< 2 ਇਤਿਹਾਸ 23 >

1 ਸੱਤਵੇਂ ਸਾਲ ਯਹੋਯਾਦਾ ਨੇ ਆਪਣੇ ਆਪ ਨੂੰ ਤਕੜਾ ਕੀਤਾ ਅਤੇ ਸੈਂਕੜਿਆਂ ਦੇ ਸਰਦਾਰਾਂ ਨੂੰ ਅਰਥਾਤ ਯਰੋਹਾਮ ਦੇ ਪੁੱਤਰ ਅਜ਼ਰਯਾਹ ਤੇ ਯਹੋਹਾਨਾਨ ਦੇ ਪੁੱਤਰ ਇਸਮਾਏਲ ਤੇ ਓਬੇਦ ਦੇ ਪੁੱਤਰ ਅਜ਼ਰਯਾਹ ਤੇ ਅਦਾਯਾਹ ਦੇ ਪੁੱਤਰ ਮਅਸੇਯਾਹ ਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨੂੰ ਆਪਣੇ ਨਾਲ ਇੱਕ ਨੇਮ ਵਿੱਚ ਮਿਲਾਇਆ 2 ਉਹ ਯਹੂਦਾਹ ਵਿੱਚ ਘੁੰਮੇ ਅਤੇ ਯਹੂਦਾਹ ਦੇ ਸਾਰਿਆਂ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ ਅਤੇ ਉਹ ਯਰੂਸ਼ਲਮ ਵਿੱਚ ਆਏ 3 ਅਤੇ ਸਾਰੀ ਸਭਾ ਨੇ ਪਰਮੇਸ਼ੁਰ ਦੇ ਭਵਨ ਵਿੱਚ ਪਾਤਸ਼ਾਹ ਨਾਲ ਨੇਮ ਬੰਨਿਆ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਇਹ ਰਾਜਕੁਮਾਰ ਜਿਵੇਂ ਯਹੋਵਾਹ ਨੇ ਦਾਊਦ ਦੀ ਵੰਸ਼ ਦੇ ਵਿਖੇ ਆਖਿਆ ਹੈ ਰਾਜ ਕਰੇਗਾ 4 ਤੁਸੀਂ ਇਹ ਕੰਮ ਕਰਨਾ। ਜਾਜਕਾਂ ਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਫਾਟਕਾਂ ਦੇ ਦਰਬਾਨ ਹੋਣ 5 ਅਤੇ ਇੱਕ ਤਿਹਾਈ ਸ਼ਾਹੀ ਮਹਿਲ ਉੱਤੇ ਹੋਵੇ ਤੇ ਇੱਕ ਤਿਹਾਈ ਬੁਨਿਆਦ ਦੇ ਫਾਟਕ ਉੱਤੇ ਅਤੇ ਸਾਰੇ ਲੋਕ ਯਹੋਵਾਹ ਦੇ ਭਵਨ ਦੇ ਵੇਹੜਿਆਂ ਵਿੱਚ ਹੋਣ 6 ਪਰ ਯਹੋਵਾਹ ਦੇ ਭਵਨ ਵਿੱਚ ਬਿਨ੍ਹਾਂ ਜਾਜਕਾਂ ਦੇ ਅਤੇ ਉਨ੍ਹਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਉਹ ਪਵਿੱਤਰ ਹਨ ਪਰ ਸਾਰੇ ਲੋਕ ਜ਼ਿੰਮੇਵਾਰੀ ਨਾਲ ਯਹੋਵਾਹ ਦੇ ਭਵਨ ਦੀ ਰਾਖੀ ਕਰਨ 7 ਅਤੇ ਲੇਵੀ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਰਾਜੇ ਨੂੰ ਚੁਫ਼ੇਰਿਓਂ ਘੇਰੀਂ ਰੱਖਣ ਅਤੇ ਜੋ ਕੋਈ ਭਵਨ ਦੇ ਅੰਦਰ ਆਵੇ ਉਹ ਮਾਰਿਆ ਜਾਵੇ ਸੋ ਤੁਸੀਂ ਰਾਜੇ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ-ਨਾਲ ਰਹਿਓ 8 ਸੋ ਲੇਵੀਆਂ ਤੇ ਸਾਰੇ ਯਹੂਦੀਆਂ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਜੋ ਯਹੋਯਾਦਾ ਜਾਜਕ ਨੇ ਵਾਰੀ ਵਾਲਿਆਂ ਨੂੰ ਵਿਦਿਆ ਨਹੀਂ ਕੀਤਾ ਸੀ 9 ਅਤੇ ਯਹੋਯਾਦਾ ਜਾਜਕ ਨੇ ਦਾਊਦ ਰਾਜਾ ਦੇ ਬਰਛੇ, ਫਰੀਆਂ ਅਤੇ ਢਾਲਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਸਨ ਸੌ-ਸੌ ਦੇ ਸਰਦਾਰਾਂ ਨੂੰ ਦਿੱਤੀਆਂ, 10 ੧੦ ਤਾਂ ਉਸ ਨੇ ਸਾਰੇ ਲੋਕਾਂ ਨੂੰ ਜੋ ਆਪਣਾ-ਆਪਣਾ ਸ਼ਸਤਰ ਹੱਥ ਵਿੱਚ ਫੜੇ ਸਨ ਭਵਨ ਦੇ ਸੱਜੇ ਖੂੰਜਿਓ ਲੈ ਕੇ ਭਵਨ ਦੇ ਖੱਬੇ ਖੂੰਜੇ ਤੱਕ ਜਗਵੇਦੀ ਤੇ ਭਵਨ ਦੇ ਲਾਂਭੇ-ਲਾਂਭੇ ਪਾਤਸ਼ਾਹ ਦੇ ਚੁਫ਼ੇਰੇ ਖੜ੍ਹਾ ਕਰ ਦਿੱਤਾ 11 ੧੧ ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਤੇ ਸਾਖੀ ਨਾਮਾ ਵੀ ਦਿੱਤਾ ਸੋ ਉਨ੍ਹਾਂ ਨੇ ਉਹ ਨੂੰ ਪਾਤਸ਼ਾਹ ਬਣਾਇਆ ਅਤੇ ਯਹੋਯਾਦਾ ਅਤੇ ਉਹ ਦੇ ਪੁੱਤਰਾਂ ਨੇ ਉਹ ਨੂੰ ਮਸਹ ਕੀਤਾ ਅਤੇ ਉਨ੍ਹਾਂ ਨੇ ਆਖਿਆ, ਪਾਤਸ਼ਾਹ ਜੀਉਂਦਾ ਰਹੇ! 12 ੧੨ ਜਦ ਅਥਲਯਾਹ ਨੇ ਲੋਕਾਂ ਦਾ ਰੌਲ਼ਾ ਸੁਣਿਆ ਜੋ ਦੌੜ-ਦੌੜ ਕੇ ਪਾਤਸ਼ਾਹ ਦੀ ਉਪਮਾ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਭਵਨ ਵਿੱਚ ਲੋਕਾਂ ਦੇ ਕੋਲ ਆਈ। 13 ੧੩ ਜਦ ਨਿਗਾਹ ਕੀਤੀ ਤਾਂ ਵੇਖੋ, ਰਾਜਾ ਆਪਣੇ ਥੰਮ੍ਹ ਦੇ ਕੋਲ ਫਾਟਕ ਵੱਲ ਖੜ੍ਹਾ ਸੀ ਅਤੇ ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ ਅਤੇ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ ਅਤੇ ਗਾਉਣ ਵਾਲੇ ਵਾਜਿਆਂ ਨਾਲ ਉਪਮਾ ਕਰਨ ਵਿੱਚ ਅਗਵਾਈ ਕਰਦੇ ਸਨ ਸੋ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਅਤੇ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ! 14 ੧੪ ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਤੇ ਜੋ ਕੋਈ ਉਹ ਦੇ ਪਿੱਛੇ ਆਵੇ ਉਹ ਤਲਵਾਰ ਨਾਲ ਵੱਢਿਆ ਜਾਵੇ ਕਿਉਂ ਜੋ ਜਾਜਕ ਨੇ ਆਖਿਆ, ਉਹ ਨੂੰ ਯਹੋਵਾਹ ਦੇ ਭਵਨ ਵਿੱਚ ਨਾ ਮਾਰੋ 15 ੧੫ ਸੋ ਉਨ੍ਹਾਂ ਨੇ ਉਹ ਦੇ ਉੱਤੇ ਹੱਥ ਪਾਏ ਅਤੇ ਜਦ ਉਹ ਪਾਤਸ਼ਾਹ ਦੇ ਮਹਿਲ ਦੇ ਘੋੜਿਆਂ ਦੇ ਫਾਟਕ ਕੋਲ ਆਈ ਤਾਂ ਉਨ੍ਹਾਂ ਨੇ ਉਹ ਨੂੰ ਉੱਥੇ ਮਾਰ ਦਿੱਤਾ। 