ ਸੌ ਭੇਡਾਂ, ਇਹ ਸਾਰੇ ਯਹੋਵਾਹ ਦੀ ਹੋਮ ਬਲੀ ਲਈ ਸਨ 33 ੩੩ ਅਤੇ ਪਵਿੱਤਰ ਕੀਤੇ ਹੋਏ ਇਹ ਸਨ ਅਰਥਾਤ ਛੇ ਸੌ ਬਲ਼ਦ ਅਤੇ ਤਿੰਨ ਹਜ਼ਾਰ ਭੇਡਾਂ ਬੱਕਰੀਆਂ 34 ੩੪ ਪਰ ਜਾਜਕ ਥੋੜੇ ਜਿਹੇ ਸਨ ਕਿ ਉਹ ਸਾਰੀਆਂ ਬਲੀਆਂ ਦੀ ਖੱਲ ਨਾ ਲਾਹ ਸਕੇ, ਇਸ ਲਈ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਦੇ ਨਾਲ ਮਦਦ ਕਰਾਈ ਜਦ ਤੱਕ ਉਹ ਕੰਮ ਨਾ ਮੁੱਕਿਆ ਅਤੇ ਜਦ ਤੱਕ ਦੂਜੇ ਜਾਜਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਾ ਕਰ ਲਿਆ ਕਿਉਂ ਜੋ ਲੇਵੀ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਜਾਜਕਾਂ ਨਾਲੋਂ ਸਿੱਧੇ ਦਿਲ ਦੇ ਸਨ 35 ੩੫ ਨਾਲੇ ਹੋਮ ਬਲੀਆਂ ਬਹੁਤ ਸਾਰੀਆਂ ਸਨ, ਸੁੱਖ-ਸਾਂਦ ਦੇ ਚੜ੍ਹਾਵਿਆਂ ਦੀ ਚਰਬੀ ਅਤੇ ਹੋਮ ਬਲੀਆਂ ਦੇ ਪੀਣ ਦੀਆਂ ਭੇਟਾਂ ਸਣੇ, ਸੋ ਪ੍ਰਬੰਧ ਯਹੋਵਾਹ ਦੇ ਭਵਨ ਲਈ ਠੀਕ ਹੋਇਆ 36 ੩੬ ਤਾਂ ਹਿਜ਼ਕੀਯਾਹ ਅਤੇ ਸਾਰੇ ਲੋਕ ਉਸ ਉੱਤੇ ਜੋ ਪਰਮੇਸ਼ੁਰ ਨੇ ਲੋਕਾਂ ਲਈ ਤਿਆਰ ਕੀਤਾ ਸੀ ਬਾਗ-ਬਾਗ ਹੋਏ ਕਿਉਂ ਜੋ ਇਹ ਗੱਲ ਅਚਾਨਕ ਹੋ ਗਈ ਸੀ।

< 2 ਇਤਿਹਾਸ 29 >