16 ੧੬ ਫੇਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਅਤੇ ਰਾਜਾ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ 17 ੧੭ ਅਤੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਤੇ ਉਸ ਨੂੰ ਢਾਹ ਦਿੱਤਾ ਅਤੇ ਉਹ ਦੀਆਂ ਜਗਵੇਦੀਆਂ ਅਤੇ ਮੂਰਤਾਂ ਨੂੰ ਪੂਰੀ ਤਰ੍ਹਾਂ ਹੀ ਚਕਨਾ-ਚੂਰ ਕਰ ਸੁੱਟਿਆ ਅਤੇ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ 18 ੧੮ ਅਤੇ ਯਹੋਯਾਦਾ ਨੇ ਯਹੋਵਾਹ ਦੇ ਭਵਨ ਦੇ ਹਾਕਮਾਂ ਨੂੰ ਜਾਜਕਾਂ ਤੇ ਲੇਵੀਆਂ ਦੇ ਹੱਥ ਹੇਠ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਉੱਤੇ ਵੰਡ ਦਿੱਤਾ ਸੀ ਥਾਪਿਆ ਕਿ ਉਹ ਯਹੋਵਾਹ ਦੀਆਂ ਹੋਮ ਬਲੀਆਂ ਅਨੰਦਤਾਈ ਤੇ ਗਾਉਣੇ ਦੇ ਨਾਲ ਦਾਊਦ ਦੇ ਹੁਕਮ ਅਨੁਸਾਰ ਚੜ੍ਹਾਉਣ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ 19 ੧੯ ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਫਾਟਕਾਂ ਉੱਤੇ ਦਰਬਾਨ ਰੱਖੇ ਤਾਂ ਜੋ ਕੋਈ ਜਣਾ ਜੋ ਕਿਸੇ ਗੱਲ ਵਿੱਚ ਅਸ਼ੁੱਧ ਹੋਵੇ ਨਾ ਵੜੇ 20 ੨੦ ਅਤੇ ਉਸ ਨੇ ਸੌ-ਸੌ ਦੇ ਸਰਦਾਰਾਂ ਅਤੇ ਸ਼ਰੀਫਾਂ ਅਤੇ ਲੋਕਾਂ ਦੇ ਹਾਕਮਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਤੇ ਪਾਤਸ਼ਾਹ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਉੱਚੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਸਿੰਘਾਸਣ ਉੱਤੇ ਬਿਰਾਜਮਾਨ ਕੀਤਾ 21 ੨੧ ਅਤੇ ਦੇਸ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਅਮਨ ਸੀ। ਸੋ ਉਨ੍ਹਾਂ ਨੇ ਅਥਲਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ।

< 2 ਇਤਿਹਾਸ 23 >